Saturday, December 17, 2011

ਆਓ! ਘਰੇਲੂ ਬਗੀਚੀ ਲਗਾਈਏ........

ਸਬਜ਼ੀਆਂ ਸਾਡੀ ਸਭ ਦੀ ਅਤੇ ਖਾਸ ਕਰਕੇ ਸ਼ਾਕਾਹਾਰੀ ਲੋਕਾਂ ਦੀ ਜਿੰਦਗੀ ਵਿੱਚ ਮਹੱਤਵਪੂਰਨ ਸਥਾਨ ਰੱਖਦੀਆਂ ਹਨ। ਸਬਜ਼ੀਆਂ ਨਾ ਸਿਰਫ ਭੋਜਨ ਦੀ ਪੌਸ਼ਟਿਕਤਾ ਨੂੰ ਵਧਾਉਂਦੀਆਂ ਹਨ ਬਲਕਿ ਸਵਾਦ ਵਿੱਚ ਵੀ ਵਾਧਾ ਕਰਦੀਆਂ ਹਨ। ਭੋਜਨ ਪੌਸ਼ਟਿਕਤਾ ਦੇ ਮਾਹਿਰਾਂ ਅਨੁਸਾਰ ਸੰਤੁਲਿਤ ਭੋਜਨ ਵਿੱਚ ਇੱਕ ਬਾਲਗ ਨੂੰ ਪ੍ਰਤੀਦਿਨ 85 ਗ੍ਰਾਮ ਫਲ ਅਤੇ 300 ਗ੍ਰਾਮ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ।   ਪਰ ਸਾਡੇ ਦੇਸ਼ ਵਿੱਚ ਸਬਜ਼ੀਆਂ ਦੇ ਵਰਤਮਾਨ ਉਤਪਾਦਨ ਪੱਧਰ ਦੇ ਅਨੁਸਾਰ ਇੱਕ ਵਿਅਕਤੀ ਨੂੰ ਖਾਣ ਲਈ ਪ੍ਰਤੀਦਿਨ ਸਿਰਫ 120 ਗ੍ਰਾਮ ਸਬਜ਼ੀਆਂ ਹੀ ਮਿਲ ਪਾਉਂਦੀਆਂ ਹਨ।
ਘਰੇਲੂ ਬਗੀਚੀ ਕੀ ਹੈ?
ਘਰ ਵਿੱਚ ਜਾਂ ਘਰ ਦੇ ਨੇੜੇ ਦੀ ਉਹ ਜਗਾ  ਜਿੱਥੇ ਸਬਜ਼ੀਆਂ, ਜੜ੍ਹੀ -ਬੂਟੀਆਂ ਅਤੇ ਕਈ ਵਾਰ ਕੁੱਝ ਫਲ ਉਗਾਏ ਜਾਂਦੇ ਹਨ।

