Sunday, January 20, 2013

ਜੈਵਿਕ ਖਾਦ- ਜ਼ਰੂਰਤ ਅਤੇ ਤਕਨੀਕ

ਡਾ. ਪ੍ਰੀਤੀ ਜੋਸ਼ੀ
 
ਸਾਡੀ ਪ੍ਰਾਪੰਰਿਕ ਖੇਤੀ ਵਿੱਚ ਕਚਰਾ, ਗੋਬਰ, ਜਾਨਵਰਾਂ ਦਾ ਮਲਮੂਤਰ ਅਤੇ ਹੋਰ ਬਨਸਪਤੀ ਕਚਰੇ ਨੂੰ ਇਕੱਠਾ ਕਰਕੇ ਖਾਦ ਬਣਾਉਣ ਦੀ ਪ੍ਰਥਾ ਪ੍ਰਚੱਲਿਤ ਸੀ ਜਿਸ ਵਿੱਚ ਪੌਦਿਆਂ ਦੇ ਲਈ ਜ਼ਰੂਰੀ ਸਾਰੇ ਪੋਸ਼ਕ ਤੱਤ ਅਤੇ ਮਿੱਟੀ ਵਿੱਚ ਜੈਵਿਕ ਪਦਾਰਥਾਂ ਦਾ ਵਿਘਟਨ ਕਰਨ ਵਾਲੇ ਸਾਰੇ ਤਰ੍ਹਾ  ਦੇ ਸੂਖ਼ਮਜੀਵੀ ਪ੍ਰਚੂਰ ਮਾਰਤਰਾ ਵਿੱਚ ਹੁੰਦੇ ਹਨ। ਇਸ ਪ੍ਰਕਾਰ ਜੈਵਿਕ ਖਾਦ ਦੇ ਇਸਤੇਮਾਲ ਨਾਲ ਮਿੱਟੀ ਦੀ ਕੁਦਰਤੀ ਉਪਜਾਊ ਸ਼ਕਤੀ ਦਾ ਵਿਕਾਸ ਹੁੰਦਾ ਸੀ ਅਤੇ ਮਿੱਟੀ ਜ਼ਿਆਦਾ ਸਮੇਂ ਤੱਕ ਚੰਗੀ ਫ਼ਸਲ ਦੇਣ ਦੇ ਯੋਗ ਰਹਿੰਦੀ ਸੀ। ਖਾਦ ਬਣਾਉਣ ਦਾ ਕੱਚਾ ਮਾਲ ਸਾਰੇ ਕਿਸਾਨਾਂ ਦੇ ਖੇਤ ਵਿੱਚ ਹੀ ਉਪਲਬਧ ਹੋਣ ਦੇ ਕਾਰਨ ਉਸਨੂੰ ਬਣਾਉਣ 'ਤੇ ਵਿਸ਼ੇਸ਼ ਖਰਚ ਨਹੀ ਹੁੰਦਾ। ਜੈਵਿਕ ਖਾਦ ਫ਼ਸਲ ਅਤੇ ਮਿੱਟੀ ਦੋਵਾਂ ਦੇ ਲਈ ਲਾਭਕਾਰੀ ਹੈ, ਇਹ ਸਮਝਦੇ ਹੋਏ ਵੀ ਅੱਜਕੱਲ ਕਿਸਾਨ ਜੈਵਿਕ ਖਾਦ ਬਣਾਉਣ ਅਤੇ ਉਸਦਾ ਇਸਤੇਮਾਲ ਖੇਤੀ ਵਿੱਚ ਕਰਨ ਦੇ ਪ੍ਰਤਿ ਉਦਾਸੀਨ ਹੈ। ਇਸਦੇ ਸੰਭਾਵਿਤ ਕਾਰਨ ਹੇਠ ਲਿਖੇ ਹਨ-            
1. ਜੈਵਿਕ ਖਾਦ ਬਣਾਉਣ ਵਿੱਚ ਮਿਹਨਤ ਅਤੇ ਸਮਾਂ ਖਰਚ ਹੁੰਦਾ ਹੈ, ਜਦੋਂਕਿ ਰਸਾਇਣਿਕ ਖਾਦ ਆਸਾਨੀ ਨਾਲ ਬਾਜ਼ਾਰ ਵਿੱਚ ਉਪਲਬਧ ਹੈ ਹਾਲਾਂਕਿ ਉਸਨੂੰ ਪ੍ਰਾਪਤ ਕਰਨ ਦੇ ਲਈ ਪੈਸਾ ਖਰਚ ਕਰਨਾ ਪੈਂਦਾ ਹੈ।
2. ਜੈਵਿਕ ਖਾਦ ਦਾ ਅਸਰ ਹੌਲੀ-ਹੌਲੀ ਪ੍ਰੰਤੂ ਲੰਬੇ ਸਮੇਂ ਲਈ ਹੁੰਦਾ ਹੈ, ਪਰ ਕਿਸਾਨ ਨੂੰ ਤੁਰੰਤ ਨਤੀਜੇ ਚਾਹੀਦੇ ਹਨ।
3. ਹਾਲਾਂਕਿ ਜੈਵਿਕ ਖਾਦ ਬਣਾਉਣ ਦੇ ਲਈ ਕਚਰਾ, ਗੋਬਰ ਆਦਿ ਤਾਂ ਕਿਸਾਨ ਦੇ ਖੇਤ ਵਿੱਚ ਹੀ ਉਪਲਬਧ ਹੁੰਦਾ ਹੈ ਪਰ ਉਸਤੋਂ ਵਧੀਆ ਖਾਦ ਬਣਾਉਣ ਦੇ ਨਿਯੋਜਿਤ ਤਰੀਕੇ ਅਤੇ ਤਕਨੀਕਾਂ ਬਾਰੇ ਕਿਸਾਨਾਂ ਨੂੰ ਜ਼ਰੂਰੀ ਜਾਣਕਾਰੀ ਨਹੀ ਹੁੰਦੀ। ਉੱਚਿਤ ਜਾਣਕਾਰੀ ਦੇ ਅਭਾਵ ਵਿੱਚ ਵਧੀਆ ਖਾਦ ਨਾ ਬਣ ਪਾਉਣ ਕਾਰਨ ਕਿਸਾਨਾਂ ਨੂੰ ਸੰਤੋਸ਼ਜਨਕ ਨਤੀਜੇ ਨਹੀ ਮਿਲ ਪਾਉਂਦੇ ਜਿਸ ਕਰਕੇ ਕਿਸਾਨ ਜੈਵਿਕ ਖਾਦ ਦੀ ਜਗ੍ਹਾ ਰਸਾਇਣਿਕ ਖਾਦ ਨੂੰ ਪਹਿਲ ਦਿੰਦੇ ਹਨ।
ਵਧੀਆ ਜੈਵਿਕ ਖਾਦ ਦੇ ਨਿਰਮਾਣ ਦੀਆਂ ਤਕਨੀਕਾਂ ਅਤੇ ਉਸਦੇ ਫਸਲਾਂ ਅਤੇ ਮਿੱਟੀ ਉੱਪਰ ਪਰਿਣਾਮ ਲਈ ਕਈ ਅਨੁਭਵੀ ਕਿਸਾਨਾਂ, ਵਿਗਿਆਨਕਾ, ਖੋਜ ਕੇਂਦਰਾਂ ਅਤੇ ਸਵੈ-ਸੇਵੀ ਸੰਸਥਾਵਾਂ ਦੁਆਰਾ ਪ੍ਰਯੋਗ ਕੀਤੇ ਗਏ ਅਤੇ ਕਈ ਤਕਨੀਕਾਂ ਵਿਕਸਿਤ ਕੀਤੀਆ। ਪ੍ਰੰਤੂ ਇਹਨਾਂ ਤਕਨੀਕਾਂ ਦੀ ਜਾਣਕਾਰੀ ਤੋਂ ਪਹਿਲਾਂ ਉਪਲਬਧ ਜੈਵਿਕ ਪਦਾਰਥਾਂ ਅਤੇ ਖਾਦ ਬਣਾਉਣ ਦੀ ਮੁੱਖ ਪ੍ਰਕ੍ਰਿਆ ਨੂੰ ਜਾਣ ਲੈਣਾ ਜ਼ਰੂਰੀ ਹੈ।

ਖਾਦ ਬਣਾਉਣ ਲਈ ਉਪਲਬਧ ਜੈਵਿਕ ਪਦਾਰਥ
ਕਿਸੇ ਵੀ ਪ੍ਰਕਾਰ ਦੇ ਪਸ਼ੂਆਂ ਤੋਂ ਅਤੇ ਬਨਸਪਤੀ ਤੋਂ ਪ੍ਰਾਪਤ ਪਦਾਰਥ ਜਾਂ ਗਲਣਯੋਗ ਕਚਰੇ ਤੋਂ ਜੈਵਿਕ ਖਾਦ ਬਣਾਈ ਜਾ ਸਕਦੀ ਹੈ।
ਖੇਤਰ ਅਤੇ ਮੌਸਮ ਦੇ ਅਨੁਸਾਰ ਕਚਰੇ ਦੇ ਪ੍ਰਕਾਰ, ਉਸਦੀ ਗੁਣਵੱਤਾ ਅਤੇ ਉਸਦੀ ਮਾਤਰਾ ਵਿੱਚ ਪਰਿਵਰਤਨ ਹੁੰਦਾ ਹੈ। ਜਿਵੇਂ ਪਿੰਡ ਅਤੇ ਖੇਤ ਵਿੱਚ ਉਤਪੰਨ ਹੋਣ ਵਾਲਾ ਕਚਰਾ ਉੱਥੋਂ ਦੇ ਵਾਤਾਵਰਣ, ਖੇਤ ਦੇ ਖੇਤਰਫਲ, ਉਸ ਖੇਤ ਵਿੱਚ ਹੋਣ ਵਾਲੀਆਂ ਫਸਲਾਂ, ਉਸ ਵਿੱਚ ਰਹਿਣ ਵਾਲੇ ਆਦਮੀਆਂ ਅਤੇ ਜਾਨਵਰਾਂ ਦੀ ਸੰਖਿਆ ਅਤੇ ਉਹਨਾਂ ਦੇ ਭੋਜਨ ਦੇ ਪ੍ਰਕਾਰ ਉੱਪਰ ਨਿਰਭਰ ਕਰੇਗਾ। ਇਸੇ ਪ੍ਰਕਾਰ ਉਸ ਪਿੰਡ ਵਿੱਚ ਈਂਧਨ ਦੇ ਲਈ ਉਪਲਬਧ ਸਾਧਨ, ਉਸ ਪਿੰਡ ਦੀ ਆਰਥਿਕ-ਸਾਮਾਜਿਕ ਅਵਸਥਾ ਅਤੇ ਕਚਰੇ ਦੀ ਸੰਭਾਲ ਦੇ ਤਰੀਕਿਆਂ ਉਪਰ ਕਚਰੇ ਦੀ ਉਪਲਬਧਤਾ ਨਿਰਭਰ ਕਰੇਗੀ। ਇਸੇ ਪ੍ਰਕਾਰ ਸ਼ਹਿਰਾਂ ਵਿੱਚ ਜੈਵਿਕ ਕਚਰੇ ਦੇ ਨਾਲ-ਨਾਲ ਨਾ-ਗਲਣਯੋਗ ਕਚਰਾ ਜਿਵੇਂ ਪਲਾਸਟਿਕ ਆਦਿ ਵੀ ਹੋਵੇਗਾ।
ਸੋ ਇਸ ਤਰ੍ਹਾ ਅਲੱਗ-ਅਲੱਗ ਖੇਤਰਾਂ ਲਈ ਕਚਰੇ ਦੇ ਪ੍ਰਕਾਰ, ਗੁਣਵੱਤਾ ਅਤੇ ਉਪਲਬਧਤਾ ਦੇ ਆਧਾਰ 'ਤੇ ਖਾਦ ਬਣਾਉਣ ਦੀ ਪ੍ਰਕ੍ਰਿਆ ਦਾ ਇੱਕ ਹੀ ਹੋਣਾ ਸੰਭਵ ਨਹੀ ਹੈ। ਫਿਰ ਵੀ ਕਚਰੇ ਦੇ ਵਿਘਟਨ ਦੀ ਪ੍ਰਕ੍ਰਿਆ ਨਾਲ ਸੰਬੰਧਿਤ ਕੁੱਝ ਮੂਲਭੂਤ ਜਾਣਕਾਰੀ, ਸਥਾਨ ਅਤੇ ਕਚਰੇ ਦੀ ਮਾਤਰਾ ਅਤੇ ਗੁਣਵੱਤਾ ਦੇ ਆਧਾਰ ਤੇ ਖਾਦ/ਕੰਪੋਸਟ ਦੀ ਪ੍ਰਕ੍ਰਿਆ ਨਿਰਧਾਰਿਤ ਕਰਨ ਵਿੱਚ ਮੱਦਦਗਾਰ ਹੋ ਸਕਦੀ ਹੈ।
ਕੰਪੋਸਟਿਗ/ਜੈਵਿਕ ਖਾਦ ਦੀ ਪ੍ਰਕ੍ਰਿਆ
ਕੰਪੋਸਟਿੰਗ ਜੈਵਿਕ ਪਦਾਰਥਾਂ ਦੇ ਵਿਘਟਨ ਦੁਆਰਾ ਖਾਦ ਬਣਨ ਦੀ ਪ੍ਰਕ੍ਰਿਆ ਨੂੰ ਕਹਿੰਦੇ ਹਨ। ਇਹ ਪ੍ਰਕ੍ਰਿਆ ਅਣਗਿਣਤ ਸੂਖ਼ਮ ਜੀਵਾਣੂਆਂ ਦੁਆਰਾ ਅਨੁਕੂਲ ਪ੍ਰਸਥਿਤੀਆਂ ਵਿੰਚ ਹੁੰਦੀ ਹੈ। ਜੇਕਰ ਇਹ ਪ੍ਰਕ੍ਰਿਆ ਹਵਾ ਦੀ ਉਪਸਥਿਤੀ ਵਿੱਚ ਹੁੰਦੀ ਹੈ ਤਾਂ ਇਸਨੂੰ ਸਵਾਤੀ ਵਿਘਟਨ ਕਹਿੰਦੇ ਹਨ। ਹਵਾ ਦੀ ਅਨੁਪਸਥਿਤੀ ਵਿੱਚ ਹੋਣ ਵਾਲੀ ਪ੍ਰਕ੍ਰਿਆ ਨੂੰ ਅਵਾਤੀ ਵਿਘਟਨ ਕਹਿੰਦੇ ਹਨ। ਸਵਾਤੀ ਵਿਘਟਨ ਵਿੱਚ, ਜੋ ਆਮ ਤੌਰ 'ਤੇ ਜਮੀਨ ਦੇ ਉੰਪਰ ਢੇਰ ਵਿੱਚ, ਟੈਂਕ ਵਿੱਚ ਜਾਂ 2-3 ਫੁੱਟ ਡੂੰਘੇ ਟੋਏ ਵਿੱਚ ਹੁੰਦਾ ਹੈ, 1 ਤੋਂ ਲੈ ਕੇ 3 ਮਹੀਨੇ ਦਾ ਸਮਾਂ ਲੱਗਦਾ ਹੈ। ਇਸ ਵਿੱਚ ਕਾਰਬਨ ਡਾਈਆਕਸਾਈਡ ਅਤੇ ਪਾਣੀ ਅੰਤਿਮ ਉਤਪਾਦ ਦੇ ਰੂਪ ਵਿੱਚ ਨਿਕਲਦੇ ਹਨ, ਨਾਲ ਹੀ ਊਰਜਾ ਦਾ ਨਿਰਮਾਣ ਹੁੰਦਾ ਹੈ। ਇਸ ਪ੍ਰਕ੍ਰਿਆ ਵਿੱਚ ਜਟਿਲ ਅਘੁਲਣਸ਼ੀਲ ਕਾਰਬਨਿਕ ਪਦਾਰਥ ਪਾਣੀ ਵਿੱਚ ਘੁਲਣਸ਼ੀਲ ਅਕਾਰਬਨਿਕ ਪਦਾਰਥਾਂ ਵਿੱਚ ਬਦਲਦੇ ਹਨ। ਇਸਦੇ ਉਲਟ ਅਵਾਤੀ ਵਿਘਟਨ ਦੀ ਪ੍ਰਕ੍ਰਿਆ ਡੂੰਘੇ ਟੋਏ ਵਿੱਚ ਹਵਾ ਦੀ ਅਨੁਪਸਥਿਤੀ ਵਿੱਚ ਹੁੰਦੀ ਹੈ। ਇਸ ਪ੍ਰਕ੍ਰਿਆ ਨੂੰ ਪੂਰਾ ਹੋਣ ਵਿੱਚ 6 ਤੋਂ 12 ਮਹੀਨੇ ਦਾ ਸਮਾਂ ਲੱਗਦਾ ਹੈ। ਪਾਣੀ ਦੀ ਅਧਿਕਤਾ ਨਾਲ ਆਕਸੀਜਨ ਦੇ ਪਾਣੀ ਵਿੱਚ ਘੁਲ ਜਾਣ ਨਾਲ ਵੀ ਕੰਪੋਸਟਿੰਗ ਦੀ ਪ੍ਰਕ੍ਰਿਆ ਅਵਾਤੀ ਹੋ ਜਾਂਦੀ ਹੈ। ਇਸ ਵਿੱਚ ਅਮੋਨੀਆ ਅਤੇ ਹਾਈਡ੍ਰੋਜਨ ਸਲਫਾਈਡ ਆਦਿ ਗੈਸਾਂ ਬਣਨ ਨਾਲ ਦੁਰਗੰਧ ਵੀ ਉਤਪੰਨ ਹੁੰਦੀ ਹੈ। ਇਸ ਪ੍ਰਕ੍ਰਿਆ ਵਿੱਚ ਕਾਰਬਨ ਡਾਈਆਕਸਾਈਡ ਅਤੇ ਪਾਣੀ ਦੇ ਇਲਾਵਾ ਕਾਫੀ ਸਾਰੇ ਅਲਕੇਲਾਈਡਸ ਸਹਿ-ਉਤਪਾਦ ਦੇ ਰੂਪ ਵਿੱਚ ਬਦਦੇ ਹਨ।
ਕੰਪੋਸਟਿੰਗ ਦੇ ਲਈ ਜ਼ਰੂਰੀ ਤੱਤ
ਕੰਪੋਸਟਿੰਗ ਦੀ ਪ੍ਰਕ੍ਰਿਆ ਇੱਕ ਸੂਖ਼ਮ ਜੀਵੀ ਪ੍ਰਕ੍ਰਿਆ ਹੈ। ਇਸ ਲਈ ਇਸ ਪ੍ਰਕ੍ਰਿਆ ਵਿੱਚ ਸੂਖ਼ਮ ਜੀਵਾਂ ਦੇ ਵਿਕਾਸ ਦੇ ਲਈ ਅਨੁਕੂਲ ਵਾਤਾਵਰਣ ਤਿਆਰ ਕਰਨਾ ਬਹੁਤ ਜ਼ਰੂਰੀ ਹੈ। ਕੰਪੋਸਟਿੰਗ ਦੇ ਲਈ ਕਿਸੇ ਵੀ ਵਿਧੀ ਦੀ ਚੋਣ ਕਰਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ-

1. ਕਚਰੇ ਨੂੰ ਅਲੱਗ ਕਰਨਾ- ਕਚਰਾ ਚਾਹੇ ਸ਼ਹਿਰ ਦਾ ਹੋਵੇ ਜਾਂ ਪਿੰਡ ਦਾ, ਉਸ ਵਿੱਚ ਕਈ ਅਜੈਵਿਕ ਪਦਾਰਥ ਜਿਵੇਂ ਰਬੜ, ਪਲਾਸਟਿਕ, ਧਾਤੂ, ਕੱਚ ਆਦਿ ਮਿਲੇ ਹੁੰਦੇ ਹਨ। ਇਹਨਾਂ ਵਿੱਚ ਕਦੇ-ਕਦੇ ਜ਼ਹਿਰੀਲੇ, ਨੁਕਸਾਨਦੇਹ ਰਸਾਇਣ ਯੁਕਤ ਪਦਾਰਥ ਵੀ ਆ ਜਾਂਦੇ ਹਨ ਜੋ ਸੂਖ਼ਮ ਜੀਵੀ (ਜੈਵਕੀ) ਪ੍ਰਕ੍ਰਿਆ ਵਿੱਚ ਮੁਸ਼ਕਲ ਖੜ੍ਹੀ ਕਰਦੇ ਹਨ। ਇਸ ਲਈ ਅਜੈਵਿਕ ਪਦਾਰਥਾਂ ਨੂੰ ਕੰਪੋਸਟਿੰਗ ਤੋਂ ਪਹਿਲਾਂ ਅਲੱਗ ਕਰ ਦੇਣਾ ਜ਼ਰੂਰੀ ਹੈ।
ਸਾਰੇ ਪ੍ਰਕਾਰ ਦਾ ਜੈਵਿਕ ਕਚਰਾ ਭਲੇ ਹੀ ਉਹ ਪੌਦਿਆਂ, ਬਨਸਪਤੀ ਤੋਂ ਮਿਲਿਆ ਹੋਵੇ ਜਾਂ ਪਸ਼ੂਆਂ ਤੋਂ, ਇਕੱਠਾ ਵਿਘਟਿਤ ਕੀਤਾ ਜਾ ਸਕਦਾ ਹੈ। ਪਸ਼ੂਆਂ ਦਾ ਮਲਮੂਤਰ ਨਾਂ ਸਿਰਫ਼ ਵਿਘਟਨ ਲਈ ਉਪਯੂਕਤ ਹੈ ਸਗੋਂ ਉਹ ਪੌਦਿਆਂ ਤੋਂ ਪ੍ਰਾਪਤ ਕਾਰਬਨਿਕ ਪਦਾਰਥ ਜਿਵੇਂ ਫ਼ਸਲਾਂ ਦਾ ਕਚਰਾ, ਰੁੱਖਾਂ-ਪੌਦਿਆਂ ਦੀਆਂ ਪੱਤੀਆਂ, ਟਹਿਣੀਆਂ, ਸਬਜੀਆਂ ਦਾ ਅਤੇ ਰਸੋਈ ਘਰ ਦਾ ਕਚਰਾ, ਇਹਨਾਂ ਸਭ ਦੇ ਵਿਘਟਨ ਦੇ ਲਈ ਅਣਗਿਣਤ ਸੂਖ਼ਮ ਜੀਵਾਣੂ ਵੀ ਪ੍ਰਦਾਨ ਕਰਦਾ ਹੈ। ਇਸਲਈ ਕਚਰੇ ਵਿੱਚ ਥੋੜ੍ਹਾ ਗੋਬਰ ਅਤੇ ਗੋਮੂਤਰ ਮਿਲਾਉਣਾ ਜ਼ਰੂਰੀ ਹੈ। ਇਹ ਦਹੀ ਦੇ ਜਾਗ ਦੀ ਤਰ੍ਹਾ ਸੂਖ਼ਮ ਜੀਵਾਣੂਆਂ ਦੇ ਕਲਚਰ ਦਾ ਕੰਮ ਕਰਦਾ ਹੈ।
2. ਕਚਰੇ ਦਾ ਆਕਾਰ- ਵਿਘਟਨ ਦੀ ਪ੍ਰਕ੍ਰਿਆ ਵਿੱਚ ਕਚਰੇ ਦੇ ਆਕਾਰ ਦਾ ਵੀ ਬਹੁਤ ਯੋਗਦਾਨ ਹੈ। ਫ਼ਸਲਾਂ ਦੀ ਕਟਾਈ ਤੋਂ ਬਾਅਦ ਨਿਕਲਿਆ ਵੱਡਾ-ਵੱਡਾ ਕਚਰਾ ਜਿਵੇਂ ਗੰਨੇ ਦੇ ਪੱਤੇ, ਜਵਾਰ ਦੇ ਪੱਤੇ, ਮੱਕੀ ਦੇ ਪੱਤੇ ਆਦਿ ਆਪਣੇ ਵੱਡੇ ਆਕਾਰ ਦੇ ਕਾਰਣ ਵੀ ਜਲਦੀ ਵਿਘਟਿਤ ਨਹੀ ਹੁੰਦੇ ਕਿਉਂਕਿ ਇਹਨਾਂ ਵਿੱਚ ਪਾਣੀ ਨਹੀ ਰੁਕਦਾ ਅਤੇ ਜ਼ਿਆਦਾ ਹਵਾ ਦਾ ਵਹਿਣ ਹੋਣ ਕਰਕੇ ਕਚਰਾ ਜਲਦੀ ਸੁੱਕ ਜਾਂਦਾ ਹੈ। ਕਚਰੇ ਦਾ ਆਕਾਰ ਜਿੰਨਾਂ ਛੋਟਾ ਹੋਵੇ, ਓਨੀ ਹੀ ਕੰਪੋਸਟਿੰਗ ਦੀ ਪ੍ਰਕ੍ਰਿਆ ਵਧੀਆ ਹੋਵੇਗੀ, ਪ੍ਰੰਤੂ ਬਹੁਤ ਛੋਟਾ (2 ਸੈ.ਮੀ. ਤੋਂ ਘੱਟ) ਕਚਰਾ ਵੀ ਕੰਪੋਸਟਿੰਗ ਦੇ ਲਈ ਅਨੁਪਯੁਕਤ ਹੈ ਕਿਉਂਕਿ ਇਸਦੇ ਕੰਪੈਕਟ ਹੋ ਜਾਣ ਕਰਕੇ ਪਾਣੀ ਅਤੇ ਹਵਾ ਦਾ ਵਹਿਣ ਠੀਕ ਤਰ੍ਹਾ ਨਹੀ ਹੋ ਪਾਉਂਦਾ ਅਤੇ ਆਵਾਤੀ ਪਰਿਸਥਿਤੀ ਦਾ ਨਿਰਮਾਣ ਹੁੰਦਾ ਹੈ। ਕੰਪੋਸਟਿੰਗ ਦੇ ਲਈ ਆਦਰਸ਼ ਕਚਰੇ ਦਾ ਆਕਾਰ 2 ਇੰਚ ਭਾਵ 5-6 ਸੈ.ਮੀ. (3 ਉਂਗਲ) ਤੱਕ ਹੋ ਸਕਦਾ ਹੈ। ਸਖ਼ਤ ਅਤੇ ਵੱਡੇ ਕਚਰੇ ਨੂੰ ਕੱਟ ਕੇ ਛੋਟਾ ਕਰ ਲੈਣਾ ਚਾਹੀਦਾ ਹੈ। ਵੱਡੇ ਕਚਰੇ ਵਿੱਚ ਹਰੀ ਘਾਹ  ਜਾਂ ਪਰਾਲੀ ਆਦਿ ਮਿਲਾ ਕੇ ਇਸਨੂੰ ਸੰਤੁਲਿਤ ਕੀਤਾ ਜਾ ਸਕਦਾ ਹੈ। ਕਚਰੇ ਦਾ ਆਕਾਰ ਉਪਯੁਕਤ ਹੋਣ ਨਾਲ ਪੂਰੇ ਕਚਰੇ ਵਿੱਚ ਚੰਗੀ ਤਰ੍ਹਾ ਹਵਾ ਦਾ ਵਹਾਅ ਹੁੰਦਾ ਹੈ, ਨਮੀ ਵਧਦੀ ਹੈ, ਤਾਪਮਾਨ ਸਮਾਨ ਰੂਪ ਨਾਲ ਵਧਦਾ ਹੈ, ਤਾਪਮਾਨ ਅਤੇ ਨਮੀ ਦਾ ਨੁਕਸਾਨ ਘੱਟ ਹੁੰਦਾ ਹੈ ਅਤੇ ਸੂਖ਼ਮ ਜੀਵਾਣੂਆਂ ਨੂੰ ਕੰਮ ਕਰਨ ਦੇ ਲਈ ਜ਼ਿਆਦਾ ਖੇਤਰ ਮਿਲਦਾ ਹੈ ਜਿਸ ਨਾਲ ਵਿਘਟਨ ਦੀ ਪ੍ਰਕ੍ਰਿਆ ਗਤੀਮਾਨ ਹੁੰਦੀ ਹੈ।
3. ਭੋਜਨ- ਕਾਰਬਨ/ਨਾਈਟ੍ਰੋਜਨ ਅਨੁਪਾਤ- ਜੈਵਿਕ ਪਦਾਰਥ ਸੂਖ਼ਮ ਜੀਵਾਣੂਆਂ ਦਾ ਭੋਜਨ ਹਨ। ਜੈਵਿਕ ਪਦਾਰਥਾਂ ਦੇ ਵਿਘਟਨ ਨਾਲ ਸੂਖ਼ਮ ਜੀਵਾਣੂਆਂ ਦੀ ਊਰਜਾ ਅਤੇ ਕਾਰਬਨ ਦੀ ਜ਼ਰੂਰਤ ਪੂਰੀ ਹੁੰਦੀ ਹੈ। ਕਾਰਬਨ ਦੇ 10 ਭਾਗ ਅਤੇ ਨਾਈਟ੍ਰੋਜਨ ਦਾ ਇੱਕ ਭਾਗ ਲੈ ਕੇ ਸੂਖ਼ਮ ਜੀਵਾਣੂ ਆਪਣੀ ਕੋਸ਼ਿਕਾ ਦੇ ਪ੍ਰੋਟੋਪਲਾਜ਼ਮ ਦਾ ਨਿਰਮਾਣ ਕਰਦੇ ਹਨ ਇਸਲਈ ਕਾਰਬਨ ਦਾ ਨਾਈਟ੍ਰੋਜਨ ਦੀ ਤੁਲਨਾ ਵਿੱਚ ਜੀਵਾਣੂ ਕੋਸ਼ਿਕਾ ਵਿੱਚ ਜ਼ਿਆਦਾ ਸੰਗ੍ਰਹਿਣ ਹੁੰਦਾ ਹੈ। ਕੁੱਝ ਕਾਰਬਨ ਦਾ ਕਾਰਬਨਡਾਈਆਕਸਾਈਡ ਦੇ ਰੂਪ ਵਿੱਚ ਜੀਵਾਣੂਆਂ ਦੇ ਸਵਸਨ ਵਿੱਚ ਵੀ ਉਪਯੌਗ ਹੁੰਦਾ ਹੈ। ਇਸ ਤਰ੍ਹਾ ਨਾਈਟ੍ਰੋਜਨ ਤੋਂ 30 ਗੁਣਾ ਜ਼ਿਆਦਾ ਕਾਰਬਨ ਦੀ ਜੀਵਾਣੂਆਂ ਨੂੰ ਜ਼ਰੂਰਤ ਹੁੰਦੀ ਹੈ। ਇਸਲਈ ਜੈਵਿਕ ਪਦਾਰਥ ਜਾਂ ਕੰਪੋਸਟਿੰਗ ਦੇ ਲਈ ਉਪਯੁਕਤ ਕਚਰੇ ਦਾ ਕਾਰਬਨ/ਨਾਈਟ੍ਰੋਜਨ ਅਨੁਪਾਤ 30 ਦੇ ਆਸਪਾਸ ਹੋਣਾ ਆਦਰਸ਼ ਹੈ। ਜ਼ਿਆਦਾ ਸੀ/ਐਨ ਅਨੁਪਾਤ ਵਾਲੇ ਕਚਰੇ ਜਿਵੇਂ ਗੰਨੇ ਦੇ ਪੱਤੇ (150), ਝੋਨੇ ਦੀ ਪਰਾਲੀ (70), ਕਣਕ ਦਾ ਨਾੜ (80) ਆਦਿ ਦਾ ਵਿਘਟਨ ਥੋੜ•ਾ ਕਠਿਨ ਹੁੰਦਾ ਹੈ।  