Wednesday, April 20, 2011

ਗਿਆਨ ਦੀ ਪੋਟਲੀ

Gian di potli
(“Traditional healing practices)
Published by :
Kheti Virasat Mission
Jaitu Mandi, 4istt 6aridkot, (Punjab) 151202
Phone: 01635-503415ਅੰਦਰ ਦੀ ਝਲਕਸਧਾਰਨ ਬਿਮਾਰੀਆਂ
*ਜ਼ੁਕਾਮ
*ਗਲੇ ਦੇ ਰੋਗ
*ਦਸਤ
*ਤੇਜ਼ਾਬ
* ਉਲਟੀਆਂ
* ਪੇਟ ਦੀਆਂ ਬਿਮਾਰੀਆਂ
 -ਪੇਟ ਦਰਦ, ਬਦਹਜ਼ਮੀ,
* ਦਰਦਾਂ
* ਫੋੜੇ ਫੁਨਸੀਆਂ
* ਅੱਡੀਆਂ ਪਾਟਣਾ
* ਕੰਡਾ ਵੱਜਣਾ
* ਬੁਖ਼ਾਰ
* ਕੈਂਸਰ
* ਪਿੱਤ
* ਵਾਲਾਂ ਦੇ ਰੋਗ
*ਮਾਂਹਵਾਰੀ ਸਬੰਧੀ
* ਮੂੰਹ ਦੇ ਛਾਲੇ
* ਬਦਹਜ਼ਮੀ
* ਕਬਜ਼
*ਭੁੱਖ ਘੱਟ ਲੱਗਣਾ
*ਪੀਲੀਆ
* ਕੰਨਾਂ ਦੇ ਰੋਗ
* ਬਵਾਸੀਰ
* ਨਕਸੀਰ
* ਚਮੜੀ ਦੇ ਰੋਗ
* ਸ਼ੂਗਰ/ਮਧੂਮੇਅ
* ਸੱਟ ਲੱਗਣਾ
* ਖੰਘ ਰੇਸ਼ਾ
*ਮੋਚ/ਸੋਜ
* ਬਲੱਡ ਪ੍ਰੈਸ਼ਰ
*ਲਕੋਰੀਆ
*ਹਿਚਕੀ
*ਅਲਰਜ਼ੀ
*ਜੁੱਤੀ ਲੱਗਣਾ
*ਸਿਰ ਦਰਦ
ਕੁੱਝ ਸਧਾਰਨ ਉਪਚਾਰ
* ਖੂਨ ਦੀ ਸਫਾਈ
* ਖੂਨ ਦੀ ਘਾਟ
* ਜ਼ਿਗਰ ਦੀਆਂ ਬਿਮਾਰੀਆਂ
ਗਰਭਵਤੀ ਔਰਤਾਂ ਦੀ ਦੇਖਭਾਲ
ਜੱਚਾ ਦੀ ਸੰਭਾਲ
ਬੱਚਿਆਂ ਦੀ ਦੇਖਭਾਲ
ਪਸ਼ੂਧਨ ਦੀ ਦੇਖ ਭਾਲ


--------------------------------------------------------------------------------------------


