Saturday, December 17, 2011

ਆਓ! ਘਰੇਲੂ ਬਗੀਚੀ ਲਗਾਈਏ........

ਸਬਜ਼ੀਆਂ ਸਾਡੀ ਸਭ ਦੀ ਅਤੇ ਖਾਸ ਕਰਕੇ ਸ਼ਾਕਾਹਾਰੀ ਲੋਕਾਂ ਦੀ ਜਿੰਦਗੀ ਵਿੱਚ ਮਹੱਤਵਪੂਰਨ ਸਥਾਨ ਰੱਖਦੀਆਂ ਹਨ। ਸਬਜ਼ੀਆਂ ਨਾ ਸਿਰਫ ਭੋਜਨ ਦੀ ਪੌਸ਼ਟਿਕਤਾ ਨੂੰ ਵਧਾਉਂਦੀਆਂ ਹਨ ਬਲਕਿ ਸਵਾਦ ਵਿੱਚ ਵੀ ਵਾਧਾ ਕਰਦੀਆਂ ਹਨ। ਭੋਜਨ ਪੌਸ਼ਟਿਕਤਾ ਦੇ ਮਾਹਿਰਾਂ ਅਨੁਸਾਰ ਸੰਤੁਲਿਤ ਭੋਜਨ ਵਿੱਚ ਇੱਕ ਬਾਲਗ ਨੂੰ ਪ੍ਰਤੀਦਿਨ 85 ਗ੍ਰਾਮ ਫਲ ਅਤੇ 300 ਗ੍ਰਾਮ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ।   ਪਰ ਸਾਡੇ ਦੇਸ਼ ਵਿੱਚ ਸਬਜ਼ੀਆਂ ਦੇ ਵਰਤਮਾਨ ਉਤਪਾਦਨ ਪੱਧਰ ਦੇ ਅਨੁਸਾਰ ਇੱਕ ਵਿਅਕਤੀ ਨੂੰ ਖਾਣ ਲਈ ਪ੍ਰਤੀਦਿਨ ਸਿਰਫ 120 ਗ੍ਰਾਮ ਸਬਜ਼ੀਆਂ ਹੀ ਮਿਲ ਪਾਉਂਦੀਆਂ ਹਨ।
ਘਰੇਲੂ ਬਗੀਚੀ ਕੀ ਹੈ?
ਘਰ ਵਿੱਚ ਜਾਂ ਘਰ ਦੇ ਨੇੜੇ ਦੀ ਉਹ ਜਗਾ  ਜਿੱਥੇ ਸਬਜ਼ੀਆਂ, ਜੜ੍ਹੀ -ਬੂਟੀਆਂ ਅਤੇ ਕਈ ਵਾਰ ਕੁੱਝ ਫਲ ਉਗਾਏ ਜਾਂਦੇ ਹਨ।

ਘਰੇਲੂ ਬਗੀਚੀ ਦੀ ਲੋੜ ਕਿਉਂ ਹੈ?
ਸਿਹਤ ਵਰਧਕ, ਨਿਰਮਲ ਖ਼ੁਰਾਕ ਸਾਡਾ ਸਭ ਦਾ ਕੁਦਰਤੀ ਅਧਿਕਾਰ ਹੈ। ਪਰੰਤੂ ਵਰਤਮਾਨ ਸਮੇਂ ਰਸਾਇਣਕ ਖਾਦਾਂ, ਨਦੀਨਨਾਸ਼ਕ ਅਤੇ ਕੀੜੇਮਾਰ ਜ਼ਹਿਰਾਂ ਨਾਲ ਪਲੀਤ ਜਿਹੜੀ ਖ਼ੁਰਾਕ ਅਸੀਂ ਖਾ ਰਹੇ ਹਾਂ ਖਾਸ ਕਰਕੇ ਸਬਜ਼ੀਆਂ! ਉਹਦੇ ਕਾਰਨ ਸਾਡੀ ਸਿਹਤ ਦਿਨੋਂ-ਦਿਨ ਨਿੱਘਰਦੀ ਜਾ ਰਹੀ ਹੈ। ਸਾਡੀ ਰੋਗ ਪ੍ਰਤੀਰੋਧੀ ਸ਼ਕਤੀ ਦਾ ਤੇਜੀ ਨਾਲ ਪਤਨ ਹੋ ਰਿਹਾ ਹੈ। ਨਤੀਜੇ ਵਜੋਂ ਜਿੱਥੇ ਇੱਕ ਪਾਸੇ ਸਮੂਹ ਪੰਜਾਬੀ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਜਾ ਰਹੇ ਨੇ ਉੱਥੇ ਹੀ ਪ੍ਰਜਨਣ ਸਿਹਤ ਅਰਥਾਤ ਬੱਚੇ ਜਨਣ ਦੀ ਸਮਰਥਾ ਵੀ ਸਾਡੀ ਖ਼ੁਰਾਕ ਲੜੀ ਵਿੱਚ ਘੁਸਪੈਠ ਕਰ ਚੁੱਕੇ ਜ਼ਹਿਰਾਂ ਕਾਰਨ ਬੁਰੀ ਤਰਾਂ ਤਬਾਹ ਹੋ ਰਹੀ ਹੈ। ਪੰਜਾਬ ਮੰਦਬੁੱਧੀ ਅਤੇ ਜਮਾਂਦਰੂ ਅਪਾਹਜ ਬੱਚਿਆਂ ਦਾ ਸੂਬਾ ਬਣਦਾ ਜਾ ਰਿਹਾ ਹੈ। ਔਰਤਾਂ ਵਿੱਚ ਬਿਨਾਂ ਦਵਾਈਆਂ ਤੋਂ ਗਰਭ ਨਹੀਂ ਠਹਿਰਦੇ ਅਤੇ ਜੇ ਦਵਾਈਆਂ ਨਾਲ ਠਹਿਰ ਵੀ ਜਾਂਦੇ ਹਨ ਤਾਂ ਉਹ ਸਿਰੇ ਵੀ ਦਵਾਈਆਂ ਨਾਲ ਹੀ ਲੱਗਦੇ ਹਨ। ਇੱਥੇ ਹੀ ਬਸ ਨਹੀਂ  ਅੱਜ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਛਿਮਾਹੇ, ਸਤਮਾਹੇ ਤੇ ਅਠਮਾਹੇ ਬੱਚਿਆਂ ਦਾ ਜਨਮ ਹੋ ਰਿਹਾ ਹੈ। ਜਿਹਨਾਂ ਵਿੱਚੋਂ ਬਹੁਤੇ ਜਨਮ ਉਪਰੰਤ ਤੁਰੰਤ ਕਾਲ ਦਾ ਗ੍ਰਾਸ ਬਣ ਜਾਂਦੇ ਹਨ। ਇੱਥੇ ਇਹ ਜ਼ਿਕਰਯੋਗ ਹੈ ਕਿ ਅਸੀਂ ਬਜ਼ਾਰੂ ਸਬਜ਼ੀਆਂ ਰਾਹੀਂ ਸਭ ਤੋਂ ਵੱਧ ਮਾਤਰਾ ਵਿੱਚ ਜ਼ਹਿਰ ਦਾ ਸੇਵਨ ਕਰ ਰਹੇ ਹਾਂ। ਜਿਹੜਾ ਕਿ ਅੱਗੇ ਚੱਲ ਕਿ ਸਾਡੇ ਸਿਹਤ, ਸਾਡੀ ਅਤੇ ਸਾਡੇ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦਾ ਹੈ। ਇਹ ਹੀ ਕਾਰਨ ਹੈ ਕਿ ਸਾਨੂੰ ਸਭ ਨੂੰ ਆਪਣੇ ਲਈ ਸੁਰੱਖਿਅਤ ਅਤੇ ਨਿਰਮਲ ਖ਼ੁਰਾਕ ਜੁਟਾਉਣ ਵਾਸਤੇ ਘਰ-ਘਰ ਵਿੱਚ ਘਰੇਲੂ ਬਗੀਚੀਆਂ ਬਣਾਉਣ ਦੀ ਲੋੜ ਹੈ ਤੇ ਇਹ ਹੀ ਸਮੇਂ ਦੀ ਮੰਗ ਵੀ ਹੈ।
ਘਰੇਲੂ ਬਗੀਚੀ ਕਿਵੇਂ ਸ਼ੁਰੂ ਕਰੀਏ?
ਆਓ! ਘਰੇਲੂ ਬਗੀਚੀ ਬਣਾਈਏ: ਉੱਪਰ ਦਿੱਤੇ ਤੱਥਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਨੂੰ ਆਪਣੇ ਵਿਹੜੇ ਜਾਂ ਘਰ ਵਿੱਚ ਉਪਲਬਧ ਜਗਾ  ਨੂੰ ਘਰੇਲੂ ਬਗੀਚੀ ਵਜੋਂ ਵਿਕਸਤ ਕਰਕੇ ਤਾਜ਼ੇ ਪਾਣੀ ਦੇ ਨਾਲ-ਨਾਲ ਰਸੋਈ ਦੇ ਅਣਉਪਯੋਗੀ ਪਾਣੀ ਨੂੰ ਵਰਤ ਕੇ ਆਪਣੀ ਜ਼ਰੂਰਤ ਦੀਆਂ ਸਬਜ਼ੀਆਂ ਉਗਾਉਣ ਦੀ ਯੋਜਨਾ ਬਣਾਉਣੀ ਚਾਹੀਦੀ ਹੈ। ਘਰੇਲੂ ਬਗੀਚੀ ਅੱਗੇ ਚੱਲ ਕੇ ਵਾਤਾਵਰਨ ਪ੍ਰਦੂਸ਼ਣ ਦਾ ਜ਼ਰੀਆ ਬਣਨ ਵਾਲੇ ਅਣਉਪਯੋਗੀ ਪਾਣੀ ਨੂੰ ਵਰਤਣ ਦਾ ਸਹੀ ਢੰਗ ਹੋ ਸਕਦੀ ਹੈ। ਛੋਟੇ ਖੇਤਰ ਵਿੱਚ ਉਗਾਈਆਂ ਗਈਆਂ ਸਬਜ਼ੀਆਂ ਨੂੰ ਕੁੱਝ ਘਰੇਲੂ ਪਰ ਕੁਦਰਤੀ ਸਾਧਨ ਵਰਤ ਕੇ ਕੀਟਾਂ ਤੋਂ ਵੀ ਬੜੀ ਆਸਾਨੀ ਨਾਲ ਬਚਾਇਆ ਜਾ ਸਕਦਾ ਹੈ। ਸੋ ਘਰੇਲੂ ਬਾੜੀ ਸਦਕੇ ਸਾਨੂੰ ਉੱਤਮ ਦਰਜ਼ੇ ਦੀਆਂ ਜ਼ਹਿਰ ਅਤੇ ਰਸਾਇਣ ਮੁਕਤ ਸਬਜ਼ੀਆਂ ਆਸਾਨੀ ਨਾਲ ਉਪਲਭਧ ਹੋ ਸਕਦੀਆਂ ਹਨ।
ਜਗਾ  ਦੀ ਚੋਣ ਅਤੇ ਆਕਾਰ: ਘਰੇਲੂ ਬਗੀਚੀ ਲਈ ਪਿੰਡਾਂ ਵਿੱਚ ਘਰ ਦੇ ਵਿਹੜੇ ਜਾਂ ਵਾੜੇ ਨੂੰ ਚੁਣਿਆ ਜਾਂਦਾ ਹੈ। ਇਹ ਜ਼ਿਆਦਾ ਸੁਵਿਧਾਪੂਰਨ ਵੀ ਹੈ ਕਿਉਂਕਿ ਪਰਿਵਾਰ ਦੇ ਮੈਂਬਰ ਸਬਜ਼ੀਆਂ ਵੱਲ ਲੋੜੀਂਦਾ ਧਿਆਨ ਦੇ ਸਕਦੇ ਹਨ ਅਤੇ ਘਰ ਦੀ ਰਸੋਈ ਦਾ ਫਾਲਤੂ ਪਾਣੀ ਵੀ ਸਬਜ਼ੀਆਂ ਲਈ ਵਰਤਿਆ ਜਾ ਸਕਦਾ ਹੈ। ਬਗੀਚੀ ਦਾ ਆਕਾਰ ਉਪਲਬਧ ਜਗਾ ਤੇ ਅਤੇ ਪਰਿਵਾਰ ਦੇ ਮੈਂਬਰਾਂ ਦੀ ਸੰਖਿਆ ਤੇ ਨਿਰਭਰ ਕਰਦਾ ਹੈ। ਸੋ ਬਗੀਚੀ ਦੇ ਆਕਾਰ ਸੰਬੰਧੀ ਕੋਈ ਨਿਰਧਾਰਤ ਮਾਨਦੰਡ ਨਹੀਂ ਹਨ। ਫਿਰ ਵੀ ਤਿੰਨ- ਚਾਰ ਮਰਲੇ ਜਗਾ ਪੰਜ-ਛੇ ਮੈਂਬਰਾਂ ਵਾਲੇ ਪਰਿਵਾਰ ਦੀਆਂ ਸਬਜ਼ੀ ਸੰਬੰਧੀ ਲਗਪਗ ਸਾਰੀਆਂ ਜ਼ਰੂਰਤਾਂ ਪੂਰੀਆ ਕਰਨ ਲਈ ਕਾਫੀ ਹੈ।
ਜ਼ਮੀਨ ਦੀ ਤਿਆਰੀ: ਸਭ ਤੋਂ ਪਹਿਲਾਂ 30 ਤੋਂ 40 ਸੈਂਮੀਂ ਤੱਕ ਦੀ ਗੁਡਾਈ ਕਰੋ। ਰੋੜੇ, ਝਾੜੀਆਂ ਅਤੇ ਨਦੀਨ ਆਦਿ ਕੱਢ ਕੇ ਜਗਾ ਨੂੰ ਸਾਫ ਕਰੋ। ਹੁਣ ਘਰੇਲੂ ਬਗੀਚੀ ਲਈ ਚੁਣੇ ਗਏ ਥਾਂ ਨੂੰ ਨਮੀ ਦੇਣ ਲਈ ਇਸ ਵਿੱਚ ਪਾਣੀ ਭਰ ਦਿਉ। ਜਦੋਂ ਪਾਣੀ ਵੱਤਰ ਆ ਜਾਵੇ ਤਾਂ ਇੱਕ ਵਾਰ ਫਿਰ ਕਹੀ ਨਾਲ ਮਿੱਟੀ ਨੂੰ ਪਲਟ ਕੇ ਇਸ ਵਿੱਚ 100 ਕਿਲੋ ਰੂੜ੍ਹੀ ਦੀ ਖਾਦ ਜਾਂ ਗੁੜ ਜਲ ਅੰਮ੍ਰਿਤ ਕੰਪੋਸਟ ਚੰਗੀ ਤਰਾਂ ਰਲਾ ਕੇ ਜਗਾ  ਨੂੰ ਸਮਤਲ ਕਰ ਦਿਉ। ਹੁਣ ਇਸ ਪੱਧਰੀ ਜਗਾ  ਵਿੱਚ 45 ਤੋਂ 60 ਸੈਮੀਂ ਦੀ ਦੂਰੀ ਰੱਖ ਕੇ ਵੱਟਾ ਅਤੇ ਖਾਲੀਆ ਪਾਉ।
ਜਾਨਦਾਰ ਬੀਜ ਦੀ ਚੋਣ: ਘਰੇਲੂ ਬਗੀਚੀ ਵਿੱਚ ਸਬਜ਼ੀਆਂ ਆਦਿ ਦੀ ਬਿਜਾਈ ਕਰਦੇ ਸਮੇਂ ਇਸ ਗੱਲ ਦਾ ਖਾਸ ਖ਼ਿਆਲ ਰੱਖੋ ਕਿ ਬਿਜਾਈ ਲਈ ਵਰਤੇ ਜਾਣ ਵਾਲੇ ਸਾਰੇ ਜਾਨਦਾਰ ਅਤੇ ਪੋਸ਼ਣ ਤੇ ਰੋਗ ਪ੍ਰਤੀਰੋਧੀ ਤਾਕਤ ਆਦਿ ਪੱਖੋਂ ਉੱਚ ਗੁਣਵੱਤਾ ਵਾਲੇ ਹੋਣ। ਜਿੱਥੋਂ ਤੱਕ ਸੰਭਵ ਹੋਵੇ ਦੇਸੀ ਜਾਂ ਸੁਧਰੇ ਬੀਜ ਹੀ ਵਰਤੋ, ਹਾਈਬ੍ਰਿਡ ਬੀਜਾਂ ਨੂੰ ਪਹਿਲ ਨਾ ਦਿਉ। ਕਿਉਂਕਿ ਹਾਈਬ੍ਰਿਡ ਬੀਜ ਆਮ ਦੇ ਮੁਕਾਬਲੇ ਵਧੇਰੇ ਖਾਦ ਅਤੇ ਪਾਣੀ ਦੀ ਮੰਗ ਕਰਦੇ ਹਨ। ਸੋ ਬੀਜਾਂ ਦੀ ਚੋਣ ਕਰਦੇ ਸਮੇਂ ਦੇਸੀ ਜਾਂ ਸੁਧਰੇ ਬੀਜਾਂ ਨੂੰ ਪਹਿਲ ਦਿਉ ਅਤੇ ਚੁਣੇ ਹੋਏ ਬੀਜਾਂ ਵਿੱਚ ਕਮਜ਼ੋਰ ਖੋਖਲੇ ਅਤੇ ਟੁੱਟੇ-ਫੁੱਟੇ ਬੀਜਾਂ ਨੂੰ ਬਾਹਰ ਕੱਢ ਦਿਉ।
ਬੀਜ ਸੰਸਕਾਰ: ਘਰੇਲੂ ਬਗੀਚੀ ਵਿੱਚ ਬੀਜ ਸੰਸਕਾਰ ਦਾ ਖਾਸ ਮਹੱਤਵ ਹੈ। ਬੀਜ ਸੰਸਕਾਰ ਕਰਕੇ ਬੀਜਾਂ ਨੂੰ ਵਾਇਰਸ ਅਤੇ ਰੋਗ ਰਹਿਤ ਕੀਤਾ ਜਾਂਦਾ ਹੈ। ਬੀਜ ਸੰਸਕਾਰ ਕਰਨ ਲਈ ਹਿੰਗ ਮਿਲੇ ਕੱਚੇ ਦੁੱਧ ਦੀ ਵਰਤੋਂ ਕਰੋ।
ਵਿਧੀ: ਬੀਜਾਂ ਦੀ ਮਾਤਰਾ ਅਨੁਸਾਰ 100 ਤੋਂ 250 ਗ੍ਰਾਮ  ਕੱਚੇ ਦੁੱਧ ਵਿੱਚ 10-20 ਗ੍ਰਾਮ ਹਿੰਗ ਮਿਲਾ ਕੇ 10 ਮਿਨਟ ਲਈ ਰੱਖੋ। ਬੀਜ ਅੰਮ੍ਰਿਤ ਤਿਆਰ ਹੈ। ਹੁਣ ਬੀਜਾਂ ਉੱਤੇ ਇਸ ਘੋਲ ਦਾ ਛਿੜਕਾਅ ਕਰਕੇ ਹੱਥਾਂ ਨਾਲ ਪੋਲਾ-ਪੋਲਾ ਮਲਦੇ ਹੋਏ ਪਤਲਾ ਲੇਪ ਕਰ ਦਿਉ। ਬੀਜ ਅੰਮ੍ਰਿਤ ਦਾ ਲੇਪ ਚੜੇ ਹੋਏ ਬੀਜਾਂ ਨੂੰ ਛਾਂਵੇਂ ਸੁਕਾ ਕੇ ਬਿਜਾਈ ਕਰ ਦਿਉ। ਇਸ ਮਿਸ਼ਰਣ ਨਾਲ ਸੋਧ ਕੇ ਬੀਜੇ ਗਏ ਬੀਜਾਂ ਤੋਂ ਉੱਗੇ ਪੌਦਿਆਂ ਨੂੰ ਸਿਉਂਕ ਨਹੀਂ ਲੱਗੇਗੀ ਅਤੇ ਜੜ੍ਹਾਂ ਨੂੰ ਹਾਨੀ ਪਹੁੰਚਾਉਣ ਵਾਲੀਆਂ ਉੱਲੀਆਂ ਤੋਂ ਬਚਾਅ ਹੁੰਦਾ ਹੈ। 