ਹਰਾ ਕਚਰਾ, ਘਾਹ, ਪੱਤੀਆਂ, ਆਦਿ ਦਾ ਸੀ:ਐਨ ਅਨੁਪਾਤ (20-45) ਹੁੰਦਾ ਹੈ। ਇਸਲਈ ਇਹਨਾਂ ਦਾ ਵਿਘਟਨ ਆਸਾਨ ਹੈ। ਜਾਨਵਰਾਂ ਦੇ ਮਲਮੂਤਰ ਦਾ ਸੀ:ਐਨ ਅਨੁਪਾਤ ਬਹੁਤ ਘੱਟ (8-10) ਹੁੰਦਾ ਹੈ। ਇਸਲਈ ਜ਼ਿਆਦਾ ਸੀ:ਐਨ ਅਨੁਪਾਤ ਵਾਲੇ ਸੁੱਕੇ ਕਚਰੇ ਵਿੱਚ ਘੱਟ ਸੀ:ਐਨ ਟਨੁਪਾਤ ਵਾਲੇ ਹਰੇ ਕਚਰੇ, ਜਾਨਵਰਾਂ ਦੇ ਮਲਮੂਤਰ ਆਦਿ ਨੂੰ ਮਿਲਾਉਣ ਨਾਲ ਸੰਤੁਲਨ ਬਣ ਜਾਂਦਾ ਹੈ। ਸਿਰਫ ਜਾਨਵਰਾਂ ਦੇ ਮਲਮੂਤਰ ਵਿੱਚ ਸੀ:ਐਨ ਅਨੁਪਾਤ ਘੱਟ ਹੁੰਦਾ ਹੈ ਇਸਲਈ ਇਹਨਾਂ ਦੀ ਸੂਖ਼ਮ ਜੈਵਕੀ ਪ੍ਰਕ੍ਰਿਆ ਦੇ ਕਾਰਨ ਨਾਈਟ੍ਰੋਜਨ ਦਾ ਹਵਾ ਵਿੱਚ ਨੁਕਸਾਨ ਹੁੰਦਾ ਹੈ। ਕੰਪੈਕਟ ਹੋਣ ਦੀ ਵਜ੍ਹਾ ਕਰਕੇ ਅਵਾਤੀ ਸਥਿਤੀ ਵੀ ਪੈਦਾ ਹੋ ਜਾਂਦੀ ਹੈ। ਇਸਲਈ ਇਸ ਦੇ ਨਾਲ ਫਸਲਾਂ ਦਾ ਸੁੱਕਿਆ ਅਤੇ ਹਰਾ ਕਚਰਾ ਮਿਲਾਉਣ ਨਾਲ ਪ੍ਰਕ੍ਰਿਆ ਸੰਤੁਲਿਤ ਹੋ ਜਾਂਦੀ ਹੈ ਅਤੇ ਸਾਰੇ ਪ੍ਰਕਾਰ ਦੇ ਪੋਸ਼ਕ ਤੱਤਾਂ ਵਾਲੀ ਸੰਤੁਲਿਤ ਅਤੇ ਵਧੀਆ ਖਾਦ ਬਣਦੀ ਹੈ।                              
4. ਸਹੀ ਜਗ੍ਹਾ ਦੀ ਚੋਣ- ਕੰਪੋਸਟ ਲਈ ਜਗ੍ਹਾ ਦੀ ਚੋਣ ਹਵਾ ਦੇ ਵਹਾਅ ਨੂੰ ਧਿਆਨ ਵਿੱਚ ਰੱਖ ਕੇ ਕਰਨੀ ਚਾਹੀਦੀ ਹੈ। ਕੰਪੋਸਟ ਜਮੀਨ ਦੇ ਉੱਪਰ ਜਾਂ ਟੈਂਕ ਵਿੱਚ ਜਾਂ ਜਮੀਨ ਅੰਦਰ ਟੋਆ ਬਣਾ ਕੇ ਤਿਆਰ ਕੀਤੀ ਜਾ ਸਕਦੀ ਹੈ। ਪ੍ਰੰਤੂ ਕੰਪੋਸਟਿੰਗ ਦੇ ਦੌਰਾਨ ਪੂਰੇ ਕਚਰੇ ਵਿੱਚ ਹਵਾ ਦਾ ਵਹਿਣ ਜ਼ਰੂਰੀ ਹੈ। ਇਸਲਈ ਟੋਏ ਦੀ ਗਹਿਰਾਈ 3 ਫੁੱਟ ਤੋਂ ਜ਼ਿਆਦਾ ਨਹੀ ਹੋਣੀ ਚਾਹੀਦੀ ਅਤੇ ਉਚਾਈ ਵੀ 3 ਫੁੱਟ ਤੋਂ ਜ਼ਿਆਦਾ ਨਹੀ ਹੋਣੀ ਚਾਹੀਦੀ। । ਢੇਰ ਦੀ ਉਚਾਈ 3-5 ਫੁੱਟ ਤੱਕ ਹੋ ਸਕਦੀ ਹੈ। ਟੋਏ, ਟੈਂਕ ਜਾਂ ਢੇਰ ਦੀ ਚੌੜਾਈ 5 ਫੁੱਟ ਤੋਂ ਜ਼ਿਆਦਾ ਨਹੀ ਹੋਣੀ ਚਾਹੀਦੀ। ਇਸਲਈ ਕੰਪੋਸਟਿੰਗ ਯੂਨਿਟ ਦਾ ਆਕਾਰ 12' ਗੁਣਾ 5' ਗੁਣਾ 3' ਵਧੀਆ ਮੰਨਿਆ ਗਿਆ ਹੈ। ਢੇਰ ਜਾਂ ਟੈਂਕ ਦਾ ਜਮੀਨ ਦੇ ਤਲ ਤੋਂ ਥੋੜ੍ਹਾ ਉਚਾਈ ਤੇ ਹੋਣਾ ਜ਼ਰੂਰੀ ਹੈ ਤਾਂਕਿ ਚਾਰੇ ਪਾਸਿਆਂ ਦਾ ਪਾਣੀ ਵਹਿ ਕੇ ਉਸ ਵਿੱਚ ਨਾ ਪਏ। ਟੋਆ, ਟੈਂਕ ਜਾਂ ਢੇਰ ਰੁੱਖ ਦੀ ਛਾਂ ਹੇਠ ਹੋਣਾ ਜ਼ਰੂਰੀ ਹੈ ਤਾਂਕਿ ਮੌਸਮ ਪਰਿਵਰਤਨ ਜਿਵੇਂ ਜ਼ਿਆਦਾ ਧੁੱਪ, ਬਾਰਿਸ਼ ਅਤੇ ਠੰਡ ਦਾ ਸਿੱਧਾ ਅਸਰ ਉਸ ਉੱਪਰ ਨਾ ਪਏ ਅਤੇ ਸੂਖ਼ਮ ਜੈਵਕੀ ਪ੍ਰਕ੍ਰਿਆ ਦੇ ਲਈ ਵਾਤਾਵਰਣ ਬਣਿਆ ਰਹੇ।
ਕੰਪੋਸਟਿੰਗ ਵਿੱਚ ਨਮੀ ਬਣਾਏ ਰੱਖਣ ਦੇ ਲਈ ਪਾਣੀ ਦੀ ਜ਼ਰੂਰਤ ਵਾਰ-ਵਾਰ ਪੈਂਦੀ ਹੈ। ਇਸਲਈ ਕੰਪੋਸਟਿੰਗ ਯੂਨਿਟ ਦਾ ਪਾਣੀ ਦੇ ਸ੍ਰੋਤ ਦੇ ਕੋਲ ਹੋਣਾ ਜ਼ਰੂਰੀ ਹੈ। ਜੇਕਰ ਖੇਤ ਬਹੁਤ ਵੱਡਾ ਹੋਵੇ ਤਾਂ ਸਾਰਾ ਕਚਰਾ ਇੱਕ ਜਗ੍ਹਾ ਇਕੱਠਾ ਕਰਨ ਦੀ ਬਜਾਏ 2-3 ਜਗ੍ਹਾਵਾਂ 'ਤੇ ਕੰਪੋਸਟ ਦੀਆਂ ਅਲੱਗ-ਅਲੱਗ ਇਕਾਈਆਂ ਬਣਾਈਆਂ ਜਾ ਸਕਦੀਆਂ ਹਨ। ਕੰਪੋਸਟਿੰਗ ਲਈ ਜਗ੍ਹਾ ਰਸਤੇ ਤੋਂ ਪਾਸੇ ਹੋਵੇ ਤਾਂ ਵਧੀਆ ਹੈ ਤਾਂਕਿ ਜਾਨਵਰਾਂ ਅਤੇ ਵਾਹਨਾਂ ਕਾਰਨ ਉਸਦਾ ਨੁਕਸਾਨ ਨਾ ਹੋਵੇ।
5. ਨਮੀ- ਸੂਖ਼ਮ ਜੀਵਾਣੂਆਂ ਨੂੰ ਨਮੀ ਦੀ ਜ਼ਰੂਰਤ ਹੁੰਦੀ ਹੈ। 50-60 ਪ੍ਰਤੀਸ਼ਤ ਨਮੀ ਵਿਘਟਨ ਦੀ ਪ੍ਰਕ੍ਰਿਆ ਲਈ ਜ਼ਰੂਰੀ ਹੈ। ਜ਼ਿਆਦਾ ਸੁੱਕਿਆ ਕਚਰਾ ਪਾਣੀ ਨਹੀ ਸੋਖਦਾ ਹੈ। ਅਜਿਹੀ ਪਰਿਸਥਿਤੀ ਵਿੱਚ ਉਸ ਵਿੱਚ ਹਰਾ ਕਚਰਾ, ਗੋਬਰ ਅਤੇ ਮਿੱਟੀ ਮਿਲਾ ਦੇਣੀ ਚਾਹੀਦੀ ਹੈ। ਜੇਕਰ ਕਚਰਾ ਜ਼ਿਆਦਾ ਨਮੀ ਵਾਲਾ ਹੋਵੇ ਤਾਂ ਸੁੱਕਿਆ ਕਚਰਾ ਮਿਲਾ ਕੇ ਸੰਤੁਲਨ ਬਣਾ ਲੈਕਾ ਚਾਹੀਦਾ ਹੈ। ਜ਼ਰੂਰੀ ਨਮੀ ਬਣਾਏ ਰੱਖਣ ਲਈ ਗਰਮੀਆਂ ਵਿੱਚ ਹਫ਼ਤੇ ਵਿੱਚ ਇੱਕ ਵਾਰ ਪਾਣੀ ਦੇਣਾ ਚਾਹੀਦਾ ਹੈ। ਬਰਸਾਤ ਅਤੇ ਸਰਦੀ ਵਿੱਚ ਵਾਰ-ਵਾਰ ਪਾਣੀ ਦੇਣ ਦੀ ਜ਼ਰੂਰਤ ਨਹੀ। ਜ਼ਰੂਰਤ ਮੁਤਾਬਿਕ ਹੀ ਦੇਣਾ ਚਾਹੀਦਾ ਹੈ।
6. ਹਵਾ ਦਾ ਵਹਿਣ- ਇੱਕ ਹੀ ਪ੍ਰਕਾਰ ਦੇ ਵੱਡੇ ਅਤੇ ਛੋਟੇ ਕਚਰੇ ਤੋਂ ਖਾਦ ਬਣਾਉਣ ਦਾ ਵੀ ਹਵਾ ਦੇ ਵਹਿਣ 'ਤੇ ਅਸਰ ਪੈਂਦਾ ਹੈ। ਵੱਡੇ ਕਚਰੇ ਜਿਵੇਂ ਗੰਨੇ ਦਾ ਕਚਰਾ ਆਦਿ ਦੇ ਢੇਰ ਵਿੱਚ ਬਹੁਤ ਜ਼ਿਆਦਾ ਖਾਲੀ ਸਥਾਨ ਛੁੱਟਣ ਕਾਰਨ ਹਵਾ ਦਾ ਵਹਿਣ ਬਹੁਤ ਜ਼ਿਆਦਾ ਹੁੰਦਾ ਹੈ ਜਿਸ ਨਾਲ ਨਮੀ ਹਵਾ ਵਿੱਚ ਉੱਡ ਜਾਂਦੀ ਹੈ। ਉਸੀ ਪ੍ਰਕਾਰ ਬਹੁਤ ਛੋਟੇ ਕਚਰੇ ਜਿਵੇਂ ਕਣਕ ਜਾਂ ਝੋਨੇ ਦੇ ਨਾੜ ਦਾ ਢੇਰ, ਗੋਬਰ ਦਾ ਢੇਰ ਆਦਿ ਕੰਪੈਕਟ ਹੋ ਜਾਂਦਾ ਹੈ ਅਤੇ ਉਸ ਵਿੱਚ ਹਵਾ ਦਾ ਵਹਿਣ ਸਹੀ ਤਰ੍ਹਾ ਨਹੀ ਹੋ ਪਾਉਂਦਾ ਜਿਸ ਨਾਲ ਕੰਪੋਸਟਿੰਗ ਦੀ ਪ੍ਰਕ੍ਰਿਆ ਸਹੀ ਤਰ੍ਹਾ ਨਹੀ ਹੋ ਪਾਉਂਦੀ। 15-20 ਦਿਨਾਂ ਦੇ ਅੰਤਰ 'ਤੇ ਟੋਏ ਜਾਂ ਢੇਰ ਨੂੰ ਪਲਟਣ ਨਾਲ ਹਵਾ ਦਾ ਵਹਿਣ ਵਧਦਾ ਹੈ ਅਤੇ ਕੰਪੋਸਟ ਦੀ ਪ੍ਰਕ੍ਰਿਆ ਜਲਦੀ ਹੁੰਦੀ ਹੈ।