ਇਸ ਕਿਤਾਬ ਬਾਰੇ


ਮਨੁੱਖ ਨੇ ਸਦੀਆਂ ਤੋਂ ਪੀੜੀ ਦਰ ਪੀੜੀ ਆਪਣੇ ਗਿਆਨ ਵਿਚ ਵਾਧਾ ਕੀਤਾ ਹੈ। ਗਿਆਨ ਦਾ ਸ਼ਾਸਤ੍ਰੀਆ ਸਰੂਪ ਵੀ ਹੈ, ਉਹ ਲੋਕ ਅਖਾਣਾਂ ਵਿਚ, ਲੋਕ ਵਿਗਿਆਨ ਬਦ ਕੇ ਹਮੇਸ਼ਾ ਮੌਜੂਦ ਰਿਹਾ ਹੈ। ਭਾਰਤ ਵਿੱਚ ਸਿਹਤ ਦਾ ਇੱਕ ਸ਼ਾਸਤਰ ਆਯੁਰਵੇਦ ਦੇ ਰੂਪ ਵਿਚ ਤਾਂ ਮੌਜੂਦ ਹੈ ਹੀ, ਉਸ ਦਾ ਅਜਿਹਾ ਸਰੂਪ ਵੀ ਲੱਭਦਾ ਹੈ ਜਿਸਨੂੰ ਲੋਕ ਸਵਾਸਥ ਪਰੰਪਰਾ ਆਖਿਆ ਜਾ ਸਕਦਾ ਹੈ। ਇਹ ਗਿਆਨ ਅਜੋਕੀ ਐਲੋਪੈਥੀ ਤੋਂ ਕਿਤੇ ਪਹਿਲਾਂ ਮੌਜੂਦ ਸੀ ਤੇ ਲੋਕਾਂ ਦੀ ਅਜ਼ਮਾਇਆ ਹੋਇਆ ਸੀ।
ਇਹ ਲੋਕ ਸਿਹਤ ਪਰੰਪਰਾ ਸਾਡੇ ਪਰਵਾਰਾਂ ਦਾ ਅੰਗ ਰਹੀ ਹੈ। ਦਾਦੀ, ਨਾਨੀ ਦੀ ਪੋਟਲੀ ਤੋਂ ਲੈ ਕੇ ਰਸੋਈ ਦੀ ਮਸਾਲੇਦਾਨੀ ਤੱਕ, ਸਾਡਾ ਸਿਹਤ ਗਿਆਨ-ਵਿਗਿਆਨ ਮਿਲਦਾ ਹੈ। ਪਰ ਪਿਛਲੇ 50 ਕੁ ਸਾਲਾਂ ਵਿਚ ਵਿਕਾਸ ਦੀ ਨਵੀਂ ਭਾਸ਼ਾ ਨੇ ਸਾਡੇ ਤੋਂ ਉਹ ਮੁਹਾਵਰਾ ਹੀ ਖੋਹ ਲਿਆ ਹੈ ਜਿਹੜਾ ਸਾਡੀ ਜੀਵਨ ਜਾਚ ਅਤੇ ਸਾਡੇ ਸਹਿਜ ਸੱਭਿਆਚਾਰ ਦੇ ਚਿੰਤਨ ਦਾ ਹਿੱਸਾ ਸੀ। ਸਿਹਤ ਗਿਆਨ-ਵਿਗਿਆਨ ਦੀ ਇਹ ਲੋਕ ਵਿਰਾਸਤ ਹਮੇਸ਼ਾ ਮੌਖਿਕ ਰਹੀ ਹੈ। ਇਹ ਲੋਕ ਸਿਹਤ ਪਰੰਪਰਾ ਦਾਦੀ-ਨਾਨੀ ਦੀ ਕੁੱਟੀ ਤੋਂ ਸ਼ੁਰੂ ਹੋ ਕੇ ਸ਼ੀਰੇ ਤੇ ਕਾੜਿਆਂ ਤੱਕ ਚਲੀ ਜਾਂਦੀ ਸੀ। ਇਸ ਨੂੰ ਪੀੜੀ ਦਰ ਪੀੜੀ ਇਸਤਰੀਆ ਨੇ ਸਹੇਜਿਆ ਹੈ, ਵਧਾਇਆ ਹੈ ਅਤੇ ਅਗਲੀ ਪੀੜੀ ਨੂੰ ਸੌਂਪਿਆ ਹੈ।