ਕੁੱਝ ਹਿਦਾਇਤਾਂ
 ਕੋਸ਼ਿਸ਼ ਕਰੋ ਕਿ ਜਗਾ ਅਜਿਹੀ ਚੁਣੋ ਜਿੱਥੇ ਤੁਸੀ ਰੋਜ਼ਾਨਾ ਜਾ ਕੇ ਪੌਦਿਆਂ ਨੂੰ ਪਾਣੀ ਅਤੇ ਹੋਰ ਲੋੜੀਂਦੀ ਦੇਖਭਾਲ ਜਿਵੇਂ ਨਦੀਨ ਕੱਢਣਾ, ਫਲ ਤੋੜਨਾ ਆਦਿ ਸਮੇਂ ਸਿਰ ਕਰ ਸਕੋ। ਰੋਜ਼ਾਨਾ ਬਗੀਚੀ ਵਿੱਚ ਜਾਣ ਕਰਕੇ ਤੁਸੀ ਠੀਕ ਸਮੇਂ ਤੇ ਕੀੜਿਆਂ ਦੀ ਸਮੱਸਿਆ ਦਾ ਪਤਾ ਲਗਾ ਕੇ ਉਸਨੂੰ ਸਮੇਂ ਸਿਰ ਕਾਬੂ ਕਰ ਸਕਦੇ ਹੋ। ਪਾਣੀ ਦਾ ਪ੍ਰਬੰਧ ਜਗਾ ਦੇ ਨੇੜੇ ਹੀ ਹੋਵੇ ਤਾਂ ਜ਼ਿਆਦਾ ਵਧੀਆ ਰਹਿੰਦਾ ਹੈ।
 ਬਗੀਚੀ ਲਾਉਣ ਵਾਲੀ ਥਾਂ ਤੋ ਪੱਥਰ, ਘਾਹ-ਫੂਸ ਆਦਿ ਕੱਢ ਕੇ ਪੱਧਰ ਜਗਾ ਤਿਆਰ ਕਰੋ ਜਿੱਥੇ ਲਗਭਗ ਸਾਰਾ ਦਿਨ ਧੁੱਪ ਅਤੇ ਹਵਾ ਦਾ ਪ੍ਰਸਾਰ ਰਹੇ। ਉਸਤੋਂ ਬਾਅਦ ਮਿੱਟੀ ਵਿੱਚ ਰੂੜ੍ਹੀ ਦੀ ਖਾਦ ਚੰਗੀ ਤਰਾਂ ਮਿਲਾ ਲਉ।
 ਉਹਨਾਂ ਸਬਜ਼ੀਆਂ ਨੂੰ ਉਗਾਉ ਜੋ ਤੁਹਾਨੂੰ ਪਸੰਦ ਹਨ ਅਤੇ ਸਿਹਤ ਲਈ ਚੰਗੀਆਂ ਹਨ। ਉਹਨਾਂ ਸਬਜ਼ੀਆਂ ਨੂੰ ਪਹਿਲ ਦਿਉ ਜੋ ਤਾਜ਼ੀਆਂ ਖਾਣ ਤੇ ਵਧੀਆ ਸੁਆਦ ਦਿੰਦੀਆ ਹਨ ਜਿਵੇਂ ਮੱਕੀ, ਫਲੀਆਂ ਅਤੇ ਮਟਰ, ਟਮਾਟਰ ਅਤੇ ਪਾਲਕ ਆਦਿ।
 ਉਪਲਬਧ  ਜਗਾ ਦੇ ਅਨੁਸਾਰ ਹੀ ਪੌਦੇ ਲਗਾਉ। ਜਿਵੇਂ ਟਮਾਟਰਾਂ ਦੇ ਲਈ ਘੱਟੋ-ਘੱਟ 2 ਫੁੱਟ, ਕੱਦੂਆਂ ਲਈ 4 ਫੁੱਟ ਦੀ ਜਗਾ ਚਾਹੀਦੀ ਹੈ।
 ਜੇਕਰ ਤੁਹਾਡੇ ਕੋਲ ਘੱਟ ਜਗਾ ਹੈ ਤਾਂ ਇਹੋ ਜਿਹੀਆਂ ਸਬੁਜ਼ੀਆਂ ਦੀ ਚੋਣ ਕਰੋ ਜੋ ਘੱਟ ਥਾਂ ਘੇਰਨ।
 ਮੌਸਮ ਦੇ ਅਨੁਸਾਰ ਸਬਜ਼ੀਆਂ ਦੀ ਸੂਚੀ ਬਣਾਉ।