7. ਤਾਪਮਾਨ- ਸੂਖ਼ਮ ਜੀਵਾਣੂਆਂ ਦੁਆਰਾ ਜੈਵਿਕ ਪਦਾਰਥਾਂ ਦੇ ਵਿਘਟਨ ਦੀ ਸਵਾਤੀ ਪ੍ਰਕ੍ਰਿਆ ਵਿੱਚ ਊਰਜਾ ਦਾ ਨਿਰਮਾਣ ਹੁੰਦਾ ਹੈ ਜਿਸ ਨਾਲ ਕੰਪੋਸਟ ਦੇ ਢੇਰ ਦਾ ਤਾਪਮਾਨ ਵਧਦਾ ਹੈ। ਤਾਪਮਾਨ ਦੇ ਵਧਣ ਅਤੇ ਘਟਣ ਨਾਲ ਸੂਖ਼ਮ ਜੈਵਕੀ ਪ੍ਰਕ੍ਰਿਆ ਦਾ ਸੰਚਾਲਨ ਹੁੰਦਾ ਹੈ। ਸ਼ੁਰੂ ਵਿੱਚ 25 ਤੋਂ ਲੈ ਕੇ 30 ਡਿਗਰੀ ਤਾਪਮਾਨ ਉੱਤੇ ਸਮਤਾਪੀ ਜੀਵਾਣੂ ਕੰਮ ਕਰਦੇ ਹਨ ਫਿਰ ਹੌਲੀ-ਹੌਲੀ ਜਿਵੇਂ-ਜਿਵੇਂ ਤਾਪਮਾਨ ਵਧਦਾ ਜਾਂਦਾ ਹੈ (45 ਤੋਂ 55 ਡਿਗਰੀ) ਊਸ਼ਣ ਤਾਪੀ ਜੀਵਾਣੂਆਂ ਦੀ ਪ੍ਰਕ੍ਰਿਆ ਸ਼ੁਰੂ ਹੋ ਜਾਂਦੀ ਹੈ। ਤਾਪਮਾਨ ਵਧ ਕੇ 60 ਤੋਂ 70 ਡਿਗਰੀ ਤੱਕ ਹੋ ਜਾਂਦਾ ਹੈ। ਉੱਚ ਤਾਪਮਾਨ 'ਤੇ ਬਿਮਾਰੀ ਪੈਦਾ ਕਰਨ ਵਾਲੇ ਕੀਟਾਣੂ ਅਤੇ ਨਦੀਨਾਂ ਦੇ ਬੀਜ ਮਰ ਜਾਂਦੇ ਹਨ। ਊਸ਼ਣ ਤਾਪੀ ਅਵਸਥਾ ਵਿੱਚ ਕਈ ਜੈਵ-ਰਸਾਇਣਿਕ ਪ੍ਰਕ੍ਰਿਆਵਾਂ ਹੁੰਦੀਆਂ ਹਨ ਅਤੇ ਕਚਰੇ ਦਾ ਖਾਦ ਦੇ ਰੂਪ ਵਿੱਚ ਪਰਿਵਰਤਨ ਹੁੰਦਾ ਹੈ। ਇਹ ਅਵਸਥਾ 8-10 ਦਿਨਾਂ ਤੱਕ ਬਣੀ ਰਹਿੰਦੀ ਹੈ ਜੋ ਕੰਪੋਸਟਿੰਗ ਦੀ ਪ੍ਰਕ੍ਰਿਆ ਪੂਰੀ ਹੋਣ ਦੇ ਲਈ ਜ਼ਰੂਰੀ ਹੈ। 10-15 ਦਿਨਾਂ ਬਾਅਦ ਹੌਲੀ-ਹੌਲੀ ਤਾਪਮਾਨ ਘੱਟ ਹੋ ਜਾਂਦਾ ਹੈ ਅਤੇ ਦੁਬਾਰਾ ਸਮਤਾਪੀ ਸੂਖ਼ਮ ਜੀਵਾਂ ਦੀਆਂ ਗਤੀਵਿਧੀਆਂ ਵਧਦੀਆਂ ਹਨ। ਇਸ ਤਰ੍ਹਾ ਕਚਰੇ ਦੇ ਢੇਰ ਜਾਂ ਟੋਏ ਵਿੱਚ ਤਾਪਮਾਨ ਦਾ ਘਟਣਾ ਅਤੇ ਵਧਣਾ ਹੀ ਵਿਘਟਨ ਦੀ ਪ੍ਰਕ੍ਰਿਆ ਦਾ ਸੁਚਾਰੂ ਰੂਪ ਨਾਲ ਚੱਲਣ ਦਾ ਸੂਚਕ ਹੈ।
8. ਖਾਦ ਦਾ ਤਿਆਰ ਹੋਣਾ- ਕੰਪੋਸਟ ਦੇ ਤਿਆਰ ਹੋਣ ਦਾ ਸਮਾਂ ਕਚਰੇ ਦੇ ਪ੍ਰਕਾਰ ਉੱਪਰ ਨਿਰਭਰ ਕਰਦਾ ਹੈ। ਜੇਕਰ ਕਚਰਾ ਹਰਾ ਹੈ ਤਾਂ ਇੱਕ ਜਾਂ ਦੋ ਮਹੀਨੇ ਵਿੱਚ ਖਾਦ ਬਣ ਜਾਂਦਾ ਹੈ ਜਦੋਂਕਿ ਜੇਕਰ ਕਚਰਾ ਸੁੱਕਾ ਹੈ ਤਾਂ ਖਾਦ 3 ਤੋਂ 6 ਮਹੀਨੇ ਵਿੱਚ ਤਿਆਰ ਹੁੰਦਾ ਹੈ। ਖਾਦ ਦਾ ਤਿਆਰ ਹੋਣਾ ਕਚਰੇ ਦੇ ਢੇਰ ਵਿੱਚ ਨਮੀ, ਹਵਾ ਦੇ ਵਹਿਣ ਅਤੇ ਢੇਰ ਦੇ ਤਾਪਮਾਨ ਉੱਪਰ ਨਿਰਭਰ ਕਰਦਾ ਹੈ।
9. ਪੀ ਐੱਚ ਸਤਰ- ਵਿਘਅਨ ਦੀ ਪ੍ਰਕ੍ਰਿਆ ਦੇ ਦੌਰਾਨ ਕਚਰੇ ਦਾ ਪੀ ਐੱਚ ਵੀ ਬਦਲਦਾ ਹੈ, ਇਸ ਪ੍ਰਕ੍ਰਿਆ ਦੇ ਆਰੰਭ ਵਿੱਚ ਜੈਵ-ਰਸਾਇਣਿਕ ਕ੍ਰਿਆਵਾਂ ਦੇ ਦੌਰਾਨ ਕਈ ਅਮਲ ਬਣਦੇ ਹਨ ਇਸਲਈ  ਉਦੋਂ ਪੀ ਐੱਚ ਤੇਜਾਬੀ ਹੁੰਦਾ ਹੈ (6-7)। ਬਾਅਦ ਵਿੱਚ ਵਿਘਟਨ ਦੀ ਪ੍ਰਕ੍ਰਿਆ ਦੇ ਦੌਰਾਨ ਇਹ ਵਧਦਾ ਹੈ ਅਤੇ ਖਾਦ ਦੇ ਤਿਆਰ ਹੋਣ ਤੱਕ ਖਾਰ (8-9) ਹੋ ਜਾਂਦਾ ਹੈ। ਇਸ ਪ੍ਰਕਾਰ ਕੰਪੋਸਟ ਦਾ ਪੀ ਐੱਚ ਮਾਨ (7-9) ਵੀ ਖਾਦ ਦੇ ਤਿਆਰ ਹੋਣ ਦਾ ਸੂਚਕ ਹੈ।
10. ਵਾਤਾਵਰਣ- ਵਾਤਾਵਰਣ ਵਿੱਚ ਪਰਿਵਰਤਨਾਂ ਦਾ ਸਿੱਧਾ ਅਸਰ ਕੰਪੋਸਟਿੰਗ ਦੀ ਪ੍ਰਕ੍ਰਿਆ ਉੱਤੇ ਪੈਂਦਾ ਹੈ। ਜਿਵੇਂ ਬਾਰਿਸ਼ ਦੇ ਦਿਨਾਂ ਵਿੱਚ ਟੋਇਆਂ ਵਿੱਚ ਪਾਣੀ ਭਰ ਜਾਣ ਦਾ ਵਿਘਟਨ ਦੀ ਪ੍ਰਕ੍ਰਿਆ ਉੱਪਰ ਉਲਟ ਅਸਰ ਪੈਂਦਾ ਹੈ। ਇਸੇ ਤਰ੍ਹਾ ਜ਼ਿਆਦਾ ਠੰਡ ਦੇ ਮੌਸਮ ਵਿੱਚ ਵਿਘਟਨ ਦੀ ਪ੍ਰਕ੍ਰਿਆ ਵਿੱਚ ਉਤਪੰਨ ਊਰਜਾ ਵਾਤਾਵਰਣ ਵਿੱਚ ਲੁਪਤ ਹੋ ਜਾਂਦੀ ਹੈ ਅਤੇ ਕੰਪੋਸਟਿੰਗ ਦੀ ਪ੍ਰਕ੍ਰਿਆ ਲਈ ਉਪਯੁਕਤ ਤਾਪਮਾਨ ਢੇਰ ਵਿੱਚ ਨਹੀ ਵਧ ਪਾਉਂਦਾ। ਇਸਲਈ ਜ਼ਰੂਰੀ ਹੈ ਕਿ ਕੰਪੋਸਟਿੰਗ ਦੀ ਵਿਧੀ ਦੀ ਚੋਣ ਮੌਸਮ ਦੇ ਅਨੁਸਾਰ ਹੋਣੀ ਚਾਹੀਦੀ ਹੈ। ਜਿਵੇਂ ਗਰਮੀ ਅਤੇ ਸਰਦੀ ਦੀ ਰੁੱਤ ਵਿੱਚ ਕੰਪੋਸਟ ਟੋਏ ਵਿੱਚ ਬਣਾਈ ਜਾਣੀ ਚਾਹੀਦੀ ਹੈ। ਕੰਪੋਸਟ ਚਾਹੇ ਟੋਏ, ਢੇਰ ਜਾਂ ਟੈਂਕ ਵਿੱਚ ਬਣਾਈ ਜਾ ਰਹੀ ਹੋਵੇ, ਢੇਰ ਪੂਰਾ ਹੋ ਜਾਣ ਤੋਂ ਬਾਅਦ ਉਸਨੂੰ ਮਿੱਟੀ ਦੀ ਮੋਟੀ ਤਹਿ ਜਾਂ ਕਚਰੇ ਦੀ ਮੋਟੀ ਤਹਿ, ਪਲਾਸਟਿਕ ਸ਼ੀਟ ਜਾਂ ਬੋਰੀ ਆਦਿ ਨਾਲ ਢਕਣਾ ਜ਼ਰੂਰੀ ਹੈ ਤਾਂਕਿ ਉਸਦਾ ਵਾਤਾਵਰਣ ਨਾਲ ਸੰਪਰਕ ਘੱਟ ਹੋਵੇ ਅਤੇ ਵਾਤਾਵਰਣ ਵਿੱਚ ਹੋ ਰਹੇ ਪਰਿਵਰਤਨਾਂ ਦਾ ਸਿੱਧਾ ਪ੍ਰਭਾਵ ਉਸ ਉੱਪਰ ਨਾ ਪਏ। ਇਸੇ ਤਰ੍ਹਾ ਕੰਪੋਸਟਿੰਗ ਖੇਤਰ ਦਾ ਛਾਂਦਾਰ ਹੋਣਾ ਵੀ ਵਾਤਾਵਰਣ ਵਿੱਚ ਹੋਣ ਵਾਲੇ ਪਰਿਵਰਤਨਾਂ ਦਾ ਅਸਰ ਘੱਟ ਕਰਦਾ ਹੈ।
ਜੇਕਰ ਕੰਪੋਸਟ ਬਣਾਉਣ ਤੋਂ ਪਹਿਲਾਂ ਉਪਰਲਿਖਿਤ ਸਾਰੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਕਿਸੇ ਵੀ ਪ੍ਰਕਾਰ ਦੇ ਜੈਵਿਕ ਕਚਰੇ ਤੋਂ ਵਧੀਆ ਗੁਣਵੱਤਾ ਵਾਲੀ ਖਾਦ ਬਣਾਈ ਜਾ ਸਕਦੀ ਹੈ ਜੋ ਨਾ ਸਿਰਫ਼ ਫਸਲ ਨੂੰ ਸੰਪੂਰਨ ਪੋਸ਼ਕ ਤੱਤ ਪ੍ਰਦਾਨ ਕਰੇਗੀ ਬਲਕਿ ਮਿੱਟੀ ਵਿੱਚ ਪੋਸ਼ਕ ਤੱਤਾਂ ਦੇ ਚੱਕਰਾਂ ਨੂੰ ਚਲਾਉਣ ਵਾਲੇ ਅਣਗਿਣਤ ਸੂਖ਼ਮ ਜੀਵਾਣੂ ਵੀ ਵਿਕਸਿਤ ਕਰੇਗੀ ਜੋ ਮਿੱਟੀ ਨੂੰ ਸਥਾਈ ਰੂਪ ਨਾਲ ਉਪਜਾਊ ਬਣਾਉਣਗੇ।   
*ਜੈਵਿਕ ਖਾਦ- ਤੰਤਰ ਗਿਆਨ ਪੁਸਤਕ ਵਿਚੋਂ