ਘਰੇਲੂ ਬਗੀਚੀ ਦੀ ਲੋੜ ਕਿਉਂ ਹੈ?
ਸਿਹਤ ਵਰਧਕ, ਨਿਰਮਲ ਖ਼ੁਰਾਕ ਸਾਡਾ ਸਭ ਦਾ ਕੁਦਰਤੀ ਅਧਿਕਾਰ ਹੈ। ਪਰੰਤੂ ਵਰਤਮਾਨ ਸਮੇਂ ਰਸਾਇਣਕ ਖਾਦਾਂ, ਨਦੀਨਨਾਸ਼ਕ ਅਤੇ ਕੀੜੇਮਾਰ ਜ਼ਹਿਰਾਂ ਨਾਲ ਪਲੀਤ ਜਿਹੜੀ ਖ਼ੁਰਾਕ ਅਸੀਂ ਖਾ ਰਹੇ ਹਾਂ ਖਾਸ ਕਰਕੇ ਸਬਜ਼ੀਆਂ! ਉਹਦੇ ਕਾਰਨ ਸਾਡੀ ਸਿਹਤ ਦਿਨੋਂ-ਦਿਨ ਨਿੱਘਰਦੀ ਜਾ ਰਹੀ ਹੈ। ਸਾਡੀ ਰੋਗ ਪ੍ਰਤੀਰੋਧੀ ਸ਼ਕਤੀ ਦਾ ਤੇਜੀ ਨਾਲ ਪਤਨ ਹੋ ਰਿਹਾ ਹੈ। ਨਤੀਜੇ ਵਜੋਂ ਜਿੱਥੇ ਇੱਕ ਪਾਸੇ ਸਮੂਹ ਪੰਜਾਬੀ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਜਾ ਰਹੇ ਨੇ ਉੱਥੇ ਹੀ ਪ੍ਰਜਨਣ ਸਿਹਤ ਅਰਥਾਤ ਬੱਚੇ ਜਨਣ ਦੀ ਸਮਰਥਾ ਵੀ ਸਾਡੀ ਖ਼ੁਰਾਕ ਲੜੀ ਵਿੱਚ ਘੁਸਪੈਠ ਕਰ ਚੁੱਕੇ ਜ਼ਹਿਰਾਂ ਕਾਰਨ ਬੁਰੀ ਤਰਾਂ ਤਬਾਹ ਹੋ ਰਹੀ ਹੈ। ਪੰਜਾਬ ਮੰਦਬੁੱਧੀ ਅਤੇ ਜਮਾਂਦਰੂ ਅਪਾਹਜ ਬੱਚਿਆਂ ਦਾ ਸੂਬਾ ਬਣਦਾ ਜਾ ਰਿਹਾ ਹੈ। ਔਰਤਾਂ ਵਿੱਚ ਬਿਨਾਂ ਦਵਾਈਆਂ ਤੋਂ ਗਰਭ ਨਹੀਂ ਠਹਿਰਦੇ ਅਤੇ ਜੇ ਦਵਾਈਆਂ ਨਾਲ ਠਹਿਰ ਵੀ ਜਾਂਦੇ ਹਨ ਤਾਂ ਉਹ ਸਿਰੇ ਵੀ ਦਵਾਈਆਂ ਨਾਲ ਹੀ ਲੱਗਦੇ ਹਨ। ਇੱਥੇ ਹੀ ਬਸ ਨਹੀਂ  ਅੱਜ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਛਿਮਾਹੇ, ਸਤਮਾਹੇ ਤੇ ਅਠਮਾਹੇ ਬੱਚਿਆਂ ਦਾ ਜਨਮ ਹੋ ਰਿਹਾ ਹੈ। ਜਿਹਨਾਂ ਵਿੱਚੋਂ ਬਹੁਤੇ ਜਨਮ ਉਪਰੰਤ ਤੁਰੰਤ ਕਾਲ ਦਾ ਗ੍ਰਾਸ ਬਣ ਜਾਂਦੇ ਹਨ। ਇੱਥੇ ਇਹ ਜ਼ਿਕਰਯੋਗ ਹੈ ਕਿ ਅਸੀਂ ਬਜ਼ਾਰੂ ਸਬਜ਼ੀਆਂ ਰਾਹੀਂ ਸਭ ਤੋਂ ਵੱਧ ਮਾਤਰਾ ਵਿੱਚ ਜ਼ਹਿਰ ਦਾ ਸੇਵਨ ਕਰ ਰਹੇ ਹਾਂ। ਜਿਹੜਾ ਕਿ ਅੱਗੇ ਚੱਲ ਕਿ ਸਾਡੇ ਸਿਹਤ, ਸਾਡੀ ਅਤੇ ਸਾਡੇ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦਾ ਹੈ। ਇਹ ਹੀ ਕਾਰਨ ਹੈ ਕਿ ਸਾਨੂੰ ਸਭ ਨੂੰ ਆਪਣੇ ਲਈ ਸੁਰੱਖਿਅਤ ਅਤੇ ਨਿਰਮਲ ਖ਼ੁਰਾਕ ਜੁਟਾਉਣ ਵਾਸਤੇ ਘਰ-ਘਰ ਵਿੱਚ ਘਰੇਲੂ ਬਗੀਚੀਆਂ ਬਣਾਉਣ ਦੀ ਲੋੜ ਹੈ ਤੇ ਇਹ ਹੀ ਸਮੇਂ ਦੀ ਮੰਗ ਵੀ ਹੈ।
ਘਰੇਲੂ ਬਗੀਚੀ ਕਿਵੇਂ ਸ਼ੁਰੂ ਕਰੀਏ?
ਆਓ! ਘਰੇਲੂ ਬਗੀਚੀ ਬਣਾਈਏ: ਉੱਪਰ ਦਿੱਤੇ ਤੱਥਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਨੂੰ ਆਪਣੇ ਵਿਹੜੇ ਜਾਂ ਘਰ ਵਿੱਚ ਉਪਲਬਧ ਜਗਾ  ਨੂੰ ਘਰੇਲੂ ਬਗੀਚੀ ਵਜੋਂ ਵਿਕਸਤ ਕਰਕੇ ਤਾਜ਼ੇ ਪਾਣੀ ਦੇ ਨਾਲ-ਨਾਲ ਰਸੋਈ ਦੇ ਅਣਉਪਯੋਗੀ ਪਾਣੀ ਨੂੰ ਵਰਤ ਕੇ ਆਪਣੀ ਜ਼ਰੂਰਤ ਦੀਆਂ ਸਬਜ਼ੀਆਂ ਉਗਾਉਣ ਦੀ ਯੋਜਨਾ ਬਣਾਉਣੀ ਚਾਹੀਦੀ ਹੈ। ਘਰੇਲੂ ਬਗੀਚੀ ਅੱਗੇ ਚੱਲ ਕੇ ਵਾਤਾਵਰਨ ਪ੍ਰਦੂਸ਼ਣ ਦਾ ਜ਼ਰੀਆ ਬਣਨ ਵਾਲੇ ਅਣਉਪਯੋਗੀ ਪਾਣੀ ਨੂੰ ਵਰਤਣ ਦਾ ਸਹੀ ਢੰਗ ਹੋ ਸਕਦੀ ਹੈ। ਛੋਟੇ ਖੇਤਰ ਵਿੱਚ ਉਗਾਈਆਂ ਗਈਆਂ ਸਬਜ਼ੀਆਂ ਨੂੰ ਕੁੱਝ ਘਰੇਲੂ ਪਰ ਕੁਦਰਤੀ ਸਾਧਨ ਵਰਤ ਕੇ ਕੀਟਾਂ ਤੋਂ ਵੀ ਬੜੀ ਆਸਾਨੀ ਨਾਲ ਬਚਾਇਆ ਜਾ ਸਕਦਾ ਹੈ। ਸੋ ਘਰੇਲੂ ਬਾੜੀ ਸਦਕੇ ਸਾਨੂੰ ਉੱਤਮ ਦਰਜ਼ੇ ਦੀਆਂ ਜ਼ਹਿਰ ਅਤੇ ਰਸਾਇਣ ਮੁਕਤ ਸਬਜ਼ੀਆਂ ਆਸਾਨੀ ਨਾਲ ਉਪਲਭਧ ਹੋ ਸਕਦੀਆਂ ਹਨ।
ਜਗਾ  ਦੀ ਚੋਣ ਅਤੇ ਆਕਾਰ: ਘਰੇਲੂ ਬਗੀਚੀ ਲਈ ਪਿੰਡਾਂ ਵਿੱਚ ਘਰ ਦੇ ਵਿਹੜੇ ਜਾਂ ਵਾੜੇ ਨੂੰ ਚੁਣਿਆ ਜਾਂਦਾ ਹੈ। ਇਹ ਜ਼ਿਆਦਾ ਸੁਵਿਧਾਪੂਰਨ ਵੀ ਹੈ ਕਿਉਂਕਿ ਪਰਿਵਾਰ ਦੇ ਮੈਂਬਰ ਸਬਜ਼ੀਆਂ ਵੱਲ ਲੋੜੀਂਦਾ ਧਿਆਨ ਦੇ ਸਕਦੇ ਹਨ ਅਤੇ ਘਰ ਦੀ ਰਸੋਈ ਦਾ ਫਾਲਤੂ ਪਾਣੀ ਵੀ ਸਬਜ਼ੀਆਂ ਲਈ ਵਰਤਿਆ ਜਾ ਸਕਦਾ ਹੈ। ਬਗੀਚੀ ਦਾ ਆਕਾਰ ਉਪਲਬਧ ਜਗਾ ਤੇ ਅਤੇ ਪਰਿਵਾਰ ਦੇ ਮੈਂਬਰਾਂ ਦੀ ਸੰਖਿਆ ਤੇ ਨਿਰਭਰ ਕਰਦਾ ਹੈ। ਸੋ ਬਗੀਚੀ ਦੇ ਆਕਾਰ ਸੰਬੰਧੀ ਕੋਈ ਨਿਰਧਾਰਤ ਮਾਨਦੰਡ ਨਹੀਂ ਹਨ। ਫਿਰ ਵੀ ਤਿੰਨ- ਚਾਰ ਮਰਲੇ ਜਗਾ ਪੰਜ-ਛੇ ਮੈਂਬਰਾਂ ਵਾਲੇ ਪਰਿਵਾਰ ਦੀਆਂ ਸਬਜ਼ੀ ਸੰਬੰਧੀ ਲਗਪਗ ਸਾਰੀਆਂ ਜ਼ਰੂਰਤਾਂ ਪੂਰੀਆ ਕਰਨ ਲਈ ਕਾਫੀ ਹੈ।
ਜ਼ਮੀਨ ਦੀ ਤਿਆਰੀ: ਸਭ ਤੋਂ ਪਹਿਲਾਂ 30 ਤੋਂ 40 ਸੈਂਮੀਂ ਤੱਕ ਦੀ ਗੁਡਾਈ ਕਰੋ। ਰੋੜੇ, ਝਾੜੀਆਂ ਅਤੇ ਨਦੀਨ ਆਦਿ ਕੱਢ ਕੇ ਜਗਾ ਨੂੰ ਸਾਫ ਕਰੋ। ਹੁਣ ਘਰੇਲੂ ਬਗੀਚੀ ਲਈ ਚੁਣੇ ਗਏ ਥਾਂ ਨੂੰ ਨਮੀ ਦੇਣ ਲਈ ਇਸ ਵਿੱਚ ਪਾਣੀ ਭਰ ਦਿਉ। ਜਦੋਂ ਪਾਣੀ ਵੱਤਰ ਆ ਜਾਵੇ ਤਾਂ ਇੱਕ ਵਾਰ ਫਿਰ ਕਹੀ ਨਾਲ ਮਿੱਟੀ ਨੂੰ ਪਲਟ ਕੇ ਇਸ ਵਿੱਚ 100 ਕਿਲੋ ਰੂੜ੍ਹੀ ਦੀ ਖਾਦ ਜਾਂ ਗੁੜ ਜਲ ਅੰਮ੍ਰਿਤ ਕੰਪੋਸਟ ਚੰਗੀ ਤਰਾਂ ਰਲਾ ਕੇ ਜਗਾ  ਨੂੰ ਸਮਤਲ ਕਰ ਦਿਉ। ਹੁਣ ਇਸ ਪੱਧਰੀ ਜਗਾ  ਵਿੱਚ 45 ਤੋਂ 60 ਸੈਮੀਂ ਦੀ ਦੂਰੀ ਰੱਖ ਕੇ ਵੱਟਾ ਅਤੇ ਖਾਲੀਆ ਪਾਉ।
ਜਾਨਦਾਰ ਬੀਜ ਦੀ ਚੋਣ: ਘਰੇਲੂ ਬਗੀਚੀ ਵਿੱਚ ਸਬਜ਼ੀਆਂ ਆਦਿ ਦੀ ਬਿਜਾਈ ਕਰਦੇ ਸਮੇਂ ਇਸ ਗੱਲ ਦਾ ਖਾਸ ਖ਼ਿਆਲ ਰੱਖੋ ਕਿ ਬਿਜਾਈ ਲਈ ਵਰਤੇ ਜਾਣ ਵਾਲੇ ਸਾਰੇ ਜਾਨਦਾਰ ਅਤੇ ਪੋਸ਼ਣ ਤੇ ਰੋਗ ਪ੍ਰਤੀਰੋਧੀ ਤਾਕਤ ਆਦਿ ਪੱਖੋਂ ਉੱਚ ਗੁਣਵੱਤਾ ਵਾਲੇ ਹੋਣ। ਜਿੱਥੋਂ ਤੱਕ ਸੰਭਵ ਹੋਵੇ ਦੇਸੀ ਜਾਂ ਸੁਧਰੇ ਬੀਜ ਹੀ ਵਰਤੋ, ਹਾਈਬ੍ਰਿਡ ਬੀਜਾਂ ਨੂੰ ਪਹਿਲ ਨਾ ਦਿਉ। ਕਿਉਂਕਿ ਹਾਈਬ੍ਰਿਡ ਬੀਜ ਆਮ ਦੇ ਮੁਕਾਬਲੇ ਵਧੇਰੇ ਖਾਦ ਅਤੇ ਪਾਣੀ ਦੀ ਮੰਗ ਕਰਦੇ ਹਨ। ਸੋ ਬੀਜਾਂ ਦੀ ਚੋਣ ਕਰਦੇ ਸਮੇਂ ਦੇਸੀ ਜਾਂ ਸੁਧਰੇ ਬੀਜਾਂ ਨੂੰ ਪਹਿਲ ਦਿਉ ਅਤੇ ਚੁਣੇ ਹੋਏ ਬੀਜਾਂ ਵਿੱਚ ਕਮਜ਼ੋਰ ਖੋਖਲੇ ਅਤੇ ਟੁੱਟੇ-ਫੁੱਟੇ ਬੀਜਾਂ ਨੂੰ ਬਾਹਰ ਕੱਢ ਦਿਉ।
ਬੀਜ ਸੰਸਕਾਰ: ਘਰੇਲੂ ਬਗੀਚੀ ਵਿੱਚ ਬੀਜ ਸੰਸਕਾਰ ਦਾ ਖਾਸ ਮਹੱਤਵ ਹੈ। ਬੀਜ ਸੰਸਕਾਰ ਕਰਕੇ ਬੀਜਾਂ ਨੂੰ ਵਾਇਰਸ ਅਤੇ ਰੋਗ ਰਹਿਤ ਕੀਤਾ ਜਾਂਦਾ ਹੈ। ਬੀਜ ਸੰਸਕਾਰ ਕਰਨ ਲਈ ਹਿੰਗ ਮਿਲੇ ਕੱਚੇ ਦੁੱਧ ਦੀ ਵਰਤੋਂ ਕਰੋ।
ਵਿਧੀ: ਬੀਜਾਂ ਦੀ ਮਾਤਰਾ ਅਨੁਸਾਰ 100 ਤੋਂ 250 ਗ੍ਰਾਮ  ਕੱਚੇ ਦੁੱਧ ਵਿੱਚ 10-20 ਗ੍ਰਾਮ ਹਿੰਗ ਮਿਲਾ ਕੇ 10 ਮਿਨਟ ਲਈ ਰੱਖੋ। ਬੀਜ ਅੰਮ੍ਰਿਤ ਤਿਆਰ ਹੈ। ਹੁਣ ਬੀਜਾਂ ਉੱਤੇ ਇਸ ਘੋਲ ਦਾ ਛਿੜਕਾਅ ਕਰਕੇ ਹੱਥਾਂ ਨਾਲ ਪੋਲਾ-ਪੋਲਾ ਮਲਦੇ ਹੋਏ ਪਤਲਾ ਲੇਪ ਕਰ ਦਿਉ। ਬੀਜ ਅੰਮ੍ਰਿਤ ਦਾ ਲੇਪ ਚੜੇ ਹੋਏ ਬੀਜਾਂ ਨੂੰ ਛਾਂਵੇਂ ਸੁਕਾ ਕੇ ਬਿਜਾਈ ਕਰ ਦਿਉ। ਇਸ ਮਿਸ਼ਰਣ ਨਾਲ ਸੋਧ ਕੇ ਬੀਜੇ ਗਏ ਬੀਜਾਂ ਤੋਂ ਉੱਗੇ ਪੌਦਿਆਂ ਨੂੰ ਸਿਉਂਕ ਨਹੀਂ ਲੱਗੇਗੀ ਅਤੇ ਜੜ੍ਹਾਂ ਨੂੰ ਹਾਨੀ ਪਹੁੰਚਾਉਣ ਵਾਲੀਆਂ ਉੱਲੀਆਂ ਤੋਂ ਬਚਾਅ ਹੁੰਦਾ ਹੈ। 

ਕੁੱਝ ਹਿਦਾਇਤਾਂ
 ਕੋਸ਼ਿਸ਼ ਕਰੋ ਕਿ ਜਗਾ ਅਜਿਹੀ ਚੁਣੋ ਜਿੱਥੇ ਤੁਸੀ ਰੋਜ਼ਾਨਾ ਜਾ ਕੇ ਪੌਦਿਆਂ ਨੂੰ ਪਾਣੀ ਅਤੇ ਹੋਰ ਲੋੜੀਂਦੀ ਦੇਖਭਾਲ ਜਿਵੇਂ ਨਦੀਨ ਕੱਢਣਾ, ਫਲ ਤੋੜਨਾ ਆਦਿ ਸਮੇਂ ਸਿਰ ਕਰ ਸਕੋ। ਰੋਜ਼ਾਨਾ ਬਗੀਚੀ ਵਿੱਚ ਜਾਣ ਕਰਕੇ ਤੁਸੀ ਠੀਕ ਸਮੇਂ ਤੇ ਕੀੜਿਆਂ ਦੀ ਸਮੱਸਿਆ ਦਾ ਪਤਾ ਲਗਾ ਕੇ ਉਸਨੂੰ ਸਮੇਂ ਸਿਰ ਕਾਬੂ ਕਰ ਸਕਦੇ ਹੋ। ਪਾਣੀ ਦਾ ਪ੍ਰਬੰਧ ਜਗਾ ਦੇ ਨੇੜੇ ਹੀ ਹੋਵੇ ਤਾਂ ਜ਼ਿਆਦਾ ਵਧੀਆ ਰਹਿੰਦਾ ਹੈ।
 ਬਗੀਚੀ ਲਾਉਣ ਵਾਲੀ ਥਾਂ ਤੋ ਪੱਥਰ, ਘਾਹ-ਫੂਸ ਆਦਿ ਕੱਢ ਕੇ ਪੱਧਰ ਜਗਾ ਤਿਆਰ ਕਰੋ ਜਿੱਥੇ ਲਗਭਗ ਸਾਰਾ ਦਿਨ ਧੁੱਪ ਅਤੇ ਹਵਾ ਦਾ ਪ੍ਰਸਾਰ ਰਹੇ। ਉਸਤੋਂ ਬਾਅਦ ਮਿੱਟੀ ਵਿੱਚ ਰੂੜ੍ਹੀ ਦੀ ਖਾਦ ਚੰਗੀ ਤਰਾਂ ਮਿਲਾ ਲਉ।
 ਉਹਨਾਂ ਸਬਜ਼ੀਆਂ ਨੂੰ ਉਗਾਉ ਜੋ ਤੁਹਾਨੂੰ ਪਸੰਦ ਹਨ ਅਤੇ ਸਿਹਤ ਲਈ ਚੰਗੀਆਂ ਹਨ। ਉਹਨਾਂ ਸਬਜ਼ੀਆਂ ਨੂੰ ਪਹਿਲ ਦਿਉ ਜੋ ਤਾਜ਼ੀਆਂ ਖਾਣ ਤੇ ਵਧੀਆ ਸੁਆਦ ਦਿੰਦੀਆ ਹਨ ਜਿਵੇਂ ਮੱਕੀ, ਫਲੀਆਂ ਅਤੇ ਮਟਰ, ਟਮਾਟਰ ਅਤੇ ਪਾਲਕ ਆਦਿ।
 ਉਪਲਬਧ  ਜਗਾ ਦੇ ਅਨੁਸਾਰ ਹੀ ਪੌਦੇ ਲਗਾਉ। ਜਿਵੇਂ ਟਮਾਟਰਾਂ ਦੇ ਲਈ ਘੱਟੋ-ਘੱਟ 2 ਫੁੱਟ, ਕੱਦੂਆਂ ਲਈ 4 ਫੁੱਟ ਦੀ ਜਗਾ ਚਾਹੀਦੀ ਹੈ।
 ਜੇਕਰ ਤੁਹਾਡੇ ਕੋਲ ਘੱਟ ਜਗਾ ਹੈ ਤਾਂ ਇਹੋ ਜਿਹੀਆਂ ਸਬੁਜ਼ੀਆਂ ਦੀ ਚੋਣ ਕਰੋ ਜੋ ਘੱਟ ਥਾਂ ਘੇਰਨ।
 ਮੌਸਮ ਦੇ ਅਨੁਸਾਰ ਸਬਜ਼ੀਆਂ ਦੀ ਸੂਚੀ ਬਣਾਉ।
 ਕੁੱਝ ਸਬਜ਼ੀਆਂ ਦੀ ਬਿਜਾਈ ਸਿੱਧੀ ਕਰਨ ਤੇ ਵਧੀਆਂ ਉੱਗਦੀਆਂ ਹਨ ਜਿਵੇਂ ਫਲੀਆਂ, ਚੁਕੰਦਰ, ਗਾਜਰਾਂ, ਸਲਾਦ, ਮਟਰ, ਕੱਦੂ ਅਤੇ ਸ਼ਲਗਮ।  ਨਾਲ ਹੀ ਪਨੀਰੀ ਲਗਾਉਣ ਨਾਲੋਂ ਸਿੱਧਾ ਬੀਜਣਾ ਸਸਤਾ ਪੈਂਦਾ ਹੈ।
 ਬੈਂਗਣ, ਬ੍ਰੋਕਲੀ, ਸ਼ਿਮਲਾ ਮਿਰਚ, ਟਮਾਟਰ, ਬੰਦ ਗੋਭੀ ਅਤੇ ਫੁੱਲ ਗੋਭੀ ਆਦਿ ਦੀ ਪਨੀਰੀ ਤਿਆਰ ਕਰਕੇ ਲਗਾਉਣੀ ਚਾਹੀਦੀ ਹੈ। ਖੀਰੇ ਆਦਿ ਨੂੰ ਸਿੱਧਾ ਜਾਂ ਪਨੀਰੀ ਤਿਆਰ ਕਰਕੇ ਬੀਜਿਆ ਜਾ ਸਕਦਾ ਹੈ।
 ਜੇਕਰ ਤੁਸੀ ਪਹਿਲਾਂ ਹੀ ਸਬਜ਼ੀਆਂ ਉਗਾ ਰਹੇ ਹੋ ਤਾਂ ਕੁੱਝ ਜੜ੍ਹੀ -ਬੂਟੀਆ, ਫਲ ਅਤੇ ਫੁੱਲ ਲਗਾਉਣ ਬਾਰੇ ਸੋਚ ਸਕਦੇ ਹੋ। ਇਸ ਨਾਲ ਨਾ ਸਿਰਫ ਤੁਹਾਨੂੰ ਫਾਇਦਾ ਹੋਵੇਗਾ ਬਲਕਿ ਤੁਹਾਡੇ ਪੌਦਿਆਂ ਨੂੰ ਵੀ ਕੀੜਿਆਂ ਅਤੇ ਰੋਗਾਂ ਤੇ ਕਾਬੂ ਪਾਉਣ ਵਿੱਚ ਮੱਦਦ ਮਿਲੇਗੀ।
ਜਗਾ  ਕਿਵੇਂ ਤਿਆਰ ਕੀਤੀ ਜਾਵੇ?
 ਜਿੱਥੇ ਬਗੀਚੀ ਤਿਆਰ ਕਰਨੀ ਹੈ, ਉਹ ਪਹਿਲਾਂ ਘਾਹ-ਫੂਸ ਸਾਫ ਕਰਕੇ, ਰੋੜੇ ਆਦਿ ਕੱਢ ਕੇ ਪੱਧਰ ਕਰ ਲਉ।
 ਬਗੀਚੀ ਵਾਲੀ ਥਾਂ ਤੇ ਪਾਣੀ ਛੱਡ ਦਿਉ। 2 ਦਿਨ ਏਸੇ ਤਰਾਂ ਪਿਆ ਰਹਿਣ ਦਿਉ। 2 ਦਿਨ ਬਾਅਦ ਮਿੱਟੀ ਚੈੱਕ ਕਰੋ ਅਤੇ ਯਕੀਨੀ ਬਣਾਉ ਕਿ ਇਹ ਜ਼ਿਆਦਾ ਗਿੱਲੀ ਨਾ ਹੋਵੇ। ਇੱਕ ਮੁੱਠੀ ਮਿੱਟੀ ਲਉ ਅਤੇ ਇਸਨੂੰ ਦਬਾਉ। ਜੇਕਰ ਇਹ ਭੁਰਭੁਰੀ ਹੈ ਤਾਂ ਮਿੱਟੀ ਬਿਜਾਈ ਲਈ ਤਿਆਰ ਹੈ, ਜੇਕਰ ਇਹ ਚਿਪਚਿਪੀ ਹੈ ਤਾਂ ਇੱਕ ਜਾਂ 2 ਦਿਨ ਹੋਰ ਉਡੀਕ ਕਰੋ।
 ਗੁਡਾਈ ਕਰੋ ਅਤੇ ਮਿੱਟੀ ਵਿੱਚ ਤਿੰਨ ਇੰਚ ਤੱਕ ਰੂੜ੍ਹੀ ਦੀ ਖਾਦ ਜਾਂ ਕੰਪੋਸਟ ਮਿਲਾਉ। ਕਹੀ ਨਾਲ ਮਿਕਸ ਕਰੋ।
 ਤਿੰਨ ਫੁੱਟ ਚੌੜੇ ਬੈੱਡ ਬਣਾਉ। ਦੋ ਬੈੱਡਾਂ ਵਿਚਕਾਰ ਥੋੜ੍ਹਾ ਰਸਤਾ ਛੱਡੋ।
 ਪਹਿਲੇ ਕੁੱਝ ਹਫ਼ਤਿਆਂ ਤੱਕ, ਜਦ ਪੌਦੇ ਵਿਕਸਿਤ ਹੋ ਰਹੇ ਹੁੰਦੇ ਹਨ, ਰੋਜ਼ ਪਾਣੀ ਦਿਉ। ਬਾਅਦ ਵਿੱਚ ਹਫ਼ਤੇ ਵਿੱਚ ਸਿਰਫ਼ ਦੋ ਵਾਰ ਪਾਣੀ ਦਿਉ।
 ਜ਼ਮੀਨ ਨੂੰ ਜ਼ਰੂਰ ਢਕ ਕੇ ਰੱਖੋ।
 ਬਿਜਾਈ ਲਈ ਸ਼ਾਮ ਦਾ ਸਮਾਂ ਵਧੀਆ ਮੰਨਿਆ ਜਾਂਦਾ ਹੈ।
 ਕਿਉਕਿ ਸਾਡੇ ਕੋਲ ਜਗਾ ਸੀਮਿਤ ਹੁੰਦੀ ਹੈ ਇਸਲਈ ਸਾਨੂੰ ਉਹ ਚੀਜ਼ਾਂ ਉਗਾਉਣੀਆ ਚਾਹੀਦੀਆਂ ਹਨ ਜੋ ਲਗਭਗ ਰੋਜ ਵਰਤੋ ਵਿੱਚ ਆਉਂਦੀਆਂ ਹੋਣ ਜਿਵੇਂ ਟਮਾਟਰ ਅਤੇ ਮਿਰਚਾਂ ਅਤੇ ਬਜ਼ਾਰ ਤੋ ਖਰੀਦਣੀਆਂ ਮਹਿੰਗੀਆਂ ਪੈਂਦੀਆ ਹੋਣ।
 ਲੰਬੇ ਪੌਦੇ ਬਾਹਰ ਵੱਲ ਲਗਾਉਣੇ ਚਾਹੀਦੇ ਹਨ ਤਾਂਕਿ ਉਹ ਛੋਟੇ ਪੌਦਿਟਾ ਉੱਪਰ ਛਾਂ ਨਾ ਕਰਨ।
 ਇੱਕ ਪਾਸੇ ਗੇਂਦੇ ਦੇ ਪੌਦੇ ਜ਼ਰੂਰ ਲਗਾਉ ਤਾਂਕਿ ਕੀੜਿਆਂ ਨੂੰ ਕੰਟਰੋਲ ਕੀਤਾ ਜਾ ਸਕੇ।
 ਸਬਜ਼ੀਆਂ ਦੀ ਜਗਾ ਬਦਲ-ਬਦਲ ਲਾਉ ਤਾਂਕਿ ਮਿੱਟੀ ਚੋਂ ਪੈਦਾ ਹੋਣ ਵਾਲੇ ਰੋਗਾਂ ਨੂੰ ਰੋਕਿਆ ਜਾ ਸਕੇ।