 ਕੁੱਝ ਸਬਜ਼ੀਆਂ ਦੀ ਬਿਜਾਈ ਸਿੱਧੀ ਕਰਨ ਤੇ ਵਧੀਆਂ ਉੱਗਦੀਆਂ ਹਨ ਜਿਵੇਂ ਫਲੀਆਂ, ਚੁਕੰਦਰ, ਗਾਜਰਾਂ, ਸਲਾਦ, ਮਟਰ, ਕੱਦੂ ਅਤੇ ਸ਼ਲਗਮ।  ਨਾਲ ਹੀ ਪਨੀਰੀ ਲਗਾਉਣ ਨਾਲੋਂ ਸਿੱਧਾ ਬੀਜਣਾ ਸਸਤਾ ਪੈਂਦਾ ਹੈ।
 ਬੈਂਗਣ, ਬ੍ਰੋਕਲੀ, ਸ਼ਿਮਲਾ ਮਿਰਚ, ਟਮਾਟਰ, ਬੰਦ ਗੋਭੀ ਅਤੇ ਫੁੱਲ ਗੋਭੀ ਆਦਿ ਦੀ ਪਨੀਰੀ ਤਿਆਰ ਕਰਕੇ ਲਗਾਉਣੀ ਚਾਹੀਦੀ ਹੈ। ਖੀਰੇ ਆਦਿ ਨੂੰ ਸਿੱਧਾ ਜਾਂ ਪਨੀਰੀ ਤਿਆਰ ਕਰਕੇ ਬੀਜਿਆ ਜਾ ਸਕਦਾ ਹੈ।
 ਜੇਕਰ ਤੁਸੀ ਪਹਿਲਾਂ ਹੀ ਸਬਜ਼ੀਆਂ ਉਗਾ ਰਹੇ ਹੋ ਤਾਂ ਕੁੱਝ ਜੜ੍ਹੀ -ਬੂਟੀਆ, ਫਲ ਅਤੇ ਫੁੱਲ ਲਗਾਉਣ ਬਾਰੇ ਸੋਚ ਸਕਦੇ ਹੋ। ਇਸ ਨਾਲ ਨਾ ਸਿਰਫ ਤੁਹਾਨੂੰ ਫਾਇਦਾ ਹੋਵੇਗਾ ਬਲਕਿ ਤੁਹਾਡੇ ਪੌਦਿਆਂ ਨੂੰ ਵੀ ਕੀੜਿਆਂ ਅਤੇ ਰੋਗਾਂ ਤੇ ਕਾਬੂ ਪਾਉਣ ਵਿੱਚ ਮੱਦਦ ਮਿਲੇਗੀ।
ਜਗਾ  ਕਿਵੇਂ ਤਿਆਰ ਕੀਤੀ ਜਾਵੇ?
 ਜਿੱਥੇ ਬਗੀਚੀ ਤਿਆਰ ਕਰਨੀ ਹੈ, ਉਹ ਪਹਿਲਾਂ ਘਾਹ-ਫੂਸ ਸਾਫ ਕਰਕੇ, ਰੋੜੇ ਆਦਿ ਕੱਢ ਕੇ ਪੱਧਰ ਕਰ ਲਉ।
 ਬਗੀਚੀ ਵਾਲੀ ਥਾਂ ਤੇ ਪਾਣੀ ਛੱਡ ਦਿਉ। 2 ਦਿਨ ਏਸੇ ਤਰਾਂ ਪਿਆ ਰਹਿਣ ਦਿਉ। 2 ਦਿਨ ਬਾਅਦ ਮਿੱਟੀ ਚੈੱਕ ਕਰੋ ਅਤੇ ਯਕੀਨੀ ਬਣਾਉ ਕਿ ਇਹ ਜ਼ਿਆਦਾ ਗਿੱਲੀ ਨਾ ਹੋਵੇ। ਇੱਕ ਮੁੱਠੀ ਮਿੱਟੀ ਲਉ ਅਤੇ ਇਸਨੂੰ ਦਬਾਉ। ਜੇਕਰ ਇਹ ਭੁਰਭੁਰੀ ਹੈ ਤਾਂ ਮਿੱਟੀ ਬਿਜਾਈ ਲਈ ਤਿਆਰ ਹੈ, ਜੇਕਰ ਇਹ ਚਿਪਚਿਪੀ ਹੈ ਤਾਂ ਇੱਕ ਜਾਂ 2 ਦਿਨ ਹੋਰ ਉਡੀਕ ਕਰੋ।
 ਗੁਡਾਈ ਕਰੋ ਅਤੇ ਮਿੱਟੀ ਵਿੱਚ ਤਿੰਨ ਇੰਚ ਤੱਕ ਰੂੜ੍ਹੀ ਦੀ ਖਾਦ ਜਾਂ ਕੰਪੋਸਟ ਮਿਲਾਉ। ਕਹੀ ਨਾਲ ਮਿਕਸ ਕਰੋ।
 ਤਿੰਨ ਫੁੱਟ ਚੌੜੇ ਬੈੱਡ ਬਣਾਉ। ਦੋ ਬੈੱਡਾਂ ਵਿਚਕਾਰ ਥੋੜ੍ਹਾ ਰਸਤਾ ਛੱਡੋ।