Friday, January 18, 2013

ਆਓ !ਕੀਟਾਂ ਨੂੰ ਸਮਝੀਏ ......


ਕੀਟਾਂ ਬਾਰੇ ਗੱਲ ਕਰਨ ਤੇ ਕਿਸਾਨ ਦੇ ਮਨ ਵਿੱਚ ਜੋ ਪਹਿਲੀ ਗੱਲ ਆਉਂਦੀ ਹੈ, ਉਹ ਹੈ ਕੀਟਨਾਸ਼ਕ ਜ਼ਹਿਰਾਂ ਨੂੰ ਛਿੜਕ ਕੇ ਇਹਨਾਂ ਕੀਟਾਂ ਨੂੰ ਖ਼ਤਮ ਕਰਨ ਦੀ। ਹਰੀ ਕ੍ਰਾਂਤੀ ਆਉਣ ਤੋਂ ਪਹਿਲਾਂ ਕਿਸਾਨਾਂ ਦੇ ਮਨ ਵਿੱਚ ਕੀਟਾਂ ਲਈ ਕੋਈ ਵੈਰ-ਵਿਰੋਧ ਨਹੀ ਸੀ, ਫਿਰ ਅਚਾਨਕ ਅਜਿਹਾ ਕੀ ਹੋ ਗਿਆ ਕਿ ਕਿਸਾਨ ਅਤੇ ਕੀਟਾਂ ਵਿਚਕਾਰ ਜੰਗ ਛਿੜ ਗਈ। ਕਿਸਾਨ ਹੱਥ ਧੋ ਕੇ ਇਹਨਾਂ ਕੀਟਾਂ ਮਗਰ ਪੈ ਗਿਆ ਪਰ ਇਹ ਕੀਟ ਫਿਰ ਵੀ ਕਿਸਾਨ ਤੋਂ ਕਾਬੂ ਨਾ ਆਏ। ਇਹਨਾਂ ਕੀਟਾਂ ਤੋਂ ਜੇ ਕਿਸਾਨ ਨੇ ਜੰਗ ਜਿੱਤਣੀ ਹੈ ਤਾਂ ਪਹਿਲਾਂ ਇਹਨਾਂ ਨੂੰ ਸਮਝਣਾ ਪਏਗਾ ਅਤੇ ਆਪਣਾ ਨਜ਼ਰੀਆ ਵੀ ਬਦਲਣਾ ਪਏਗਾ। ਪ੍ਰਕ੍ਰਿਤੀ ਨੇ ਇਹਨਾਂ ਨੂੰ ਕਿਸਾਨ ਦਾ ਦੁਸ਼ਮਣ ਨਹੀਂ ਬਣਾਇਆ ਬਲਕਿ ਇਹ ਤਾਂ ਬਾਕੀਆਂ ਵਾਂਗ ਹੀ ਪ੍ਰਕ੍ਰਿਤੀ ਦੁਆਰਾ ਦਿੱਤਾ ਕੰਮ ਹੀ ਕਰ ਰਹੇ ਨੇ। ਕੁੱਝ ਕੀਟਾਂ ਦਾ ਸ਼ਾਕਾਹਾਰੀ ਸੁਭਾਅ ਇਹਨਾਂ ਨੂੰ ਸਾਡਾ ਦੁਸ਼ਮਣ ਬਣਾਉਦਾ ਹੈ ਅਤੇ ਦੂਜੇ ਪਾਸੇ ਕੁੱਝ ਕੀਟਾਂ ਦਾ ਮਾਂਸਾਹਾਰੀ ਸੁਭਾਅ ਉਹਨਾਂ ਨੂੰ ਸਾਡਾ ਮਿੱਤਰ ਬਣਾਉਂਦਾ ਹੈ। ਇਸ ਲਈ ਇਹਨਾਂ ਕੀਟਾਂ ਤੋ ਜਿੱਤਨ ਦੇ ਲਈ ਪਹਿਲਾਂ ਇਹਨਾਂ ਨੂੰ ਸਮਝਣਾ ਪਏਗਾ।

ਪ੍ਰਕ੍ਰਿਤੀ ਨੇ ਇਹਨਾਂ ਨੂੰ ਕਿਸਾਨ ਦਾ ਦੁਸ਼ਮਣ ਨਹੀਂ ਬਣਾਇਆ ਬਲਕਿ ਇਹ ਤਾਂ ਬਾਕੀਆਂ ਵਾਂਗ ਹੀ ਪ੍ਰਕ੍ਰਿਤੀ ਦੁਆਰਾ ਦਿੱਤਾ ਕੰਮ ਹੀ ਕਰ ਰਹੇ ਨੇ। ਕੁੱਝ ਕੀਟਾਂ ਦਾ ਸ਼ਾਕਾਹਾਰੀ ਸੁਭਾਅ ਇਹਨਾਂ ਨੂੰ ਸਾਡਾ ਦੁਸ਼ਮਣ ਬਣਾਉਦਾ ਹੈ ਅਤੇ ਦੂਜੇ ਪਾਸੇ ਕੁੱਝ ਕੀਟਾਂ ਦਾ ਮਾਂਸਾਹਾਰੀ ਸੁਭਾਅ ਉਹਨਾਂ ਨੂੰ ਸਾਡਾ ਮਿੱਤਰ ਬਣਾਉਂਦਾ ਹੈ। ਇਸ ਲਈ ਇਹਨਾਂ ਕੀਟਾਂ ਤੋ ਜਿੱਤਨ ਦੇ ਲਈ ਪਹਿਲਾਂ ਇਹਨਾਂ ਨੂੰ ਸਮਝਣਾ ਪਏਗਾ। ਇਹ ਕੀਟ ਧਰਤੀ ਉੱਪਰ ਲਗਭਗ 33 ਕਰੋੜ ਸਾਲ ਪਹਿਲਾਂ ਆਏ ਜਦਕਿ ਕਿਸਾਨ ਸਿਰਫ਼ 10 ਲੱਖ ਸਾਲ ਪਹਿਲਾਂ ਇਸ ਧਰਤੀ ਉੱਤੇ ਆਇਆ। ਇਹਨਾਂ ਕੀਟਾਂ ਨੇ ਅੱਗ ਦੇ, ਬਰਫ਼ ਦੇ ਯੁੱਗ ਵੇਖੇ ਅਤੇ ਇਹਨਾਂ ਯੁੱਗਾ ਨੂੰ ਪਾਰ ਕਰਦੇ ਹੋਏ ਅੱਜ ਤੱਕ ਜੀਵਿਤ ਹਨ। ਤਾਂ ਫਿਰ ਕਿਸਾਨ ਕਿਵੇਂ ਇਹਨਾਂ ਦਾ ਵੰਸ਼-ਨਾਸ਼ ਕਰ ਸਕਦਾ ਹੈ। ਅੱਜ ਹਰ ਕੰਪਨੀ ਨਵੇਂ ਤੋ ਨਵੇਂ ਕੀਟਨਾਸ਼ਕ ਨਾਲ ਇਹਨਾਂ ਕੀਟਾ ਨੂੰ ਖ਼ਤਮ ਕਰਨ ਦਾ ਦਾਅਵਾ ਕਰਦੀ ਹੈ, ਪਰ ਜ਼ਰਾ ਸੋਚੋ ਕਿ ਜੇ ਇੰਝ ਹੋ ਸਕਦਾ ਤਾਂ ਅੱਜ ਚਾਲੀ ਸਾਲਾਂ ਵਿੱਚ ਇਹਨਾਂ ਕੀਟਾ ਦਾ ਨਾਮੋ-ਨਿਸ਼ਾਨ ਵੀ ਨਹੀ ਰਹਿਣਾ ਚਾਹੀਦਾ ਸੀ, ਪਰ ਇੰਝ ਨਹੀ ਹੋਇਆ ਅਤੇ ਕਿਸਾਨ ਹਰ ਵਾਰ ਇਹਨਾਂ ਕੀਟਾਂ ਨੂੰ ਕੰਟਰੋਲ ਕਰਨ ਦੇ ਨਾਮ ਉੱਤੇ ਇਹਨਾਂ ਕੰਪਨੀਆਂ ਵੱਲੋਂ ਲੁੱਟਿਆ ਗਿਆ। ਸੋ ਇਹਨਾਂ ਕੀਟਾ ਨਾਲ ਆਪਣੀ ਜੰਗ ਵਿੱਚ ਕਿਸਾਨ ਅੱਜ ਤੱਕ ਇਹਨਾਂ ਕੀਟਨਾਸ਼ਕ ਜ਼ਹਿਰਾਂ ਦੇ ਸਿਰ ਉੱਤੇ ਨਹੀ ਜਿੱਤ ਪਾਇਆ ਹੈ ਅਤੇ ਨਾ ਹੀ ਆਉਣ ਵਾਲੇ ਸਮੇਂ ਵਿੱਚ ਜਿੱਤ ਸਕੇਗਾ।

ਇਹ ਸਭ ਪੜ੍ਹਨ ਤੋਂ ਬਾਅਦ ਕਿਸਾਨਾਂ ਦੇ ਮਨ ਵਿੱਚ ਇੱਕ ਸਵਾਲ ਜ਼ਰੂਰ ਉੱਠ ਰਿਹਾ ਹੋਵੇਗਾ ਕਿ ਜੇ ਕੀਟਨਾਸ਼ਕ ਜ਼ਹਿਰਾਂ ਨਹੀ ਵਰਤਣੀਆਂ ਤਾਂ ਇਹਨਾਂ ਨੂੰ ਕਾਬੂ ਕਿਵੇਂ ਕੀਤਾ ਜਾਵੇ। ਇਸ ਸਵਾਲ ਦਾ ਜਵਾਬ ਹੈ - ਕੀਟਾਂ ਨੂੰ ਜਾਣ-ਸਮਝ ਕੇ। ਜਿਵੇਂ ਕਿਸੇ ਦੁਸ਼ਮਣ ਨਾਲ ਜੰਗ ਜਿੱਤਣ ਲਈ ਉਸ ਦੀ ਤਾਕਤ, ਉਸਦੀ ਕਮਜ਼ੋਰੀ ਅਤੇ ਉਸਦੇ ਭੇਦਾ ਬਾਰੇ ਪਤਾ ਹੋਣਾ ਜ਼ਰੂਰੀ ਹੈ, ਠੀਕ ਇਸੇਂ ਤਰ੍ਹਾ ਸਾਨੂੰ ਕੀਟਾ ਨਾਲ ਆਪਣੀ ਜੰਗ ਜਿੱਤਣ ਲਈ ਇਹਨਾਂ ਦੀ ਪਛਾਣ, ਇਹਨਾਂ ਦੀ ਤਾਕਤ ਅਤੇ ਕਮਜ਼ੋਰੀ ਬਾਰੇ ਪਤਾ ਹੋਣਾ ਚਾਹੀਦਾ ਹੈ ਫਿਰ ਹੀ ਇਹ ਜੰਗ ਜਿੱਤੀ ਜਾ ਸਕੇਗੀ। ਮਹਾਭਾਰਤ ਜਿਹੀ ਵੱਡੀ ਲੜ੍ਹਾਈ ਸਿਰਫ 18 ਦਿਨ ਵਿੱਚ ਖ਼ਤਮ ਹੋ ਗਈ ਕਿਉਂਕਿ ਕੌਰਵਾਂ ਅਤੇ ਪਾਂਡਵਾਂ ਨੂੰ ਇੱਕ ਦੂਜੇ ਦੇ ਭੇਦਾ, ਤਾਕਤ ਅਤੇ ਕਮਜ਼ੋਰੀਆਂ ਦੀ ਪੂਰੀ ਜ਼ਾਣਕਾਰੀ ਸੀ। ਜਦਕਿ ਕਿਸਾਨਾਂ ਕੋਲ ਕੀਟਾ ਬਾਰੇ ਇਸ ਤਰ੍ਹਾ ਦੀ ਕੋਈ ਜਾਣਕਾਰੀ ਨਹੀ, ਇਸਲਈ ਕਿਸਾਨ ਅੱਜ ਤੱਕ ਇਹ ਜੰਗ ਨਹੀ ਜਿੱਤ ਸਕਿਆ। ਦੂਸਰੀ ਮਹੱਤਵਪੂਰਨ ਗੱਲ, ਮਹਾਂਭਾਰਤ ਦੀ ਲੜ੍ਹਾਈ ਵਿੱਚ ਹਰ ਯੋਧੇ ਕੋਲ ਦੋ ਤਰ੍ਹਾ ਦੇ ਹਥਿਆਰ ਸਨ, ਇੱਕ ਖ਼ੁਦ ਦੀ ਰੱਖਿਆ ਕਰਨ ਲਈ ਅਤੇ ਇੱਕ ਦੂਸਰਿਆਂ ਨੂੰ ਮਾਰਨ ਵਾਸਤੇ, ਪਰ ਸਾਡੇ ਕਿਸਾਨਾ ਕੋਲ ਸਿਰਫ ਮਾਰਨ ਵਾਲੇ ਹਥਿਆਰ ਹਨ ਅਤੇ ਉਹ ਵੀ ਬੇਗਾਨੇ। ਅਤੇ ਬੇਗਾਨੇ ਹਥਿਆਰਾਂ ਨਾਲ ਜੰਗ ਨਹੀ ਜਿੱਤੀ ਜਾਂਦੀ। ਇਸਲਈ ਅੱਜ ਤੱਕ ਇਹ ਜੰਗ ਜਾਰੀ ਹੈ।

ਸੋ ਕਿਸਾਨਾਂ ਨੇ ਜੇ ਇਹ ਜੰਗ ਜਿੱਤਣੀ ਹੈ ਤਾਂ ਉਸ ਨੂੰ ਤਿੰਨ ਕੰਮ ਕਰਨੇ ਪੈਣਗੇ-

1. ਕੀਟਾਂ ਦੀਆਂ ਵਿਭਿੰਨ ਅਵਸਥਾਵਾਂ ਦੀ ਸਹੀ ਪਹਿਚਾਨ

2. ਕੀਟਾਂ ਦੇ ਭੇਦ ਜਾਣਨੇ

3. ਆਪਣੇ ਖ਼ੁਦ ਦੇ ਹਥਿਆਰ ਵਿਕਸਿਤ ਕਰਨੇ।

ਕੀਟ ਕੀ ਹਨ?