ਬਗੀਚੀ ਲਈ ਸਬਜ਼ੀਆਂ ਦੀ ਚੋਣ
ਆਪਣੇ ਸਮੇਂ, ਪਸੰਦ ਅਤੇ ਜਗਾ ਦੀ ਉਪਲਬਧਤਾ ਦੇ ਹਿਸਾਬ ਨਾਲ ਬਗੀਚੀ ਵਿੱਚ ਕਈ ਪ੍ਰਕਾਰ ਦੀਆਂ ਸਬਜ਼ੀਆਂ ਉਗਾਈਆ ਜਾ ਸਕਦੀਆ ਹਨ।

ਜਨਵਰੀ ਮਹੀਨੇ ਵਿੱਚ ਲਗਾਈਆ ਜਾਣ ਵਾਲੀਆਂ ਸਬਜ਼ੀਆਂ - ਸ਼ਿਮਲਾ ਮਿਰਚ
ਫਰਵਰੀ ਮਹੀਨੇ ਵਿੱਚ ਲਗਾਈਆ ਜਾਣ ਵਾਲੀਆਂ ਸਬਜ਼ੀਆਂ - ਕਰੇਲਾ,ਚੱਪਣ ਕੱਦੂ, ਖਰਬੂਜਾ, ਟਿੰਡੋ, ਖੀਰਾ,ਹਲਵਾ ਕੱਦੂ,ਘੀਆ ਤੋਰੀ,ਭਿੰਡੀ,ਟਮਾਟਰ,ਰਵਾਂਹ, ਗੋਲ ਬੈਂਗਣ, ਫੈਂਚ ਬੀਨ,ਤਰਬੂਜ਼,ਅਰਬੀ
ਮਾਰਚ ਮਹੀਨੇ ਵਿੱਚ ਲਗਾਈਆ ਜਾਣ ਵਾਲੀਆਂ ਸਬਜ਼ੀਆਂ - ਮਿਰਚ,
ਜੂਨ ਮਹੀਨੇ ਵਿੱਚ ਲਗਾਈਆ ਜਾਣ ਵਾਲੀਆਂ ਸਬਜ਼ੀਆਂ - ਲੰਮੇ ਬੈਂਗਣ, ਮੂਲੀ, ਫੁੱਲ ਗੋਭੀ, ਛੋਟੇ ਬੈਂਗਣ,
ਅਗਸਤ ਮਹੀਨੇ ਵਿੱਚ ਲਗਾਈਆ ਜਾਣ ਵਾਲੀਆਂ ਸਬਜ਼ੀਆਂ - ਪਿਆਜ਼,ਧਨੀਆ
ਸਤੰਬਰ ਮਹੀਨੇ ਵਿੱਚ ਲਗਾਈਆ ਜਾਣ ਵਾਲੀਆਂ ਸਬਜ਼ੀਆਂ - ਸ਼ਲਗਮ, ਗਾਜਰ, ਬੰਦ ਗੋਭੀ, ਲਹੁਸਣ, ਪਾਲਕ
ਅਕਤੂਬਰ ਮਹੀਨੇ ਵਿੱਚ ਲਗਾਈਆ ਜਾਣ ਵਾਲੀਆਂ ਸਬਜ਼ੀਆਂ- ਮਟਰ, ਆਲੂ, ਮਿੱਠੀ ਫਲੀ, ਸਰੋਂ
ਸਾਉਣੀ ਦੀਆਂ ਦਾਲਾਂ - ਮੂੰਗੀ ਅਤੇ ਮਾਂਹ
ਹਾੜ੍ਹੀ ਦੀਆਂ ਦਾਲਾਂ - ਛੋਲੇ ਅਤੇ ਮਸਰ

ਬਗੀਚੀ ਵਿੱਚ ਸਹਾਇਕ ਪੌਦਿਆਂ ਨੂੰ ਲਗਾਉਣਾ
ਸਿਹਤਮੰਦ ਪੌਦਿਆ ਲਈ ਅਤੇ ਉਹਨਾਂ ਨੂੰ ਰੋਗਾਂ ਅਤੇ ਕੀੜਿਆਂ ਤੋ ਬਚਾਉਣ ਲਈ ਸਹਾਇਕ ਪੌਦਿਆਂ ਨੂੰ ਬਗੀਚੀ ਵਿੱਚ ਜ਼ਰੂਰ ਲਗਾਉਣਾ ਚਾਹੀਦਾ ਹੈ।ਜੜ੍ਹੀ -ਬੂਟੀਆਂ ਲਗਾਉਣ ਨਾਲ ਨਾ ਸਿਰਫ ਕੀੜੇ ਕੰਟਰੋਲ ਹੋਣਗੇ ਬਲਕਿ ਸਾਨੂੰ ਵੀ ਰੋਜ਼ਾਨਾ ਜੀਵਨ ਵਿੱਚ ਕੰਮ ਆਉਣ ਵਾਲੀਆਂ ਜੜ੍ਹੀ -ਬੂਟੀਆਂ ਉਪਲਬਧ ਰਹਿਣਗੀਆਂ। ਹੇਠਾਂ ਕੁੱਝ ਜੜ੍ਹੀ -ਬੂਟੀਆਂ ਬਾਰੇ ਦੱਸਿਆ ਜਾ ਰਿਹਾ ਹੈ ਜੋ ਬਗੀਚੀ ਵਿੱਚ ਲਗਾਈਆ ਜਾ ਸਕਦੀਆ ਹਨ।
ਤੁਲਸੀ - ਟਮਾਟਰ ਦਾ ਸਵਾਦ ਵਧਾਉਦੀ ਹੈ ਅਤੇ ਨਾਲ ਹੀ ਉਸਨੂੰ ਰੋਗਾਂ ਅਤੇ ਕੀੜਿਆਂ ਤੋਂ ਬਚਾਉਦੀ ਹੈ।
ਲਹੁਸਣ - ਚੇਪੇ ਨੂੰ ਕਾਬੂ ਕਰਦੀ ਹੈ ਅਤੇ ਟਮਾਟਰ ਦੀਆਂ ਸੁੰਡੀਆਂ ਨੂੰ ਵੀ ਕੰਟਰੋਲ ਕਰਨ ਵਿੱਚ ਮੱਦਦ ਕਰਦੀ ਹੈ।
ਅਜਵਾਇਣ - ਬੰਦ ਗੋਭੀ ਦੇ ਨੇੜੇ ਬੀਜਣ ਤੇ ਇਹ ਬੰਦ ਗੋਭੀ ਨੂੰ ਚਿੱਟੀ ਮੱਖੀ ਅਤੇ ਬੰਦ ਗੋਭੀ ਦੇ ਕੀੜੇ ਤੋ ਬਚਾਉਂਦੀ ਹੈ। ਅਜਵਾਇਣ ਮਧੂ ਮੱਖੀਆਂ ਨੂੰ ਟਮਾਟਰ, ਆਲੂ ਅਤੇ ਬੈਂਗਣ ਵੱਲ ਆਕਰਸ਼ਿਤ ਕਰਦੀ ਹੈ ਜਿਸ ਨਾਲ ਪਰਾਗਣ ਵਿੱਚ ਮੱਦਦ ਮਿਲਦੀ ਹੈ।
ਗੇਂਦਾਂ - ਜੜ ਵਿੱਚੋ ਇੱਕ ਤਰਲ ਛੱਡਦਾ ਹੈ ਜਿਸ ਨਾਲ ਜੜ੍ਹਾਂ  ਨੂੰ ਖਾਣ ਵਾਲੇ ਕੀੜੇ ਖਤਮ ਹੁੰਦੇ ਹਨ।