ਖੇਤੀ ਵਿਰਸਤ ਮਿਸ਼ਨ ਦੀ ਇਸਤ੍ਰੀ ਇਕਾਈ ਨੇ ਇਹ ਮਹਿਸੂਸ ਕੀਤਾ ਕਿ ਪੰਜਾਬ ਜਿਸ ਵਾਤਾਵਰਣ ਅਤੇ ਸਿਹਤਾਂ ਦੇ ਸੰਕਟ 'ਚੋਂ ਗੁਜ਼ਰ ਰਿਹਾ ਹੈ ਉਸ ਦਾ ਸਮਾਧਾਨ ਇਸਤ੍ਰੀਆਂ ਦੀ ਹਿੱਸੇਦਾਰੀ ਤੋਂ ਬਿਨਾਂ ਨਹੀਂ ਹੋ ਸਕਦਾ । ਖੇਤੀ ਵਿਰਾਸਤ ਮਿਸ਼ਨ ਦੀ ਇਸਤ੍ਰੀ ਇਕਾਈ ਇਕਾਈ ਨੂੰ ਗਤੀਸ਼ੀਲ ਬਣਾਉਣ ਵਾਲੀਆਂ ਬੀਬੀਆਂ ਨੇ  ਸਮੂਹਿਕ ਤੌਰ 'ਤੇ ਇੱਕ ਨਿਮਾਣਾ ਜਿਹਾ ਉਪਰਾਲਾ ਕੀਤਾ ਹੈ- ਦਾਦੀ - ਨਾਨੀ ਦੇ ਸਿਹਤ ਸਬੰਧੀ ਗਿਆਨ ਨੂੰ ਅਗਲੀਆਂ ਪੀੜੀਆਂ ਤੱਕ ਸੌਂਪਣ ਦਾ। ਇਸ ਅਲਿਖਤ ਲੋਕ ਵਿਗਿਆਨ ਨੂੰ ਅਸੀਂ ਕੁੱਝ ਹੱਦ ਤੱਕ ਇੱਕਠਾ ਕਰਨ ਵਿਚ ਕਾਮਯਾਬ ਹੋਏ ਹਾਂ,ਭਾਵੇਂ ਇਹ  ਸੇਰ ਵਿੱਚੋਂ ਪੂਣੀ ਕੱਤਣ ਵਾਂਗੂੰ ਹੀ ਹੈ।
ਇਸ ਲੋਕ ਗਿਆਨ ਨੂੰ ਇੱਕਤਰ ਕਰਨ ਵਿਚ ਸਾਨੂੰ ਵੱਖ ਵੱਖ ਪਿੰਡਾਂ ਦੀਆਂ ਬੀਬੀਆਂ ਨੇ ਭਰਪੂਰ ਸਹਿਯੋਗ ਦਿੱਤਾ ਹੈ। ਅਸੀਂ ਬੇਹੱਦ ਧੰਨਵਾਦੀ ਹਾਂ ਬੀਬੀ ਅਮਰਜੀਤ ਕੌਰ (ਭੋਤਨਾ-ਜ਼ਿਲਾ ਬਰਨਾਲਾ), ਰਾਜਵਿੰਦਰ ਕੌਰ (ਭੋਤਨਾ-ਜ਼ਿਲਾ ਬਰਨਾਲਾ), ਬਲਬੀਰ ਦਾਦੀ (ਦੌਧਰ-ਜ਼ਿਲਾ ਮੋਗਾ), ਸਰਬਜੀਤ ਕੌਰ (ਅੰਮ੍ਰਿਤਸਰ), ਬਲਵਿੰਦਰ ਕੌਰ  (ਕਾਕੜਾਕਲਾਂ-ਜ਼ਿਲਾ ਜਲੰਧਰ), ਗੁਰਮੀਤ ਕੌਰ (ਦਬੜੀਖਾਨਾ-ਜ਼ਿਲਾ ਫ਼ਰੀਦਕੋਟ), ਮਹਿੰਦਰ ਕੌਰ (ਮਾਝੀ-ਸੰਗਰੂਰ), ਬਲਜੀਤ ਕੌਰ (ਚੈਨਾ-ਜ਼ਿਲਾ ਫ਼ਰੀਦਕੋਟ), ਰਣਜੀਤ ਕੌਰ (ਦਬੜੀਖਾਨਾ-ਜ਼ਿਲਾ ਫ਼ਰੀਦਕੋਟ), ਬਲਵਿੰਦਰ ਕੌਰ (ਝੀਤੇ ਕਲਾਂ-ਜ਼ਿਲਾ ਅੰਮ੍ਰਿਤਸਰ), ਰਜਨੀ ਤੇ ਗੁਰਮੀਤ ਕੌਰ (ਭੱਖਲਾਂ-ਜ਼ਿਲਾ ਹੁਸ਼ਿਆਰਪੁਰ), ਹੁਕਮ ਕੌਰ (ਜਰਬਦੀਵਾਲ-ਜ਼ਿਲਾ ਹੁਸ਼ਿਆਰਪੁਰ), ਪ੍ਰਿੰਸੀਪਲ ਪ੍ਰੋਮਿਲਾ ਕਮਲ (ਕਾਦੀਆਂ-ਜ਼ਿਲਾ ਗੁਰਦਾਸਪੁਰ) ਤੋਂ ਇਲਾਵਾ ਪਿੰਡ ਭੁੱਲਰਾਂ (ਜ਼ਿਲਾ ਸੰਗਰੂਰ), ਪਿੰਡ ਹਰਪੁਰਾ (ਜ਼ਿਲਾ ਗੁਰਦਾਸਪੁਰ) ਦੀਆਂ ਬੀਬੀਆਂ ਦੇ ਵੀ ਬੇਹੱਦ ਧੰਨਵਾਦੀ ਹਾਂ, ਜਿਹਨਾਂ ਦੇ ਸਹਿਯੋਗ ਸਦਕਾ ਹੀ ਅਸੀਂ ਆਪਣੇ ਏਸ ਨਿਮਾਣੇ ਜਿਹੇ ਉਪਰਾਲੇ ਵਿਚ ਸਫਲ ਹੋਏ ਹਾਂ। । ਇਸ ਤੋਂ ਇਲਾਵਾ ਏਸ ਕੰਮ ਵਿਚ ਸਹਿਯੋਗ ਦੇਣ ਹਿਤ ਵੈਦ ਰਤਨ ਸਿੰਘ (ਨਾਰੰਗਵਾਲ-ਲੁਧਿਆਣਾ), ਮਾਸਟਰ ਮਦਨ ਲਾਲ (ਬੁਲੋਵਾਲ-ਜ਼ਿਲਾ ਹੁਸ਼ਿਆਰਪੁਰ), ਜਰਨੈਲ ਸਿੰਘ (ਮਾਝੀ ਜ਼ਿਲਾ ਸੰਗਰੂਰ), ਸੂਬਾ ਸਿੰਘ (ਬਟਾਲਾ) ਦੇ ਵੀ ਬੇਹੱਦ ਧੰਨਵਾਦੀ ਹਾਂ।  ਅਸੀਂ ਆਲ ਇੰਡੀਆ ਪਿੰਗਲਾਵਾੜਾ ਚੈਰੀਟੇਬਲ ਟਰੱਸਟ ਦੇ ਮੁਖੀ ਬੀਬੀ ਇੰਦਰਜੀਤ ਕੌਰ ਤੇ ਭਾਰਤ ਵਿਚ ਕੁਦਰਤ ਪੱਖੀ ਵਿਕਾਸ ਤੇ ਖੇਤੀ ਲਈ ਸੰਘਰਸ਼ ਕਰਨ ਵਾਲੀ ਸਿਰੜੀ ਕਾਰਕੁੰਨ ਬੀਬੀ ਕਵਿਤਾ ਕੁਰੂਗੰਟੀ ਵੱਲੋਂ ਪੈਰ -ਪੈਰ 'ਤੇ ਮਿਲੇ ਸਹਿਯੋਗ ਤੇ ਮਾਰਗਦਰਸ਼ਨ ਲਈ ਉਹਨਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ।
ਇਸ ਦਸਤਾਵੇਜ਼ ਵਿੱਚ ਪੰਜਾਬ ਦੇ ਸਾਰੇ ਭੂਗੋਲਿਕ-ਸੱਭਿਆਚਾਰਕ ਖਿੱਤਿਆਂ ਤੋਂ ਸਿਹਤ ਸਬੰਧੀ ਨੁਸਖੇ ਇਕੱਠੇ ਕਰਨ ਦਾ ਯਤਨ ਹੋਇਆ ਹੈ। ਇਹ ਸਾਡਾ ਪਹਿਲਾ ਉਪਰਾਲਾ ਹੈ। ਇਸ ਵਿਚ ਢੇਰਾਂ ਕਮੀਆਂ ਦਾ ਰਹਿ ਜਾਣਾ ਸੁਭਾਵਿਕ ਹੈ। ਅਸੀਂ ਇਸ ਲੜੀ ਨੂੰ ਅੱਗੇ ਚੱਲ ਕੇ ਹੋਰ ਵੀ ਢੁੱਕਵੀਂ ਬਣਾਉਣੀ ਚਾਹਾਂਗੇ। ਆਸ ਹੈ ਕਿ ਤੁਸੀਂ ਸਾਨੂੰ ਆਪਣੇ ਵਿਚਾਰਾਂ ਨਾਲ ਇਸ ਸਬੰਧ 'ਚ ਸੇਧ ਦੇਣ ਦੀ ਕਿਰਪਾ ਕਰੋਗੇ। ਉਹ ਸੇਧ ਭਵਿੱਖ ਵਿਚ ਸਾਡਾ ਮਾਰਗ ਦਰਸ਼ਨ ਕਰੇਗੀ।
-ਖੇਤੀ ਵਿਰਾਸਤ ਮਿਸ਼ਨ ਜੈਤੋ ( ਇਸਤ੍ਰੀ ਇਕਾਈ)