ਕੀਟ ਉਹਨਾਂ ਰੀੜ੍ਹ ਵਿਹੀਨ ਜੀਵਾ ਨੂੰ ਕਿਹਾ ਜਾਂਦਾ ਹੈ, ਜਿੰਨ੍ਹਾਂ ਦਾ ਸ਼ਰੀਰ ਤਿੰਨ ਭਾਗਾਂ ਸਿਰ, ਧੜ ਅਤੇ ਪੇਟ ਵਿੱਚ ਵੰਡਿਆ ਹੁੰਦਾ ਹੈ ਅਤੇ ਦੋ ਜੋੜੀ ਖੰਭ ਅਤੇ ਤਿੰਨ ਜੋੜੀ ਲੱਤਾ ਹੁੰਦੀਆਂ ਹਨ। ਕੀਟ ਦੀਆਂ ਅੱਖਾ, ਮੂੰਹ ਅਤੇ ਐਟੀਨਾ ਇਸਦੇ ਸਿਰ ਵਾਲੇ ਹਿੱਸੇ ਵਿੱਚ ਹੁੰਦੀਆ ਹਨ। ਲੱਤਾ ਅਤੇ ਖੰਭ ਧੜ ਉੱਪਰ ਹੁੰਦੇ ਹਨ। ਇਹਨਾਂ ਦੀਆਂ ਚਾਰ ਅਵਸਥਾਵਾਂ ਹੁੰਦੀਆਂ ਹਨ- ਅੰਡਾ, ਲਾਰਵਾ, ਪਿਊਪਾ ਅਤੇ ਬਾਲਗ। ਲਾਰਵਾ(ਸੁੰਡੀ) ਵਿੱਚ ਹੀ ਕੀਟ ਨੁਕਸਾਨ ਪਹੁੰਚਾਉਦੇ ਹਨ। ਕੀਟਾਂ ਦਾ ਖ਼ੂਨ ਹਵਾ ਦੇ ਸੰਪਰਕ ਵਿੱਚ ਆਉਣ ਤੇ ਨਹੀ ਜੰਮਦਾ। ਇਸ ਲਈ ਖ਼ੂਨ ਵਹਿ ਜਾਣ ਨਾਲ ਵੀ ਇਹਨਾਂ ਦੀ ਮੌਤ ਯਕੀਨੀ ਹੈ।

ਭੋਜਨ ਦੀ ਤਾਸੀਰ ਦੇ ਆਧਾਰ ਉੱਤੇ ਕੀਟ ਦੋ ਪ੍ਰਕਾਰ ਦੇ ਹਨ- ਮਾਂਸਾਹਾਰੀ ਅਤੇ ਸ਼ਾਕਾਹਾਰੀ।

ਸ਼ਾਕਾਹਾਰੀ ਕੀਟਾਂ ਨੂੰ ਮੂੰਹ ਦੀ ਬਨਾਵਟ ਦੇ ਆਧਾਰ ਤੇ ਮੁੱਖ ਤੌਰ ਤੇ 2 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ-

1. ਛੇਦਕ ਅਤੇ ਪੱਤੇ ਖਾਣ ਵਾਲੇ- ਇਹ ਕੀਟ ਪੱਤੇ, ਤਣਾ, ਜੜ੍ਹ, ਫੁੱਲ ਅਤੇ ਪੌਦੇ ਦਾ ਫਲ ਖਾਂਦੇ ਹਨ। ਇਹਨਾਂ ਦੀ ਜਿੰਦਗੀ ਦੀਆਂ ਚਾਰ ਅਵਸਥਾਵਾਂ ਹੁੰਦੀਆਂ ਹਨ- ਅੰਡਾ, ਲਾਰਵਾ, ਪਿਊਪਾ ਅਤੇ ਬਾਲਗ। ਪਿਊਪਾ, ਬਾਲਗ ਅਤੇ ਅੰਡਾ ਅਵਸਥਾ ਫ਼ਸਲ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਦੇ ਜਦਕਿ ਲਾਰਵਾ ਫ਼ਸਲ ਨੂੰ ਖਾ ਕੇ ਆਰਥਿਕ ਨੁਕਸਾਨ ਪਹੁੰਚਾਉਂਦੇ ਹਨ।

2. ਰਸ ਚੂਸਕ- ਇਹ ਕੀਟ ਪੱਤੇ, ਤਣੇ ਅਤੇ ਫਲ ਦਾ ਰਸ ਚੂਸਦੇ ਹਨ। ਇਹਨਾਂ ਦੀ ਜਿੰਦਗੀ ਦੀਆਂ ਤਿੰਨ ਅਵਸਥਾਵਾਂ ਹੁੰਦੀਆਂ ਹਨ - ਅੰਡਾ, ਨਿਮਫ(ਬੱਚੇ) ਅਤੇ ਬਾਲਗ। ਇਹਨਾਂ ਵਿੱਚੋਂ ਅੰਡਾ ਕੋਈ ਨੁਕਸਾਨ ਨਹੀਂ ਕਰਦਾ ਚਦਕਿ ਨਿਮਫ ਅਤੇ ਬਾਲਗ ਰਸ ਚੂਸ ਕੇ ਫਸਲ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਹ ਕੁੱਝ ਫ਼ਸਲਾਂ ਵਿੱਚ ਵਿਸ਼ਾਣੂ ਰੋਗਾਂ ਨੂੰ ਫੈਲਾਉਣ ਲਈ ਵਾਹਕ ਦਾ ਕੰਮ ਵੀ ਕਰਦੇ ਹਨ।

ਪਰ ਸਾਨੂੰ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈ ਕਿਓਂਕਿ ਜੇ ਸਾਡੀ ਫ਼ਸਲ ਨੂੰ ਖਾਣ ਵਾਲੇ ਕੀੜੇ ਹਨ ਤਾਂ ਕੁਦਰਤ ਨੇ ਇਹਨਾਂ ਕੀੜਿਆਂ ਨੂੰ ਖਾਣ ਵਾਲੇ ਜੀਵ ਵੀ ਪੈਦਾ ਕੀਤੇ ਹੋਣਗੇ। ਸੋ ਆਪਾਂ ਅਜਿਹੇ ਹੀ ਸ਼ਾਕਾਹਾਰੀ ਕੀਟਾਂ ਨੂੰ ਖਾਣ ਵਾਲੇ ਮਾਸਾਹਾਰੀ ਕੀੜਿਆਂ ਬਾਰੇ ਜਾਣ ਕੇ ਆਪਣਾ ਕੀਟਨਾਸ਼ਕਾਂ ਉੱਪਰ ਹੋਣ ਵਾਲਾ ਖ਼ਰਚ ਬਚਾ ਸਕਦੇ ਹਾਂ।

ਸ਼ਾਕਾਹਾਰੀ ਕੀੜਿਆ ਨੂੰ ਖ਼ਤਮ ਕਰਨ ਵਾਲੇ ਕੁਦਰਤ ਵਿੱਚ ਬਹੁਤ ਸਾਰੇ ਮਾਸਾਹਾਰੀ ਕੀੜੇ ਜਿਵੇਂ ਪਰਜੀਵੀ,ਸ਼ਿਕਾਰੀ, ਮੱਕੜੀਆਂ ਅਤੇ ਪੰਛੀ ਆਦਿ ਹਨ ਜਿਹੜੇ ਇਹਨਾਂ ਸ਼ਾਕਾਹਾਰੀ ਕੀੜਿਆਂ ਨੂੰ ਖਾਂਦੇ ਹਨ। ਧਰਤੀ ਉੱਪਰ ਰਹਿਣ ਵਾਲੇ ਸਜੀਵ ਜੀਵਾਂ ਦੀ ਕੁੱਲ ਆਬਾਦੀ ਦਾ 75 ਪ੍ਰਤੀਸ਼ਤ ਕੀੜੇ ਹਨ। ਇਹਨਾਂ ਵਿੱਚੋਂ ਸਿਰਫ਼ 10-15 ਪ੍ਰਤੀਸ਼ਤ ਹੀ ਫ਼ਸਲਾਂ ਦਾ ਆਰਥਿਕ ਨੁਕਸਾਨ ਕਰਦੇ ਹਨ। ਕੀਟਨਾਸ਼ਕਾਂ ਦਾ ਪ੍ਰਯੋਗ ਬੰਦ ਕਰਕੇ ਅਤੇ ਕੁੱਝ ਆਸਾਨ ਪ੍ਰੰਪਰਾਗਤ ਤਰੀਕੇ ਅਪਣਾ ਕੇ ਇਹਨਾਂ ਮਿੱਤਰ ਕੀੜਿਆਂ ਨੂੰ ਉਤਸਾਹਿਤ ਕੀਤਾ ਜਾ ਸਕਦਾ ਹੈ। ਸਾਨੂੰ ਟਿਕਾਊ ਅਤੇ ਜ਼ਿਆਦਾ ਝਾੜ ਲੈਣ ਲਈ ਸਾਡੇ ਮਿੱਤਰ ਮਾਸਾਹਾਰੀ ਕੀੜਿਆਂ ਲਈ ਢੁੱਕਵਾਂ ਵਾਤਾਵਰਣ ਪ੍ਰਦਾਨ ਕਰਨਾ ਹੋਵੇਗਾ।

ਫ਼ਸਲ ਕੀਟ ਪ੍ਰਬੰਧਨ ਵਿੱਚ ਕਿਸਾਨਾਂ ਦੇ ਮਿੱਤਰ ਕੀੜਿਆਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ -

ਪਰਜੀਵੀ ਅਤੇ ਸ਼ਿਕਾਰੀ

ਪਰਜੀਵੀ- ਇਹ ਭੂੰਡਾਂ ਅਤੇ ਮੱਖੀਆਂ ਦੇ ਪਰਿਵਾਰ ਨਾਲ ਸੰਬੰਧਿਤ ਹਨ। ਇਹ ਪਰਜੀਵੀ, ਕੀੜੇ ਦੇ ਸਰੀਰ ਦੇ ਅੰਦਰ ਰਹਿ ਕੇ ਆਪਣੇ ਜੀਵਨ ਦੀਆਂ ਅਵਸਥਾਵਾਂ ਪੂਰੀਆਂ ਕਰਦੇ ਹਨ ਅਤੇ ਬਾਲਗ ਪਰਜੀਵੀ ਖੁਲ੍ਹੇ ਵਿੱਚ ਰਹਿੰਦੇ ਹਨ। ਭੂੰਡਾਂ ਕੋਲ ਸੂਈ ਵਾਂਗ ਇੰਕ ਅੰਗ ਹੁੰਦਾ ਹੈ ਜਿਸਨੂੰ ਉਹ ਜ਼ਹਿਰੀਲੇ ਤੱਤ ਅਤੇ ਅੰਡੇ ਦੂਜੇ ਦੇ ਸ਼ਰੀਰ ਵਿੱਚ ਦੇਣ ਲਈ ਵਰਤਦੇ ਹਨ। ਮੱਖੀਆਂ ਕੋਲ ਅਜਿਹਾ ਅੰਗ ਨਹੀਂ ਹੁੰਦਾ ਇਸਲਈ ਉਹ ਆਪਣੇ ਅੰਡੇ ਪੱਤੇ ਉੱਪਰ ਕੀੜੇ ਦੇ ਇਰਦ-ਗਿਰਦ ਜਾਂ ਉਸਦੇ ਸ਼ਰੀਰ ਉੱਪਰ ਦਿੰਦੀਆਂ ਹਨ। ਜਦ ਅੰਡੇ ਵਿੱਚੋਂ ਬੱਚੇ ਨਿਕਲਦੇ ਹਨ ਤਾਂ ਉਾਨਾਂ ਦੇ ਆਸ-ਪਸਾ ਹੀ ਭੋਜਨ ਹੁੰਦਾ ਹੈ ਅਤੇ ਉਹ ਉਸ ਕੀੜੇ ਦੇ ਸ਼ਰੀਰ ਵਿੱਚ ਮੋਰੀ ਕਰ ਦਿੰਦੇ ਹਨ ਅਤੇ ਅੰਦਰੋਂ ਉਸ ਨੂੰ ਖਾਣਾ ਸ਼ੁਰੂ ਕਰ ਦਿੰਦੇ ਹਨ।

ਸ਼ਿਕਾਰੀ- ਇਸ ਅਧੀਨ ਬਹੁਤ ਤਰ੍ਹਾ ਦੀਆਂ ਕਿਸਮਾਂ ਆਉਦੀਆਂ ਹਨ ਜਿਵੇਂ ਕੁੱਝ ਬੱਗ ਜੋ ਕੀੜਿਆਂ ਦੇ ਸ਼ਰੀਰ ਦਾ ਰਸ ਚੂਸਦੇ ਹਨ, ਜਦੋਂ ਕਿ ਲੇਡੀ ਬੀਟਲ ਅਤੇ ਕਰਾਈਸੋਪਾ ਜਿਹੇ ਸ਼ਿਕਾਰੀ ਇਹਨਾਂ ਕੀੜਿਆਂ ਦੇ ਅੰਡੇ , ਲਾਰਵੇ, ਪਿਊਪੇ ਅਤੇ ਬਾਲਗ ਤੱਕ ਖਾ ਜਾਂਦੇ ਹਨ। ਮੱਕੜੀ ਅਤੇ ਪੰਛੀ ਵੀ ਅਲੱਗ-ਅਲੱਗ ਅਵਸਥਾਵਾਂ ਸਮੇਂ ਇਹਨਾਂ ਕੀੜਿਆਂ ਨੂੰ ਖਾ ਜਾਂਦੇ ਹਨ।

ਸੋ ਕਿਸਾਨ ਵੀਰ ਇਹਨਾਂ ਮੁਫਤ ਦੇ ਕੀਟਨਾਸ਼ਕਾਂ ਦਾ ਇਸਤੇਮਾਲ ਕਰਕੇ ਜ਼ਹਰੀਲੇ ਕੀਟਨਾਸ਼ਕਾਂ ਉੱਪਰ ਹੋਣ ਵਾਲੇ ਖਰਚ ਦੇ ਨਾਲ-ਨਾਲ ਵਾਤਾਵਰਣ ਅਤੇ ਆਪਣੀ ਸੇਹਤ ਨੂੰ ਵੀ ਬਚਾ ਸਕਦੇ ਹਨ।