ਸ਼ਹਿਰਾਂ ਵਿੱਚ ਛੱਤ ਉੱਪਰ ਬਗੀਚੀ ਬੁਣਾਉਣਾ

ਜੇਕਰ ਤੁਹਾਡੇ ਕੋਲ ਕੰਪੋਸਟ ਦੀ ਚੰਗੀ ਪੂਰਤੀ ਹੈ ਤਾਂ ਤੁਹਾਡੇ ਲਈ ਆਪਣੀ ਛੱਤ 'ਤੇ ਬਗੀਚੀ ਬਣਾਉਣਾ ਬਹੁਤ ਆਸਾਨ ਹੈ। ਕੰਪੋਸਟ ਬਹੁਤ ਹੀ ਉੱਤਮ ਹੈ ਕਿਉਂਕਿ ਇਹ ਭਾਰ ਵਿੱਚ ਵੀ ਹਲਕੀ ਹੁੰਦੀ ਹੈ ਅਤੇ ਤੱਤਾਂ ਨਾਲ ਭਰਪੂਰ ਹੁੰਦੀ ਹੈ।
ਜੇਕਰ ਤੁਹਾਡੇ ਕੋਲ ਪਲਾਸਟਿਕ ਸ਼ੀਟ ਹੈ ਤਾਂ ਉਸਨੂੰ ਛੱਤ 'ਤੇ ਵਿਛਾ ਕੇ ਉਸ ਉੱਪਰ ਮਿੱਟੀ ਵਿਛਾ ਸਕਦੇ ਹੋ। ਇਹ ਪਾਣੀ ਨੂੰ ਛੱਤ ਵਿੱਚ ਸਿੰਮਣ ਤੋ ਬਚਾਏਗੀ।
ਜਿਸ ਤਰਾਂ ਆਮ ਗਾਰਡਨ ਵਿੱਚ ਸਬਜ਼ੀਆਂ ਲਈ ਬੈੱਡ ਬਣਾਉਂਦੇ ਹਾਂ, ਉਸੇ ਤਰਾਂ ਬੈੱਡ ਬਣਾਉ। ਇਹ ਕਿਸੇ ਵੀ ਆਕਾਰ ਅਤੇ ਲੰਬਾਈ ਦਾ ਬਣਾਇਆ ਜਾ ਸਕਦਾ ਹੈ।  ਇਸਨੂੰ ਆਇਤਾਕਾਰ ਬਣਾਉਣ ਦੀ ਜ਼ਰੂਰਤ ਨਹੀ ਹੈ। ਇਸਨੂੰ ਆਪਣੀ ਛੱਤ ਦੇ ਆਕਾਰ ਨੂੰ ਧਿਆਨ ਵਿੱਚ ਰੱਖ ਕੇ ਬਣਾਉ। ਇੱਕ ਕੋਨੇ ਵਿੱਚ ਵੀ ਬਣਾਇਆ ਜਾ ਸਕਦਾ ਹੈ। ਹਰ ਬੈੱਡ ਘੱਟੋ-ਘੱਟ ਡੇਢ ਮੀਟਰ ਦਾ ਹੋਣਾ ਚਾਹੀਦਾ ਹੈ। ਹਰ ਦੋ ਤੋਂ ਤਿੰਨ ਮੀਟਰ ਬਾਅਦ ਥੋੜ੍ਹਾ ਜਿਹਾ ਰਸਤਾ ਛੱਡੋ ਤਾਂਕਿ ਤੁਸੀ ਬਗੀਚੀ ਦੇ ਵਿਚਕਾਰ ਤੱਕ ਪਹੁੰਚ ਸਕੋ। ਖਾਲੀ ਥਾਂ ਦੀ ਵਧੀਆ ਵਰਤੋਂ ਕਰਨ ਦੀ ਕੋਸ਼ਿਸ਼ ਕਰੋ। ਤੁਸੀਂ 8 ਤੋਂ 20 ਸੈਂਮੀ ਤੱਕ ਗਹਿਰੀ ਜੜ੍ਹ ਵਾਲੇ ਪੌਦੇ ਬੈੱਡਾਂ ਉੱਪਰ ਲਗਾ ਸਕਦੇ ਹੋ।
ਤੁਸੀਂ ਕਈ ਪ੍ਰਕਾਰ ਦੀਆਂ ਸਬਜ਼ੀਆਂ ਛੱਤ ਉੱਪਰ ਉਗਾ ਸਕਦੇ ਹੋ। ਜੜ੍ਹ  ਵਾਲੀਆਂ ਸਬਜ਼ੀਆਂ  ਅਤੇ ਕੱਦੂ ਆਦਿ  ਉਗਾਉਣ ਲਈ ਜ਼ਿਆਦਾ ਗਹਿਰੇ ਬੈੱਡ ਬਣਾਉਣ ਦੀ ਜ਼ਰੂਰਤ ਪਵੇਗੀ।  ਨਹੀਂ ਤਾਂ ਇਹਨਾਂ ਨੂੰ ਚੌੜੇ ਗਮਲਿਆਂ ਵਿੱਚ ਜਾਂ ਬੋਰਿਆਂ ਵਿੱਚ ਮਿੱਟੀ ਪਾ ਕੇ ਉਗਾਏ ਜਾ ਸਕਦੇ ਹਨ। ਤੁਹਾਨੂੰ ਇਹਨਾਂ ਨੂੰ ਰੋਜ਼ਾਨਾ ਪਾਣੀ ਦਿੰਦੇ ਰਹਿਣਾ ਹੋਵੇਗਾ। ਸਮੇਂ-ਸਮੇਂ ਸਿਰ ਅਤੇ ਜਦ ਤੁਸੀਂ ਜ਼ਰੂਰਤ ਸਮਝੋ  ਕੰਪੋਸਟ ਖਾਦ ਮਿਲਾਉਂਦੇ ਰਹੋ।
ਜੇਕਰ ਤੁਹਾਡੇ ਕੋਲ ਕੰਪੋਸਟ ਨਹੀਂ ਹੈ ਤਾਂ ਤੁਸੀ ਸਬਜ਼ੀਆਂ ਦਾ ਕਚਰਾ, ਘਾਹ-ਫੂਸ ਅਤੇ ਨਦੀਨਾਂ ਆਦਿ ਨੂੰ ਖਾਦ ਬਣਾਉਣ ਲਈ ਵਰਤ ਸਕਦੇ ਹੋ।
ਛੱਤ ਉੱਪਰ ਸਬਜ਼ੀਆਂ ਉਗਾਉਣ ਵਿੱਚ ਅਕਸਰ ਤੇਜ਼ ਹਵਾਵਾਂ ਅਤੇ ਤੇਜ਼ ਧੁੱਪ ਕਰਕੇ ਥੋੜ੍ਹੀ ਦਿੱਕਤ ਆਉਦੀ ਹੈ ਜਿਸਦੇ ਹੱਲ ਲਈ ਆਸੇ-ਪਾਸੇ ਜਾਲੀ ਲਗਾਈ ਜਾ ਸਕਦੀ ਹੈ। ਇਹ ਜਾਲੀ ਦੋ ਤਰਾਂ  ਨਾਲ ਕੰਮ ਕਰੇਗੀ - ਪਹਿਲਾਂ, ਇਹ ਤੇਜ਼ ਹਵਾਵਾਂ ਨੂੰ ਰੋਕੇਗੀ, ਦੂਸਰਾ ਵੇਲ ਵਾਲੀਆਂ ਸਬਜ਼ੀਆਂ ਨੂੰ ਇਹਨਾਂ ਦਾ ਸਹਾਰਾ ਦਿੱਤਾ ਜਾ ਸਕਦਾ ਹੈ ਅਤੇ ਇਹਨਾਂ ਨੂੰ ਇੱਕ ਛੱਤ ਵਾਂਗ ਬਣਾਇਆ ਜਾ ਸਕਦਾ ਹੈ। ਇਸ ਨਾਲ ਹੇਠਾਂ ਵਾਲੀਆਂ ਸਬਜ਼ੀਆਂ ਨੂੰ ਛਾਂ ਵੀ ਮਿਲ ਜਾਵੇਗੀ।
ਸਬਜ਼ੀਆਂ ਲਗਾਉਣ ਲਈ ਟਿਨ ਦੇ ਡੱਬਿਆਂ ਦਾ, ਵੱਡੇ ਕੰਟੇਨਰਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
ਕਈ ਘਰ ਮਿਲ ਕੇ ਘਰ ਦੇ ਕੋਲ ਜਾਂ ਨੇੜੇ ਦੇ ਪਾਰਕ ਵਿੱਚ ਖਾਲੀ ਪਈ ਜਗਾ ਵਿੱਚ ਸਬਜ਼ੀਆਂ ਉਗਾ ਸਕਦੇ ਹਨ। ਇਸ ਤਰਾਂ  ਕਰਨ ਨਾਲ ਜਗਾ ਦਾ ਉੱਤਮ ਉਪਯੋਗ ਕੀਤਾ ਜਾ ਸਕਦਾ ਹੈ।
ਬਗੀਚੀ ਵਿੱਚ ਸਹਾਇਕ ਪੌਦਿਆਂ ਨੂੰ ਲਗਾਉਣਾ
ਸਿਹਤਮੰਦ ਪੌਦਿਆ ਲਈ ਅਤੇ ਉਹਨਾਂ ਨੂੰ ਰੋਗਾਂ ਅਤੇ ਕੀੜਿਆਂ ਤੋ ਬਚਾਉਣ ਲਈ ਸਹਾਇਕ ਪੌਦਿਆਂ ਨੂੰ ਬਗੀਚੀ ਵਿੱਚ ਜ਼ਰੂਰ ਲਗਾਉਣਾ ਚਾਹੀਦਾ ਹੈ। ਜੜ੍ਹੀ -ਬੂਟੀਆਂ ਲਗਾਉਣ ਨਾਲ ਨਾ ਸਿਰਫ ਕੀੜੇ ਕੰਟਰੋਲ ਹੋਣਗੇ ਬਲਕਿ ਸਾਨੂੰ ਵੀ ਰੋਜ਼ਾਨਾ ਜੀਵਨ ਵਿੱਚ ਕੰਮ ਆਉਣ ਵਾਲੀਆਂ ਜੜ੍ਹੀ -ਬੂਟੀਆਂ ਉਪਲਬਧ ਰਹਿਣਗੀਆਂ। ਹੇਠਾਂ ਕੁੱਝ ਜੜ੍ਹੀ -ਬੂਟੀਆਂ ਬਾਰੇ ਦੱਸਿਆ ਜਾ ਰਿਹਾ ਹੈ ਜੋ ਬਗੀਚੀ ਵਿੱਚ ਲਗਾਈਆ ਜਾ ਸਕਦੀਆ ਹਨ।
ਤੁਲਸੀ - ਟਮਾਟਰ ਦਾ ਸਵਾਦ ਵਧਾਉਦੀ ਹੈ ਅਤੇ ਨਾਲ ਹੀ ਉਸਨੂੰ ਰੋਗਾਂ ਅਤੇ ਕੀੜਿਆਂ ਤੋਂ ਬਚਾਉਦੀ ਹੈ।
ਲਹੁਸਣ - ਚੇਪੇ ਨੂੰ ਕਾਬੂ ਕਰਦੀ ਹੈ ਅਤੇ ਟਮਾਟਰ ਦੀਆਂ ਸੁੰਡੀਆਂ ਨੂੰ ਵੀ ਕੰਟਰੋਲ ਕਰਨ ਵਿੱਚ ਮੱਦਦ ਕਰਦੀ ਹੈ।
ਅਜਵਾਇਣ - ਬੰਦ ਗੋਭੀ ਦੇ ਨੇੜੇ ਬੀਜਣ ਤੇ ਇਹ ਬੰਦ ਗੋਭੀ ਨੂੰ ਚਿੱਟੀ ਮੱਖੀ ਅਤੇ ਬੰਦ ਗੋਭੀ ਦੇ ਕੀੜੇ ਤੋ ਬਚਾਉਂਦੀ ਹੈ। ਅਜਵਾਇਣ ਮਧੂ ਮੱਖੀਆਂ ਨੂੰ ਟਮਾਟਰ, ਆਲੂ ਅਤੇ ਬੈਂਗਣ ਵੱਲ ਆਕਰਸ਼ਿਤ ਕਰਦੀ ਹੈ ਜਿਸ ਨਾਲ ਪਰਾਗਣ ਵਿੱਚ ਮੱਦਦ ਮਿਲਦੀ ਹੈ।
ਗੇਂਦਾਂ - ਜੜ੍ਹ  ਵਿੱਚੋ ਇੱਕ ਤਰਲ ਛੱਡਦਾ ਹੈ ਜਿਸ ਨਾਲ ਜੜ੍ਹਾਂ ਨੂੰ ਖਾਣ ਵਾਲੇ ਕੀੜੇ ਖਤਮ ਹੁੰਦੇ ਹਨ।