ਜ਼ੁਕਾਮ

-ਇੱਕ ਗੰਢੀ ਅਦਰਕ ਕੁੱਟ ਲਓ, ਇਕ ਚਮਚ ਸ਼ਹਿਦ ਤੇ 2 ਬੂੰਦਾਂ ਬਦਾਮ ਰੋਗਨ ਮਿਲਾਓ। ਇਕ ਹਫਤਾ ਦਿਨ ਵਿਚ ਇਕ ਵਾਰੀ ਦੇਣ ਨਾਲ ਫਾਇਦਾ ਹੁੰਦਾ ਹੈ।
-ਲਸਣ ਦੀ ਗੰਢੀ ਨੂੰ ਅੱਗ ਵਿਚ ਭੁੰਨ ਕੇ ਛਿਲਕਾ ਲਾਹ ਲਓ। ਸਾਰੀਆਂ ਤੁਰੀਆਂ ਖਵਾ ਦੇਣ ਨਾਲ ਜ਼ੁਕਾਮ ਤੋਂ ਅਰਾਮ ਮਿਲਦਾ ਹੈ। ਦੋ ਤਿੰਨ ਡੰਗ ਦੇਣਾ ਪੈਂਦਾ ਹੈ।
-ਖਸਖਸ ਨੂੰ ਥੋੜੇ ਜਿਹੇ ਪਾਣੀ ਦੀ ਸਹਾਇਤਾ ਨਾਲ ਕੁੰਡੇ ਵਿਚ ਰਗੜ ਕੇ, ਉਸ ਵਿਚ ਥੋੜਾ ਜਿਹਾ ਘਿਉ  ਤੇ ਮਿੱਠਾ ਮਿਲਾ ਕੇ,  ਦੁੱਧ ਵਿਚ ਪਾਕੇ ਪੀਣ ਨਾਲ ਜ਼ੁਕਾਮ ਠੀਕ ਹੋ ਜਾਂਦਾ ਹੈ।
-ਕਾਲੀ (ਬਿਨਾਂ ਦੁੱਧ ਵਾਲੀ) ਚਾਹ ਵਿਚ ਦੋ ਨਿੰਬੂ ਨਿਚੋੜ ਕੇ ਪੀ ਲਓ।
-ਕਣਕ ਦੇ ਆਟੇ ਦੇ ਸੂੜੇ ਦੇ ਪੰਜ ਚਮਚੇ ਪਾਣੀ ਵਿਚ ਉਬਾਲ ਕੇ ਛਾਣਨੀ ਨਾਲ ਪੁਣ ਲਓ। ਬੂਰੇ ਨੂੰ ਘਿਉ ਵਿਚ ਤੜਕ ਕੇ ਖਾਣ ਨਾਲ ਜ਼ੁਕਾਮ ਹਟ ਜਾਂਦਾ ਹੈ।
-ਸੇਵੀਆਂ ਪਾਣੀ ਵਿਚ ਰਿੰਨ ਕੇ ਰਾਤ ਨੂੰ ਸੌਣ ਲੱਗਿਆਂ ਭਾਫ ਲੈ ਲਓ।
-ਬਨਖਸ਼ਾਂ ਰਿੰਨ੍ਹ ਕੇ 2-3 ਡੰਗ ਪੀ ਲਓ। ਉਸਦੇ ਵਿਚ ਮਗਜ਼, ਖਸਖਸ, ਕਾਲੀ ਮਿਰਚ, ਹਰੀ ਇਲੈਚੀ, ਬਦਾਮ ਪਾ ਲਓ।
-ਗੁੜ ਵਾਲੀਆਂ ਸੇਵੀਆਂ ਬਣਾ ਕੇ ਖਾ ਲਓ।
-ਲੱਸੀ ਵਿਚ ਲਾਲ ਮਿਰਚ ਘੋਲ ਕੇ ਪੀਣ ਨ ਅਤੇ ਨਾਲ ਅਤੇ ਨਾਲ ਲਸਣ ਦੀ ਚਟਨੀ ਖਾਣ ਨਾਲ ਵੀ ਜ਼ੁਕਾਰ ਹਟ ਜਾਂਦਾ ਹੈ।ਗਲਾ ਬਹਿਣਾ