ਕੁਦਰਤੀ ਖੇਤੀ ਵਿਚ ਗਊ ਦਾ ਮਹੱਤਵ

ਭਾਰਤ ਵਿਚ ਗਊ ਹਮੇਸ਼ਾ ਤੋਂ ਹੀ ਖੇਤੀ ਦਾ ਧੁਰਾ ਰਹੀ ਹੈ। ਸਾਡੀ ਖੇਤੀ, ਖੇਤੀ ਵਿਚਲੀਆਂ ਕਿਰਿਆਂਵਾਂ ਸਭ ਗਊ ਦੇ ਦੁਆਲੇ ਹੀ ਘੁੰਮਦੀਆਂ ਰਹੀਆਂ ਹਨ। ਗਊ ਦੇ ਗੋਬਰ ਦੀ ਖਾਦ ਸਾਡੀ ਜਮੀਨ ਨੂੰ ਉਪਜਾਊ ਬਣਾਉਂਦੀ ਰਹੀ ਹੈ। ਪਰ ਜਦ ਰਸਾਇਣਿਕ ਖੇਤੀ ਸ਼ੁਰੂ ਹੋਈ ਤਾਂ ਗਊ ਦੇ ਗੋਬਰ ਦੀ ਥਾਂ ਯੂਰੀਆ ਅਤੇ ਡੀ ਏ ਪੀ ਜਹੀਆਂ ਖਾਦਾਂ ਨੇ ਲੈ ਲਈ ਜਿਸਦਾ ਨਤੀਜ਼ਾ ਅੱਜ ਸਾਡੇ ਸਾਹਮਣੇ ਗੋਬਰ ਤੋਂ ਤਿਆਰ ਖਾਦ ਨੂੰ ਉੱਤਮ ਖਾਦ ਅਤੇ ਗੋਮੂਤਰ ਤੋਂ ਉੱਤਮ ਕੀਟਨਾਸ਼ਕ ਤਿਆਰ ਹੁੰਦੇ ਹਨ। ਇਸ ਤਰ੍ਹਾ ਗਊ ਜਿੰਨਾ ਲੈਂਦੀ ਹੈ, ਉਸਤੋਂ ਕੀਤੇ ਵੱਧ ਦਿੰਦੀ ਹੈ। ਗਊ ਦੇ ਇਸੇ ਗੁਣ ਕਾਰਨ ਹੀ ਭਾਰਤ ਵਿਚ ਉਸ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਅਤੇ ਉਸਦੀ ਪੂਜਾ ਕੀਤੀ ਗਈ। ਜਮੀਨ ਦੀ ਘਟਦੀ ਉਪਜਾਊ ਸ਼ਕਤੀ ਦੇ ਰੂਪ ਵਿਚ ਆ ਰਹਾ ਹੈ। ਅੱਜ ਜਮੀਨ, ਵਾਤਾਵਰਣ ਅਤੇ ਮਨੁੱਖ ਦੀ ਨਿਘਰਦੀ ਸਿਹਤ ਵੇਖ ਕੇ ਫਿਰ ਤੋਂ ਗਊ ਆਧਾਰਤਿ ਕੁਦਰਤੀ ਖੇਤੀ ਦੀ ਮੰਗ ਉੱਠਣ ਲੱਗੀ ਹੈ ਅਤੇ ਕਿਸਾਨ ਇਸ ਪਾਸੇ ਵੱਲ ਆਉਣ ਲੱਗੇ ਹਨ। ਜੇ ਇਹ ਕਿਹਾ ਜਾਵੇ ਕਿ ਗਊ ਤੋਂ ਬਿਨਾਂ ਕੁਦਰਤੀ ਖੇਤੀ ਸੰਭਵ ਹੀ ਨਹੀ ਤਾਂ ਕੋਈ ਅਤਿਕਥਨੀ ਨਹੀ ਹੋਵੇਗੀ।

ਇਸ ਆਧੁਨਿਕ ਯੁੱਗ ਵਿਚ ਵੀ ਛੋਟੇ ਅਤੇ ਮੱਧਮ ਵਰਗ ਦੇ ਕਿਸਾਨਾਂ ਲਈ ਖੇਤੀ ਕਰਨ ਦੇ ਲਈ ਬੈਲਾਂ ਦੀ ਜਰੂਰਤ ਬਣੀ ਹੋਈ ਹੈ ਜੋ ਕਿ ਗਊ ਤੋਂ ਪ੍ਰਾਪਤ ਹੁੰਦੇ ਹਨ। ਗਊ ਤੋਂ ਦੁੱਧ, ਦਹੀ, ਘਿਓ , ਗੋਬਰ ਅਤੇ ਗੋਮੂਤਰ ਜਿਸਨੂੰ ਪੰਚਗਵਯ ਕਹਾ ਜਾਂਦਾ ਹੈ, ਪ੍ਰਾਪਤ ਹੁੰਦੇ ਹਨ। ਦੁੱਧ, ਦਹੀ ਅਤੇ ਘਿਓ ਨੂੰ ਸਿਹਤ ਵਰਧਕ ਮੰਨਿਆ ਜਾਂਦਾ ਹੈ।

ਗਊ ਦਾ ਗੋਬਰ ਅਤੇ ਗਊਮੂਤਰ ਜਮੀਨ ਨੂੰ ਊਪਜਾਊ ਬਣਾਉਣ ਦੇ ਨਜਰੀਏ ਤੋਂ ਉੱਤਮ ਮੰਨਿਆ ਗਿਆ ਹੈ। ਗੋਬਰ ਤੋਂ ਤਿਆਰ ਖਾਦ ਨੂੰ ਉੱਤਮ ਖਾਦ ਅਤੇ ਗੋਮੂਤਰ ਤੋਂ ਉੱਤਮ ਕੀਟਨਾਸ਼ਕ ਤਿਆਰ ਹੁੰਦੇ ਹਨ। ਇਸ ਤਰ੍ਹਾ ਗਊ ਜਿੰਨਾ ਲੈਂਦੀ ਹੈ, ਉਸਤੋਂ ਕੀਤੇ ਵੱਧ ਦਿੰਦੀ ਹੈ। ਗਊ ਦੇ ਇਸੇ ਗੁਣ ਕਾਰਨ ਹੀ ਭਾਰਤ ਵਿਚ ਉਸ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਅਤੇ ਉਸਦੀ ਪੂਜਾ ਕੀਤੀ ਗਈ।

ਅੱਜ-ਕੱਲ੍ਹ ਵਿਦੇਸ਼ਾਂ ਤੋਂ ਆਯਾਤ ਕੀਤੀਆਂ ਦੋਗਲੀ ਨਸਲ ਦੀਆਂ ਗਾਵਾਂ ਕਿਸਾਨਾਂ ਦੇ ਘਰਾਂ ਵਿਚ ਆ ਗਈਆਂ ਹਨ ਪਰ ਉਹਨਾਂ ਵਿਚ ਉਹ ਗੁਣ ਨਹੀ ਜੋ ਸਾਡੀਆਂ ਦੇਸੀ ਨਸਲ ਦੀਆਂ ਗਾਵਾਂ ਵਿਚ ਹਨ ਜਿੰਨਾਂ ਗੁਣਾਂ ਕਰਕੇ ਦੇਸੀ ਗਊ ਦੇ ਦੁੱਧ ਨੂੰ ਅਮ੍ਰਿਤ ਦਾ ਦਰਜਾ ਦਿੱਤਾ ਗਿਆ। ਦੋਗਲੀ ਨਸਲ ਦੀਆਂ ਗਊਆਂ ਦੇ ਦੁੱਧ, ਗੋਬਰ ਅਤੇ ਗੋਮੂਤਰ ਵਿਚ ਔਸ਼ਧੀ ਗੁਣ ਨਹੀ ਪਾਏ ਜਾਂਦੇ। ਇਹਨਾਂ ਨੂੰ ਪਾਲਣ ਤੇ ਜਿਆਦਾ ਖਰਚ ਕਰਨਾ ਪੈਂਦਾ ਹੈ। ਇਹ ਜਿਆਦਾ ਗਰਮੀ ਨਹੀ ਝੱਲ ਪਾਉਂਦੀਆਂ ਜਦੋਂ ਕਿ ਦੇਸੀ ਗਊ ਆਪਣੇ ਇੱਥੋਂ ਦੇ ਵਾਤਾਵਰਣ ਦੇ ਪੂਰੀ ਤਰ੍ਹਾ ਅਨੁਕੂਲ ਹੈ।

ਦੇਸੀ ਗਊ ਤੋਂ ਪ੍ਰਾਪਤ ਹੋਣ ਵਾਲੇ ਪਦਾਰਥ ਅਤੇ ਉਹਨਾਂ ਦਾ ਖੇਤੀ ਵਿਚ ਉਪਯੋਗ- ਦੁੱਧ- ਗਾਂ ਦੇ ਦੁੱਧ ਵਿਚ 87.3 ਪ੍ਰਤੀਸ਼ਤ ਪਾਣੀ, 4 ਪ੍ਰਤੀਸ਼ਤ ਪ੍ਰੋਟੀਨ, 4 ਪ੍ਰਤੀਸ਼ਤ ਵਸਾ , 4 ਪ੍ਰਤੀਸ਼ਤ ਕਾਰਬੋਹਾਈਡ੍ਰੇਟ, 0.6 ਪ੍ਰਤੀਸ਼ਤ ਖਣਿਜ, 65 ਪ੍ਰਤੀਸ਼ਤ ਊਸ਼ਮਾ ਹੁੰਦੀ ਹੈ। ਇਸ ਵਿਚ ਕੈਲਸ਼ੀਅਮ, ਸੋਡੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ, ਕਲੋਰੀਨ ਸਵਰਨ ਲੋਹ, ਖਣਿਜ ਤੱਤ ਆਦਿ ਸ਼ਾਮਲਿ ਹਨ।

ਦੁੱਧ ਦੇ ਐਂਟੀਵਾਇਰਸ ਗੁਣ ਦੇ ਕਾਰਨ ਇਸ ਦਾ ਪ੍ਰਯੋਗ ਖੇਤੀ ਵਿਚ ਵਾਇਰਸ ਰੋਗਾਂ ਲਈ ਕੀਤਾ ਜਾਂਦਾ ਹੈ।

ਗੋਮੂਤਰ- ਗੋਮੂਤਰ ਦੇ ਕੁਝ ਮੁੱਖ ਤੱਤ ਹਨ- ਨਾਈਟ੍ਰੋਜਨ, ਸਲਫਰ, ਅਮੋਨੀਆ, ਮੈਂਗਨੀਜ, ਪੋਟਾਸ਼ੀਅਮ, ਯੂਰੀਆ, ਸੋਡੀਅਮ, ਆਇਰਨ।

ਗੋਮੂਤਰ ਬਹੁਤ ਤੇਜ ਹੁੰਦਾ ਹੈ। ਇਸਲਈ ਇਸਦਾ ਪੌਦਿਆਂ ਉੱਪਰ ਸਿਧਾ ਪ੍ਰਯੋਗ ਨਹੀ ਕੀਤਾ ਜਾਂਦਾ। ਇੱਕ ਭਾਗ ਗੋਮੂਤਰ ਨੂੰ ਦਸ ਭਾਗ ਤੋਂ ਸੌ ਭਾਗ ਪਾਣੀ ਵਿਚ ਮਿਲਾ ਕੇ ਪੌਦਆਿਂ ਉੱਪਰ ਛਿੜਕਾ ਕਰਨ ਨਾਲ ਪੌਦਿਆਂ ਦਾ ਵਿਕਾਸ ਵਧੀਆ ਹੁੰਦਾ ਹੈ। ਇਹ ਨਾਈਟ੍ਰੋਜਨ, ਫਾਸਫੋਰਸ ਪੋਟਾਸ਼ ਆਦਿ ਦੀ ਪੂਰਤੀ ਕਰਦਾ ਹੈ। ਗੋਮੂਤਰ ਕੀਟਾਂ ਨੂੰ ਕਾਬੂ ਕਰਨ ਵਿਚ ਵੀ ਕੰਮ ਕਰਦਾ ਹੈ।

ਗੋਬਰ- ਗੋਬਰ, ਮਲ ਨਹੀ ਸਗੋਂ ਗੋ-ਵਰ ਹੈ। ਇਸ ਵਿਚ 16 ਖਣਿਜ ਹੁੰਦੇ ਹਨ। ਗਾਂ ਦੇ ਗੋਬਰ ਵਿਚ ਰੇਡੀਓ ਐਕਟਵਿ ਕਿਰਣਾਂ ਨੂੰ ਸੋਖਣ ਦਾ ਅਦਭੁੱਤ ਗੁਣ ਹੁੰਦਾ ਹੈ। ਗੋਬਰ ਤੋਂ ਤਿਆਰ ਖਾਦ ਵਿਚ ਵਟਾਮਨਿ ਬੀ-12 ਕਾਫੀ ਮਾਤਰਾ ਵਿਚ ਮੌਜੂਦ ਹੁੰਦਾ ਹੈ ਜੋ ਸ਼ਰੀਰ ਲਈ ਬਹੁਤ ਜਰੂਰੀ ਹੈ। ਇਹ ਖਾਦ ਦੁਆਰਾ ਉਗਾਏ ਗਏ ਫਲ ਅਤੇ ਹਰੀਆਂ ਸਬਜੀਆਂ ਰਾਹੀ ਸਾਡੇ ਸ਼ਰੀਰ ਤੱਕ ਪਹੁੰਚਦਾ ਹੈ।

ਗੋਬਰ ਵਿਚ ਅਣਗਣਿਤ ਜੀਵਾਣੂ ਹੁੰਦੇ ਹਨ ਜੋ ਖੇਤੀ ਵਿਚ ਉਪਯੋਗੀ ਭੂਮਿਕਾ ਨਿਭਾਉਂਦੇ ਹਨ। ਗੋਬਰ ਦੀਆਂ ਪਾਥੀਆਂ ਦੀ ਰਾਖ ਖਾਦ ਵਿਚ ਪਾਉਣ ਨਾਲ ਜੀਵਾਣੂਆਂ ਦੀ ਕਿਰਿਆ ਵਧਦੀ ਹੈ ਅਤੇ ਖਾਦ ਵਿਚ ਐਨ ਪੀ ਕੇ ਦੀ ਮਾਤਰਾ ਵੀ ਵਧਦੀ ਹੈ।

ਇਸ ਤਰ੍ਹਾ ਅਸੀਂ ਦੇਖਦੇ ਹਾਂ ਕਿ ਕੁਦਰਤੀ ਖੇਤੀ ਗਊ ਤੋਂ ਬਿਨਾਂ ਅਧੂਰੀ ਹੈ। ਗਊ ਕਿਸਾਨ ਨੂੰ ਸਿਰਫ ਦੁਧ ਹੀ ਪ੍ਰਦਾਨ ਨਹੀ ਕਰਦੀ ਸਗੋਂ ਉਸਦੀ ਖੇਤੀ ਵਿਚ ਵੀ ਮਹਤਵਪੂਰਨ ਭੂਮਿਕਾ ਨਿਭਾਉਂਦੀ ਹੈ।