 ਪਹਿਲੇ ਕੁੱਝ ਹਫ਼ਤਿਆਂ ਤੱਕ, ਜਦ ਪੌਦੇ ਵਿਕਸਿਤ ਹੋ ਰਹੇ ਹੁੰਦੇ ਹਨ, ਰੋਜ਼ ਪਾਣੀ ਦਿਉ। ਬਾਅਦ ਵਿੱਚ ਹਫ਼ਤੇ ਵਿੱਚ ਸਿਰਫ਼ ਦੋ ਵਾਰ ਪਾਣੀ ਦਿਉ।
 ਜ਼ਮੀਨ ਨੂੰ ਜ਼ਰੂਰ ਢਕ ਕੇ ਰੱਖੋ।
 ਬਿਜਾਈ ਲਈ ਸ਼ਾਮ ਦਾ ਸਮਾਂ ਵਧੀਆ ਮੰਨਿਆ ਜਾਂਦਾ ਹੈ।
 ਕਿਉਕਿ ਸਾਡੇ ਕੋਲ ਜਗਾ ਸੀਮਿਤ ਹੁੰਦੀ ਹੈ ਇਸਲਈ ਸਾਨੂੰ ਉਹ ਚੀਜ਼ਾਂ ਉਗਾਉਣੀਆ ਚਾਹੀਦੀਆਂ ਹਨ ਜੋ ਲਗਭਗ ਰੋਜ ਵਰਤੋ ਵਿੱਚ ਆਉਂਦੀਆਂ ਹੋਣ ਜਿਵੇਂ ਟਮਾਟਰ ਅਤੇ ਮਿਰਚਾਂ ਅਤੇ ਬਜ਼ਾਰ ਤੋ ਖਰੀਦਣੀਆਂ ਮਹਿੰਗੀਆਂ ਪੈਂਦੀਆ ਹੋਣ।
 ਲੰਬੇ ਪੌਦੇ ਬਾਹਰ ਵੱਲ ਲਗਾਉਣੇ ਚਾਹੀਦੇ ਹਨ ਤਾਂਕਿ ਉਹ ਛੋਟੇ ਪੌਦਿਟਾ ਉੱਪਰ ਛਾਂ ਨਾ ਕਰਨ।
 ਇੱਕ ਪਾਸੇ ਗੇਂਦੇ ਦੇ ਪੌਦੇ ਜ਼ਰੂਰ ਲਗਾਉ ਤਾਂਕਿ ਕੀੜਿਆਂ ਨੂੰ ਕੰਟਰੋਲ ਕੀਤਾ ਜਾ ਸਕੇ।
 ਸਬਜ਼ੀਆਂ ਦੀ ਜਗਾ ਬਦਲ-ਬਦਲ ਲਾਉ ਤਾਂਕਿ ਮਿੱਟੀ ਚੋਂ ਪੈਦਾ ਹੋਣ ਵਾਲੇ ਰੋਗਾਂ ਨੂੰ ਰੋਕਿਆ ਜਾ ਸਕੇ।

ਬਗੀਚੀ ਲਈ ਸਬਜ਼ੀਆਂ ਦੀ ਚੋਣ
ਆਪਣੇ ਸਮੇਂ, ਪਸੰਦ ਅਤੇ ਜਗਾ ਦੀ ਉਪਲਬਧਤਾ ਦੇ ਹਿਸਾਬ ਨਾਲ ਬਗੀਚੀ ਵਿੱਚ ਕਈ ਪ੍ਰਕਾਰ ਦੀਆਂ ਸਬਜ਼ੀਆਂ ਉਗਾਈਆ ਜਾ ਸਕਦੀਆ ਹਨ।

ਜਨਵਰੀ ਮਹੀਨੇ ਵਿੱਚ ਲਗਾਈਆ ਜਾਣ ਵਾਲੀਆਂ ਸਬਜ਼ੀਆਂ - ਸ਼ਿਮਲਾ ਮਿਰਚ
ਫਰਵਰੀ ਮਹੀਨੇ ਵਿੱਚ ਲਗਾਈਆ ਜਾਣ ਵਾਲੀਆਂ ਸਬਜ਼ੀਆਂ - ਕਰੇਲਾ,ਚੱਪਣ ਕੱਦੂ, ਖਰਬੂਜਾ, ਟਿੰਡੋ, ਖੀਰਾ,ਹਲਵਾ ਕੱਦੂ,ਘੀਆ ਤੋਰੀ,ਭਿੰਡੀ,ਟਮਾਟਰ,ਰਵਾਂਹ, ਗੋਲ ਬੈਂਗਣ, ਫੈਂਚ ਬੀਨ,ਤਰਬੂਜ਼,ਅਰਬੀ
ਮਾਰਚ ਮਹੀਨੇ ਵਿੱਚ ਲਗਾਈਆ ਜਾਣ ਵਾਲੀਆਂ ਸਬਜ਼ੀਆਂ - ਮਿਰਚ,
ਜੂਨ ਮਹੀਨੇ ਵਿੱਚ ਲਗਾਈਆ ਜਾਣ ਵਾਲੀਆਂ ਸਬਜ਼ੀਆਂ - ਲੰਮੇ ਬੈਂਗਣ, ਮੂਲੀ, ਫੁੱਲ ਗੋਭੀ, ਛੋਟੇ ਬੈਂਗਣ,
ਅਗਸਤ ਮਹੀਨੇ ਵਿੱਚ ਲਗਾਈਆ ਜਾਣ ਵਾਲੀਆਂ ਸਬਜ਼ੀਆਂ - ਪਿਆਜ਼,ਧਨੀਆ