ਗਲਾ ਬਹਿ ਗਿਆ ਹੋਵੇ ਤਾਂ ਛਾਵੇਂ ਸੁਕਾਏ ਹੋਏ ਅਨਾਰ ਦੇ ਛਿਲਕੇ ਪੀਸ ਕੇ ਪਾਊਡਰ ਬਣਾ ਲਓ।  ਇੱਕ ਪੁੜੀ ਸਵੇਰੇ ਸ਼ਾਮ ਦੇਣ ਨਾਲ ਅਰਾਮ ਮਿਲੇਗਾ।

ਦਸਤ


-ਤਿੰਨ ਚਮਚ ਅਨਾਰ ਦਾਣ, ਪੁਦੀਨਾ ਪਾ ਕੇ ਰਗੜ ਲਓ। ਪਤਲਾ ਕਰਕੇ ਚੌਲਾਂ ਨਾਲ ਖਾਣ ਲਈ ਦਿਓ।
-ਇਕ ਚਮਚ  ਚਾਹ ਪੱਤੀ ਰਿੰਨ ਕੇ ਇਕ ਨਿੰਬੂ ਦਾ ਰਸ ਮਿਲਾ ਦੇ ਅੱਧਾਂ ਗਿਲਾਸ ਪੀਓ। ਅਰਾਮ ਮਿਲੇਗਾ।
-ਈਸਬਗੋਲ ਦਾ ਬੁਰਾਦਾ ਇੱਕ ਘੰਟਾ ਦੁੱਧ ਦੀ ਕੱਚੀ ਲੱਸੀ ਵਿਚ ਭਿਉਂ ਕੇ ਦਿਨ ਵਿਚ ਤਿੰਨ ਵਾਰ ਦੋ-ਦੋ ਚਮਚ ਦਿਓ। ਸ਼ਰਤੀਆ ਅਰਾਮ ਮਿਲੇਗਾ।
-ਈਸਬਗੋਲ ਦਾ ਸੱਤ ਦਿਓ!
- ਜੰਡ ਦੀਆਂ ਡੋਡੀਆਂ ਦਹੀਂ ਵਿਚ ਪਾ ਕੇ ਖਾਓ। ਅਰਾਮ ਮਿਲੇਗਾ।
- ਪੁਦੀਨੇ ਤੇ ਗੰਢੇ ਨੂੰ ਕੁੱਟ ਕੇ ਉਹਨਾਂ ਦਾ ਪਾਣੀ ਕੱਢ ਕੇ ਪੀਓ।


ਤੇਜ਼ਾਬ ਬਣਨਾ 

-ਪੁਦੀਨੇ ਦਾ ਸਤ, ਕੌੜਤੁੰਮਾਂ, ਕਾਲੀ ਮਿਰਚ, ਦਾ ਚੂਰਨ ਬਣਾ ਕੇ ਲਓ।
-ਮਿਸਰੀ, ਆਂਵਲੇ, ਹਰੜ, ਕਾਲੀ ਮਿਰਚ ਦਾ ਚੂਰਨ ਬਣਾ ਕੇ ਇੱਕ ਚਮਚ ਪਾਣੀ ਨਾਲ ਲਓ।

ਉਲਟੀਆਂ
- ਤੁਲਸੀ ਦੇ 5-7 ਪੱਤਿਆਂ ਦਾ ਚਮਚ ਭਰ ਰਸ ਪੀਣ ਨਾਲ ਉਲਟੀ ਬੰਦ ਹੋ ਜਾਂਦੀ ਹੈ।
-ਤਾਂਬੇ ਦੇ ਦੋ ਪੈਸੇ ਉਬਾਲ ਕੇ ਦੇ ਦਿਓ।
-ਛੋਲੇ ਅਤੇ ਖਸਖਸ ਕੁੱਟ ਕੇ ਉਹਨਾਂ ਵਿਚ ਖੰਡ ਪਾ ਕੇ ਖਾਣ ਨਾਲ ਉਲਟੀਆਂ/ਟੱਟੀਆਂ/ਸਿਰ ਦਰਦ ਠੀਕ ਹੋ ਜਾਂਦੇ ਹਨ।
- ਪੁਦੀਨੇ ਦੇ ਰਸ ਵਿਚ ਇਲੈਚੀ, ਜਵੈਣ, ਖੰਡ ਤੇ ਪਾਣੀ ਮਿਲਾ ਕੇ ਲਓ। ਉਲਟੀਆਂ ਤੋ ਅਰਾਮ ਮਿਲੇਗਾ।