ਘਰੇਲੂ ਬਗੀਚੀ ਲਗਾਉਣ ਦੇ ਫਾਇਦੇ
ਜਲਵਾਯੂ ਪਰਿਵਰਤਨ ਵਿੱਚ ਫਾਇਦੇ:-

• ਛੱਤ ਵਾਲੀ ਬਗੀਚੀ ਇਮਾਰਤ ਨੂੰ ਅੰਦਰੋ ਜ਼ਿਆਦਾ ਸ਼ਾਂਤ ਅਤੇ ਗਰਮੀਆਂ ਵਿੱਚ ਠੰਡੀ ਅਤੇ ਸਰਦੀਆਂ ਵਿੱਚ ਗਰਮ ਰੱਖ ਕੇ ਊਰਜਾ  ਦੀ ਬੱਚਤ ਵਿੱਚ ਮੱਦਦ ਕਰਦੀ ਹੈ।
• ਬਗੀਚੀ ਸ਼ਹਿਰ ਦੀ ਗੈਰ-ਕੁਦਰਤੀ ਕਾਰਨਾਂ ਕਰਕੇ ਗਰਮ ਹੋਈ ਹਵਾ ਨੂੰ ਠੰਡਾ ਅਤੇ ਸਾਫ ਕਰਦੀ ਹੈ। ਹਵਾ ਵਿਚਲੇ ਧੂਏ ਦੇ ਕਣਾਂ ਨੂੰ ਵੀ ਸਾਫ ਕਰਦੀ ਹੈ।
• ਛੱਤ ਵਾਲੀ ਬਗੀਚੀ ਮੀਂਹ ਦੇ ਪਾਣੀ ਨੂੰ ਅਜਾਂਈ ਜਾਣ ਤੋ ਰੋਕਦੀ ਹੈ। ਬਗੀਚੀ ਦੀ ਮਿੱਟੀ ਵਰਖਾ ਦੇ ਪਾਣੀ ਨੂੰ ਸੋਖਦੀ ਹੈ ਅਤੇ ਸਾਫ ਕਰਦੀ ਹੈ। ਪੌਦੇ ਇਸ ਪਾਣੀ ਨੂੰ ਫਿਰ ਤੋਂ ਵਾਤਾਵਰਨ ਵਿੱਚ ਵਾਪਸ ਭੇਜਦੇ ਹਨ।
• ਘਰ ਦੇ ਗਲਣ ਵਾਲੇ ਕਚਰੇ ਤੋ ਕੰਪੋਸਨ ਤਿਆਰ ਕੀਤੀ ਜਾ ਸਕਦੀ ਹੈ ਜਿਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਧਾਈ ਜਾ ਸਕਦੀ ਹੈ ਅਤੇ ਬਗੀਚੀ ਨੂੰ ਲੋੜੀਂਦੇ ਤੱਤ ਮੁਹੱਈਆ ਕਰਵਾਏ ਜਾ ਸਕਦੇ ਹਨ। ਇਸ ਤਰਾਂ ਨਾਲ ਕਚਰੇ ਦੇ ਪ੍ਰਬੰਧਨ ਵਿੱਚ ਵੀ ਸਹਾਇਤਾ ਮਿਲੇਗੀ ਕਿਉਂਕਿ ਅੱਜਕੱਲ ਸ਼ਹਿਰਾਂ ਵਿੱਚ ਕਚਰੇ ਦੇ ਪ੍ਰਬੰਧਨ ਲਈਜਗਾ ਦੀ ਕਮੀ ਦੀ ਮੁਸ਼ਕਿਲ ਆ ਰਹੀ ਹੈ। ਅਤੇ ਕੰਪੋਸਟ ਬਣਾਉਣ ਨਾਲ ਸ਼ਹਿਰਾਂ ਵੱਲੋਂ ਪੈਦਾ ਕੀਤੀਆਂ ਗ੍ਰੀਨ ਹਾਊਸ ਗੈਸਾਂ ਵਿੱਚੋ ਕਾਰਬਨ ਦੀ ਮਾਤਰਾ ਨੂੰ ਘੱਟ ਕੀਤਾ ਜਾ ਸਕਦਾ ਹੈ।
• ਸ਼ਹਿਰ ਨੂੰ ਹਰਿਆ-ਭਰਿਆ ਬਣਾਉਣ ਨਾਲ ਸਾਡੇ ਵੱਲੋਂ ਪੈਦਾ ਕੀਤੇ ਕਾਰਬਨ ਭਰੇ ਨਵੇਂ ਵਾਤਾਵਰਨ ਵਿੱਚ ਸੰਤੁਲਨ ਬਣਾਉਣ ਵਿੱਚ ਮੱਦਦ ਮਿਲੇਗੀ।