ਸਤੰਬਰ ਮਹੀਨੇ ਵਿੱਚ ਲਗਾਈਆ ਜਾਣ ਵਾਲੀਆਂ ਸਬਜ਼ੀਆਂ - ਸ਼ਲਗਮ, ਗਾਜਰ, ਬੰਦ ਗੋਭੀ, ਲਹੁਸਣ, ਪਾਲਕ
ਅਕਤੂਬਰ ਮਹੀਨੇ ਵਿੱਚ ਲਗਾਈਆ ਜਾਣ ਵਾਲੀਆਂ ਸਬਜ਼ੀਆਂ- ਮਟਰ, ਆਲੂ, ਮਿੱਠੀ ਫਲੀ, ਸਰੋਂ
ਸਾਉਣੀ ਦੀਆਂ ਦਾਲਾਂ - ਮੂੰਗੀ ਅਤੇ ਮਾਂਹ
ਹਾੜ੍ਹੀ ਦੀਆਂ ਦਾਲਾਂ - ਛੋਲੇ ਅਤੇ ਮਸਰ

ਬਗੀਚੀ ਵਿੱਚ ਸਹਾਇਕ ਪੌਦਿਆਂ ਨੂੰ ਲਗਾਉਣਾ
ਸਿਹਤਮੰਦ ਪੌਦਿਆ ਲਈ ਅਤੇ ਉਹਨਾਂ ਨੂੰ ਰੋਗਾਂ ਅਤੇ ਕੀੜਿਆਂ ਤੋ ਬਚਾਉਣ ਲਈ ਸਹਾਇਕ ਪੌਦਿਆਂ ਨੂੰ ਬਗੀਚੀ ਵਿੱਚ ਜ਼ਰੂਰ ਲਗਾਉਣਾ ਚਾਹੀਦਾ ਹੈ।ਜੜ੍ਹੀ -ਬੂਟੀਆਂ ਲਗਾਉਣ ਨਾਲ ਨਾ ਸਿਰਫ ਕੀੜੇ ਕੰਟਰੋਲ ਹੋਣਗੇ ਬਲਕਿ ਸਾਨੂੰ ਵੀ ਰੋਜ਼ਾਨਾ ਜੀਵਨ ਵਿੱਚ ਕੰਮ ਆਉਣ ਵਾਲੀਆਂ ਜੜ੍ਹੀ -ਬੂਟੀਆਂ ਉਪਲਬਧ ਰਹਿਣਗੀਆਂ। ਹੇਠਾਂ ਕੁੱਝ ਜੜ੍ਹੀ -ਬੂਟੀਆਂ ਬਾਰੇ ਦੱਸਿਆ ਜਾ ਰਿਹਾ ਹੈ ਜੋ ਬਗੀਚੀ ਵਿੱਚ ਲਗਾਈਆ ਜਾ ਸਕਦੀਆ ਹਨ।
ਤੁਲਸੀ - ਟਮਾਟਰ ਦਾ ਸਵਾਦ ਵਧਾਉਦੀ ਹੈ ਅਤੇ ਨਾਲ ਹੀ ਉਸਨੂੰ ਰੋਗਾਂ ਅਤੇ ਕੀੜਿਆਂ ਤੋਂ ਬਚਾਉਦੀ ਹੈ।
ਲਹੁਸਣ - ਚੇਪੇ ਨੂੰ ਕਾਬੂ ਕਰਦੀ ਹੈ ਅਤੇ ਟਮਾਟਰ ਦੀਆਂ ਸੁੰਡੀਆਂ ਨੂੰ ਵੀ ਕੰਟਰੋਲ ਕਰਨ ਵਿੱਚ ਮੱਦਦ ਕਰਦੀ ਹੈ।
ਅਜਵਾਇਣ - ਬੰਦ ਗੋਭੀ ਦੇ ਨੇੜੇ ਬੀਜਣ ਤੇ ਇਹ ਬੰਦ ਗੋਭੀ ਨੂੰ ਚਿੱਟੀ ਮੱਖੀ ਅਤੇ ਬੰਦ ਗੋਭੀ ਦੇ ਕੀੜੇ ਤੋ ਬਚਾਉਂਦੀ ਹੈ। ਅਜਵਾਇਣ ਮਧੂ ਮੱਖੀਆਂ ਨੂੰ ਟਮਾਟਰ, ਆਲੂ ਅਤੇ ਬੈਂਗਣ ਵੱਲ ਆਕਰਸ਼ਿਤ ਕਰਦੀ ਹੈ ਜਿਸ ਨਾਲ ਪਰਾਗਣ ਵਿੱਚ ਮੱਦਦ ਮਿਲਦੀ ਹੈ।
ਗੇਂਦਾਂ - ਜੜ ਵਿੱਚੋ ਇੱਕ ਤਰਲ ਛੱਡਦਾ ਹੈ ਜਿਸ ਨਾਲ ਜੜ੍ਹਾਂ  ਨੂੰ ਖਾਣ ਵਾਲੇ ਕੀੜੇ ਖਤਮ ਹੁੰਦੇ ਹਨ।

No comments:

Post a Comment

Thanks for your feedback