ਪੰਜਾਬ ਦੀ ਜ਼ਹਿਰ ਮੁਕਤੀ ਵਿਚ ਔਰਤਾਂ ਦੀ ਭੂਮਿਕਾ

  ਕੱਲ ਤੱਕ ਜੋ ਪੰਜਾਬ ਹਰੀ ਕ੍ਰਾਂਤੀ ਦੇ ਲਈ ਪੂਰੀ ਦੁਨੀਆ ਵਿਚ ਜਾਣਿਆ ਜਾ ਰਿਹਾ ਸੀ, ਓਹੀ ਪੰਜਾਬ ਅੱਜ ਕੈੰਸਰ ਦੀ ਰਾਜਧਾਨੀ ਵੱਜੋ ਜਾਣਿਆ ਜਾਣ ਲਗਿਆ ਹੈ। ਪੰਜਾਬੀ ਜੋ ਕੱਲ ਤੱਕ ਆਪਣੀ ਚੰਗੀ ਸਿਹਤ ਲਈ ਪ੍ਰਸਿਧ ਸਨ, ਅੱਜ ਓਹਨਾਂ ਦੀ ਪ੍ਰਜਨਨ ਸਿਹਤ ਲਗਾਤਾਰ ਡਿੱਗਦੀ ਜਾ ਰਹੀ ਹੈ। ਪੌਣ -ਪਾਣੀ ਜ਼ਹਿਰੀਲੇ ਹੋ ਰਹੇ ਹਨ। ਖੇਤੀ ਵਿਚ ਜ਼ਹਿਰੀਲੇ ਕੀਟਨਾਸ਼ਕ ਅਤੇ ਖਾਦਾਂ ਦੇ ਕਾਰਣ ਮਿੱਟੀ ਦੀ ਉਪਜਾਊ ਸ਼ਕਤੀ ਘਟਦੀ ਜਾ ਰਹੀ ਹੈ।

ਹਰੀ ਕ੍ਰਾਂਤੀ ਦੇ ਆਉਣ ਨਾਲ ਸਮਾਜਿਕ ਜੀਵਨ ਵਿਚ ਵੀ ਕਈ ਤਰ੍ਹਾ ਦੇ ਪਰਿਵਰਤਨ ਆਏ। ਪਹਿਲਾਂ ਜਿਥੇ ਨਮਕ ਅਤੇ ਚਾਹ ਨੂੰ ਛੱਡ ਕੇ ਬਾਕੀ ਚੀਜਾਂ ਖੇਤ ਤੋ ਘਰ ਆਉਂਦੀਆਂ ਸਨ, ਓਥੇ ਹੀ ਹੁਣ ਕਿਸਾਨ ਦੇ ਘਰ ਰਸੋਈ ਦੀ ਹਰ ਚੀਜ ਬਾਜ਼ਾਰ ਤੋ ਆ ਰਹੀ ਹੈ। ਖੇਤਾਂ ਵਿਚ ਮਸ਼ੀਨ ਦੇ ਆਉਣ ਕਰਕੇ ਅਤੇ ਜੈਵ- ਵਿਵਿਧਤਾ ਦੇ ਖਤਮ ਹੋਣ ਕਰਕੇ ਸਮਾਜਿਕ ਜੀਵਨ ਵਿਚ ਜੋ ਮਹੱਤਵਪੂਰਨ ਆਇਆ, ਓਹ ਸੀ ਖੇਤੀ ਵਿਚੋਂ ਔਰਤਾਂ ਦਾ ਬਾਹਰ ਹੋਣਾ।
ਜਦ ਮਸ਼ੀਨਾਂ ਨਹੀ ਆਈਆਂ ਸੀ, ਤਦ ਸਾਰਾ ਪਰਿਵਾਰ ਮਿਲ ਕੇ ਖੇਤ ਵਿਚ ਮਿਲ ਕੇ ਕੰਮ ਕਰਦਾ ਸੀ। ਖੇਤ ਵਿਚ ਕੀ ਬੀਜਣਾ ਹੈ, ਇਸ ਵਿਚ ਵੀ ਔਰਤ ਦੀ ਭੂਮਿਕਾ ਹੁੰਦੀ ਸੀ। ਅਕਸਰ ਜਦ ਮੈ ਬਜ਼ੁਰਗ ਔਰਤਾਂ ਤੋ ਓਹਨਾ ਦਿਨਾ ਬਾਰੇ ਪੁਛਦੀ ਹਾ ਤਾਂ ਓਹ ਦਸਦੀਆਂ ਹਨ ਕਿ ਜਦ ਮਰਦ ਬੀਜਣ ਲਈ ਜਾਂਦੇ ਤਾਂ ਘਰ ਦੀਆਂ ਔਰਤਾਂ ਨੇ ਜੋ ਵੀ ਬੀਜ਼ ਦੇਣੇ , ਓਹਨਾਂ ਨੇ ਮੁਖ ਫਸਲ ਦੇ ਨਾਲ ਓਹ ਵੀ ਬੀਜ ਦੇਣੇ। ਇਸ ਤਰ੍ਹਾ ਘਰ ਦੀ ਜ਼ਰੂਰਤ ਮੁਤਾਬਿਕ ਔਰਤਾਂ ਖੇਤ ਵਿਚ ਬੀਜ਼ ਲਗਵਾਉਦੀਆਂ। ਜਦ ਖੇਤ ਵਿਚ ਦਾਲਾਂ, ਸਬਜੀਆਂ ਲੱਗੀਆਂ ਹੋਣੀਆ ਤਾਂ ਓਹਨਾਂ ਨੇ ਤੁੜਾਈ ਕਰਨ ਜਾਣਾ।
ਇਸੇ ਤਰ੍ਹਾ ਬੀਜ਼ ਬਚਾਉਣ ਅਤੇ ਸੰਭਾਲਣ ਦਾ ਕੰਮ ਵੀ ਔਰਤਾਂ ਕਰਦੀਆਂ।ਔਰਤਾਂ ਚੰਗੇ ਪੌਦੇ, ਜਿੰਨਾਂ ਦੇ ਦਾਨੇ ਚੰਗੇ ਹੁੰਦੇ, ਫਲ ਵਧੀਆ ਹੁੰਦਾ, ਬਿਮਾਰੀ ਨਾ ਹੁੰਦੀ ਜਾਂ ਘੱਟ ਲਗਦੀ, ਛਾਂਟਦੀਆ ਅਤੇ ਫਿਰ ਬੱਲੀਆਂ ਵਿਚੋਂ ਦਾਨੇ ਕਢ ਕੇ ਜਾਂ ਬੱਲੀਆਂ ਸਮੇਤ ਹੀ ਬੀਜਾਂ ਨੂੰ ਸੁਕਾ ਕੇ ਸਵਾਹ ਅਤੇ ਗੋਬਰ ਆਦਿ ਦੀ ਵਰਤੋ ਕਰਕੇ ਮਿੱਟੀ ਦੇ ਬਰਤਨਾਂ ਵਿਚ ਸੰਭਾਲਦੀਆਂ।
ਔਰਤਾਂ ਜਦ ਖੇਤ ਜਾਂਦੀਆਂ ਸੀ ਤਾਂ ਖੇਤ ਵਿਚ ਉੱਗਣ ਵਾਲੇ ਹਰ ਪੌਦੇ ਦੀ ਖਾਸੀਅਤ ਬਾਰੇ ਜਾਣਦੀਆਂ ਸਨ। ਅੱਜ ਦੇ ਨਦੀਨ ਅਖਵਾਉਣ ਵਾਲੇ ਪੌਦੇ ਉਸ ਸਮੇਂ ਓਹਨਾਂ ਲਈ ਸਾਗ-ਸਬਜ਼ੀ ਜਾਂ ਇਕ ਦਵਾਈ ਦਾ ਕੰਮ ਦੇਣ ਵਾਲੇ ਪੌਦੇ ਹੁੰਦੇ ਸਨ। ਪਰ ਜਦ ਔਰਤ ਖੇਤੀ ਤੋ ਬਾਹਰ ਹੋਈ ਤਾਂ ਇਹ ਗਿਆਨ ਵਿੱਸਰ ਗਿਆ ਅਤੇ ਓਹਨਾਂ ਪੌਦਿਆਂ ਨੂੰ ਹਰੀ ਕ੍ਰਾਂਤੀ ਨੇ ਨਦੀਨ ਬਣਾ ਦਿੱਤਾ। ਅੱਜ ਖੇਤ ਵਿਚ ਉਸ ਫ਼ਸਲ ਨੂੰ , ਜੋ ਕਿ ਕਿਸਾਨ ਨੇ ਆਪਣੇ ਹਥੀ ਬੀਜ਼ੀ ਹੈ, ਛੱਡ ਕੇ ਬਾਕੀ ਸਭ ਨਦੀਨ ਹੈ।

ਅੱਜ ਪੰਜਾਬ ਜਿਸ ਦੌਰ ਵਿਚੋਂ ਲੰਘ ਰਿਹਾ ਹੈ, ਉਸ ਵਿਚੋਂ ਕਢਣ ਵਿਚ ਔਰਤਾਂ ਹੀ ਮਹਤਵਪੂਰਨ ਭੂਮਿਕਾ ਨਿਭਾ ਸਕਦੀਆਂ ਹਨ। ਇਸੇ ਗੱਲ ਨੂੰ ਧਿਆਨ ਵਿਚ ਰਖਦਿਆ ਖੇਤੀ ਵਿਰਾਸਤ ਮਿਸ਼ਨ ਨੇ ਪੰਜਾਬ ਦੇ ਦੋ ਜਿਲ੍ਹਿਆਂ ਬਰਨਾਲਾ ਅਤੇ ਫਰੀਦਕੋਟ ਦੇ 10 ਪਿੰਡਾਂ ਵਿਚ ਜ਼ਹਿਰ ਮੁਕਤ ਘਰੇਲੂ ਬਗੀਚੀ ਦੀ ਮੁਹਿੰਮ ਆਰੰਭੀ ਹੈ ਜਿਸ ਨਾਲ ਜੁੜ ਕੇ ਲਗਭਗ 400 ਔਰਤਾਂ ਜ਼ਹਿਰ ਮੁਕਤ ਸਬਜ਼ੀਆਂ ਉਗਾ ਰਹੀਆਂ ਹਨ।

ਹਫ਼ਤੇ ਵਿਚ ਇਕ ਦਿਨ ਇਹ ਔਰਤਾਂ ਇਕਠੀਆਂ ਬੈਠਦੀਆਂ ਹਨ ਅਤੇ ਬਗੀਚੀ ਵਿਚ ਆਉਣ ਵਾਲੀਆਂ ਮੁਸ਼ਕਿਲਾਂ ਅਤੇ ਓਹਨਾਂ ਦੇ ਹੱਲ ਵਾਰੇ ਵਿਚਾਰ ਕਰਦੀਆਂ ਹਨ। ਇਹ ਔਰਤਾਂ ਇਸ ਮੁਹਿੰਮ ਨੂੰ ਆਪਣੇ ਤੱਕ ਹੀ ਸੀਮਿਤ ਨਹੀ ਰਖ ਰਹੀਆਂ, ਸਗੋਂ ਆਪਣੇ ਗਵਾਂਢ ਅਤੇ ਰਿਸ਼ਤੇਦਾਰਾਂ ਤੱਕ ਵੀ ਇਹ ਗੱਲ ਪਹੁੰਚਾ ਰਹੀਆਂ ਹਨ ਅਤੇ ਓਹਨਾਂ ਨੂੰ ਵੀ ਜ਼ਹਿਰ ਮੁਕਤ ਸਬਜੀਆਂ ਲਗਾਉਣ ਲਈ ਪ੍ਰੇਰ ਰਹੀਆਂ ਹਨ।

ਇਹਨਾਂ ਔਰਤਾਂ ਦਾ ਮੰਨਣਾ ਹੈ ਕਿ ਜ਼ਹਿਰੀਲੇ ਪੌਣ-ਪਾਣੀ ਅਤੇ ਖ਼ੁਰਾਕ ਕਾਰਣ ਲੋਕਾਂ ਦੀ ਸਿਹਤ ਪਹਿਲਾਂ ਵਾਲੀ ਨਹੀ ਰਹੀ ਅਤੇ ਲੋਕ ਬੀਮਾਰ ਹੋ ਰਹੇ ਹਨ। ਓਹ ਨਹੀ ਚਾਹੁੰਦੀਆਂ ਕਿ ਓਹਨਾਂ ਦੇ ਬੱਚੇ ਇਸ ਦਾ ਸ਼ਿਕਾਰ ਬਣਨ, ਇਸਲਈ ਜਿੰਨਾ ਓਹਨਾ ਦੇ ਹਥ ਹੈ ਓਹਨਾ ਓਹ ਜ਼ਰੂਰ ਕਰਨਗੀਆ।ਇਸੇ ਕਰਕੇ ਹੀ ਓਹ ਇਸ ਮੁਹਿੰਮ ਨਾਲ ਜੁੜੀਆਂ ਹਨ। ਓਹ ਹੁਣ ਆਪਣੇ ਪਤੀਆਂ ਨੂੰ ਵੀ ਕੁਦਰਤੀ ਖੇਤੀ ਸ਼ੁਰੂ ਕਰਨ ਲਈ ਪ੍ਰੇਰ ਰਹੀਆਂ ਹਨ। ਕੁਝ ਔਰਤਾਂ ਤਾਂ ਇਸ ਦੀ ਸ਼ੁਰੂਆਤ ਵੀ ਕਰ ਚੁਕੀਆਂ ਹਨ। ਓਹਨਾਂ ਨੂੰ ਵਿਸ਼ਵਾਸ ਹੈ ਕਿ ਘੱਟੋ-ਘੱਟ ਓਹ ਆਪਣੇ ਪਤੀਆਂ ਨੂੰ ਥੋੜੇ ਜਿਹੇ ਤੋ ਸ਼ੁਰੁਆਤ ਕਰਨ ਲਈ ਤਾਂ ਮਨਾ ਹੀ ਸਕਦੀਆਂ ਹਨ।

ਅੰਤ ਵਿਚ ਇਹੀ ਉਮੀਦ ਕੀਤੀ ਜਾ ਸਕਦੀ ਹੈ ਕਿ ਇਹਨਾਂ ਔਰਤਾਂ ਦੀ ਆਪਣੇ ਬਚਿਆਂ ਨੂੰ ਜ਼ਹਿਰ ਮੁਕਤ ਖਵਾਉਣ ਅਤੇ ਬਿਮਾਰੀਆਂ ਤੋ ਬਚਾਉਣ ਦੀ ਇਹ ਪਹਿਲ ਪੰਜਾਬ ਦੀਆਂ ਹੋਰਨਾਂ ਔਰਤਾਂ ਨੂੰ ਵੀ ਪ੍ਰੇਰਿਤ ਕਰੇਗੀ ਅਤੇ ਪੰਜਾਬ ਦੀ ਜ਼ਹਿਰ ਮੁਕਤੀ ਦੇ ਰਾਹ ਵਿਚ ਮੀਲ ਪਥਰ ਸਾਬਿਤ ਹੋਵੇਗੀ।