ਆਰਥਿਕ ਫਾਇਦੇ
• ਸ਼ਹਿਰਾਂ ਵਿੱਚ ਬਗੀਚੀ ਲਗਾ ਕੇ ਸਬਜ਼ੀਆਂ ਅਤੇ ਫਲ ਪੈਦਾ ਕਰਨ ਨਾਲ ਸ਼ਹਿਰ ਵਾਸੀਆਂ ਨੂੰ ਵਧੀਆ ਗੁਣਵੱਤਾ ਵਾਲਾ ਭੋਜਨ ਮਿਲੇਗਾ ਅਤੇ ਭੋਜਨ ਕੀਮਤਾਂ ਵੀ ਕਾਬੂ ਵਿੱਚ ਰਹਿਣਗੀਆਂ।
• ਸ਼ਹਿਰਾਂ ਵਿੱਚ ਬਗੀਚੀ ਲਗਾਉਣ ਨਾਲ ਔਰਤਾਂ ਨੂੰ ਸ਼ਹਿਰਾਂ ਦੀ ਗੈਰ-ਰਸਮੀ ਆਰਥਿਕਤਾ ਦਾ ਹਿੱਸਾ ਬਣਨ ਦਾ ਮੌਕਾ ਮਿਲੇਗਾ। ਘਰ ਦੇ ਕੰਮਾਂ  ਅਤੇ ਬੱਚਿਆਂ ਦੀ ਦੇਖਭਾਲ ਦੇ ਨਾਲ ਖੇਤੀ ਅਤੇ ਖੇਤੀ ਉਤਪਾਦਾਂ ਦੇ ਬਾਜ਼ਾਰੀਕਰਨ ਦਾ ਕੰਮ ਆਸਾਨੀ ਨਾਲ ਜੋੜਿਆ ਜਾ ਸਕਦਾ ਹੈ।
• ਸ਼ਹਿਰਾਂ ਵਿੱਚ ਭੋਜਨ ਉਗਾਉਣ ਨਾਲ ਰੁਜ਼ਗਾਰ, ਆਮਦਨ ਅਤੇ ਸ਼ਹਿਰੀ ਆਬਾਦੀ ਦੀ ਭੋਜਨ ਤੱਕ ਅਸਾਨ ਪਹੁੰਚ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ। ਇਹ ਸਭ ਮਿਲ ਕੇ ਲੰਬੀ ਅਤੇ ਐਮਰਜੈਂਸੀ ਭੋਜਨ ਅਸੁਰੱਖਿਆ ਨੂੰ ਦੂਰ ਕਰਨ ਵਿੱਚ ਮੱਦਦ ਕਰ ਸਕਦੇ ਹਨ। ਲੰਬੀ ਭੋਜਨ ਅਸੁਰੱਖਿਆ ਦਾ ਭਾਵ ਹੈ ਕਿ ਭੋਜਨ ਤੱਕ ਪਹੁੰਚ ਘੱਟ ਹੋਣਾ ਅਤੇ ਵਧਦੀ ਸ਼ਹਿਰੀ ਆਬਾਦੀ ਅਤੇ ਐਮਰਜੈਂਸੀ ਭੋਜਨ ਅਸੁਰੱਖਿਆ ਦਾ ਭਾਵ ਹੈ ਕਿ ਭੋਜਨ ਵਿਤਰਣ ਪ੍ਰਣਾਲੀ ਦੇ ਟੁੱਟ ਜਾਣ ਕਰਕੇ ਭੋਜਨ ਤਕ ਪਹੁੰਚ ਨਾ ਹੋਣਾ।  ਸ਼ਹਿਰੀ ਖੇਤੀ ਭੋਜਨ ਤੱਕ ਪਹੁੰਚ ਅਤੇ ਭੋਜਨ ਦੀ ਐਮਰਜੈਂਸੀ ਪੂਰਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ।

ਸਮਾਜਿਕ ਫਾਇਦੇ
• ਸ਼ਹਿਰਾਂ ਵਿੱਚ ਘਰੇਲੂ ਬਗੀਚੀ ਲਗਾਉਣ ਨਾਲ ਕਈ  ਤਰਾਂ ਦੇ ਸਮਾਜਿਕ ਫਾਇਦੇ ਹੁੰਦੇ ਹਨ ਜਿਵੇਂ - ਵਧੀਆ ਸਿਹਤਮੰਦ ਖਾਣਾ, ਖਰਚ ਦੀ ਬੱਚਤ, ਘਰ ਦੇ ਵਿੱਚ ਭੋਜਨ ਸੁਰੱਖਿਆ ਅਤੇ ਸਮੂਹਿਕ ਸਮਾਜਿਕ ਜਿੰਦਗੀ।

ਭੋਜਨ ਦੀ ਗੁਣਵੱਤਾ
ਸਥਾਂਨਕ ਉਗਾਏ ਭੋਜਨ ਦੀ ਗੁਣਵੱਤਾ ਅਤੇ ਸਵਾਦ ਵੀ ਸਥਾਨਕ ਹੋਣਗੇ।
ਊਰਜਾ ਦੀ ਬੱਚਤ
ਜਦ ਭੋਜਨ ਸਥਾਨਕ ਪੱਧਰ ਤੇ ਉਗਾਇਆ ਜਾਵੇਗਾ ਤਾਂ ਬਾਹਰ ਤੋ ਮੰਗਵਾਏ ਜਾਣ ਵਾਲੇ ਭੋਜਨ ਦੇ ਟ੍ਰਾਂਸਪੋਰਟ ਤੇ ਖਰਚ ਹੋਣ ਵਾਲੀ ਊਰਜਾ ਨੂੰ ਬਚਾਇਆ ਜਾ ਸਕਦਾ ਹੈ।



ਹੋਰ ਫਾਇਦੇ

ਸ਼ਹਿਰਾਂ ਵਿੱਚ ਸਬਜ਼ੀਆਂ ਲਗਾਉਣ ਨਾਲ ਹੋਣ ਵਾਲੇ ਫਾਇਦੇ ਬਹੁਤ ਸਾਰੇ ਹਨ। ਸ਼ਹਿਰਾਂ ਦੇ ਸਿਰਫ ਭੋਜਨ ਖਾਣ ਵਾਲਿਆਂ ਤੋਂ ਭੋਜਨ ਉਗਾਉਣ ਵਾਲਿਆਂ ਵਿੱਚ ਬਦਲਣ ਕਾਰਨ ਟਿਕਾਊਪਣ, ਸਿਹਤ ਵਿੱਚ ਸੁਧਾਰ ਅਤੇ ਗਰੀਬੀ ਘਟਾਉਣ ਵਿੱਚ ਮੱਦਦ ਮਿਲ ਸਕਦੀ ਹੈ।
• ਜਾਇਆ ਕੀਤੇ ਪਾਣੀ ਨੂੰ ਸਿੰਚਾਈ ਲਈ ਅਤੇ ਜੈਵਿਕ ਠੋਸ ਕਚਰੇ ਨੂੰ ਕੰਪੋਸਟ ਬਣਾ ਕੇ ਖਾਦ ਦੇ ਤੌਰ ਤੇ ਬਗੀਚੀ ਵਿੱਚ ਪੈਦਾਵਾਰ ਕਰਨ ਲਈ ਵਰਤਿਆ ਜਾ ਸਕਦਾ ਹੈ।
• ਸ਼ਹਿਰਾਂ ਵਿੱਚ ਖਾਲੀ ਪਈਆਂ ਥਾਵਾਂ ਨੂੰ ਖੇਤੀ ਲਈ ਵਰਤਿਆ ਜਾ ਸਕਦਾ ਹੈ।
• ਹੋਰ ਕੁਦਰਤੀ ਸੋਮਿਆਂ ਨੂੰ ਵੀ ਬਚਾਇਆ ਜਾ ਸਕਦਾ ਹੈ। ਜਾਇਆ ਕੀਤੇ ਪਾਣੀ ਨੂੰ ਸਿੰਚਾਈ ਲਈ ਵਰਤਣ ਨਾਲ ਪਾਣੀ ਤੇ ਉਚਿੱਤ ਪ੍ਰਬੰਧਨ ਵਿੱਚ ਮੱਦਦ ਮਿਲੇਗੀ ਅਤੇ ਇਸਦੇ ਨਾਲ ਹੀ ਘਰਾਂ ਵਿੱਚ ਵਰਤੋਂ ਅਤੇ ਪੀਣ ਲਈ ਪਾਣੀ ਦੀ ਉਪਲਬਧਤਾ ਵੀ ਵਧੇਗੀ।
• ਭੋਜਨ ਨੂੰ ਸਥਾਨਕ ਪੱਧਰ ਤੇ ਉਗਾਉਣ ਨਾਲ ਟ੍ਰਾਂਸਪੋਰਟ ਦੇ ਖਰਚੇ ਅਤੇ ਸਟੋਰ ਕਰਨ ਦੇ ਖਜਚੇ ਵੀ ਘਟਾਏ ਜਾ ਸਕਦੇ ਹਨ।
• ਇਸ ਨਾਲ ਸ਼ਹਿਰ ਨੂੰ ਹਰਿਆ-ਭਰਿਆਂ ਰੱਖਣ ਵਿੱਚ ਅਤੇ ਪ੍ਰਦੂਸ਼ਣ ਘੱਟ ਕਰਨ ਵਿੱਚ ਵੀ ਮੱਦਦ ਮਿਲੇਗੀ।

Sunday, December 4, 2011