ਪੇਟ ਦਰਦ :
-ਛੁਹਾਰਾ, ਹਰੜ, ਸੁਪਾਰੀ ਪੀਸ ਕੇ ਚਮਚ ਭਰ ਲਓ।
-ਮਿੱਠਾ ਸੋਢਾ ਇਕ ਚੁਟਕੀ, ਲੂਣ ਤੇ ਜਵੈਣ ਮਿਲਾ ਕੇ ਗਰਮ ਪਾਣੀ ਲਾਲ ਲਓ।
-ਜੰਮਣ ਗੁੜਤੀ (ਪੰਸਾਰੀ ਤੋਂ ਮਿਲ ਜਾਂਦੀ ਹੈ,) ਇਕ ਚਮਚ ਦੇਣ ਨਾਲ ਪੇਟ ਦਰਦ ਹਟ ਜਾਂਦਾ ਹੈ।
-ਚਾਰੇ ਲੂਣ, ਚਾਰੇ ਜਵੈਣਾਂ ਮਿਲਾ ਕੇ ਚੂਰਣ ਬਣਾ ਲਓ। ਦਿਨ ਵਿਚ ਦੋ ਵਾਰ ਇਕ ਇਕ ਚਮਚ ਖਾਣ ਨਾਲ ਪੇਟ ਦਰਦ ਠੀਕ ਹੋ ਜਾਂਦਾ ਹੈ।
- ਪੇਟ ਦਰਦ ਤੋਂ ਅਰਾਮ ਲਈ ਪੁਦੀਨਾ, ਤੁਲਸੀ ਅਤੇ।ਨਿੰਮ ਦਾ ਸੱਕ ਪਾਣੀ ਵਿਚ ਉਬਾਲ ਕੇ ਪੀ ਲਓ।
- ਸੌਂਫ ਤੇ ਸਰਨਾ ਪੀਸ ਦੇ ਮਿਲਾ ਲਓ। ਸੁਭਾ-ਸ਼ਾਮ ਇਕ ਇਕ ਚਮਚ ਲੈਣ ਨਾਲ ਠੀਕ ਹੋ ਜਾਂਦਾ ਹੈ।
-ਅੱਧਾ ਚਮਚ ਮੇਥੀ, ਇਕ ਚੌਥਾਈ ਚਮਚ ਨਮਕ, ਏਨਾ ਹੀ ਸੌਂਫ ਮਿਲਾ ਕੇ ਪਾਊਡਰ ਬਣਾ ਲਓ। ਹਲਕੇ ਗਰਮ ਪਾਣੀ ਨਾਲ ਹਰ ਰੋਜ ਰਾਤ ਨੂੰ ਸੌਣ ਲੱਗਿਆਂ 4-5 ਦਿਨ ਲਓ। ਓਸ ਤੋਂ ਬਾਅਦ ਤੀਜੇ ਦਿਨ ਲੈਣਾ ਚਾਹੀਦਾ ਹੈ।


ਪੇਟ ਦੇ ਕੀੜੇ:
-ਤੁਲਸੀ ਦੇ 5-7 ਪੱਤੇ ਪੰਜ ਦਿਨ ਰੋਜ਼ਾਨਾ ਖਾਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ। 
ਅਫਾਰਾ
-ਮੋਟੀ ਹਰੜ, ਜੰਗ ਹਰੜ, ਮਘਾਂ, ਜਵੈਣ, ਕਾਲਾ ਲੂਣ, ਪਾਕਿਸਤਾਨੀ ਲੂਣ, ਮੋਟੀ ਇਲਾਇਚੀ, ਠੀਕਰੀ ਨਸ਼ਾਦਰ ਨੂੰ ਮਿਲਾ ਕੇ ਕੁੱਟ ਲਓ। ਇਸ ਚੂਰਨ ਦੀ ਤਿੰਨ ਉਂਗਲਾਂ ਦੀ ਚੁਟਕੀ ਬਣਾਕੇ ਦਿਓ। ਇੱਕ ਵਾਰ ਦੇਣ ਨਾਲ ਹੀ ਅਰਾਮ ਮਿਲੇਗਾ।
- ਅਜਵਾਇਣ ਨੂੰ ਭਿਉਂ ਕੇ ਤੜਕੇ ਰਗੜ ਕੇ ਰੱਖ ਲੈਂਦੇ ਹਨ, ਗੈਸ ਤੇ ਗਰਮੀ ਤੋਂ ਆਰਾਮ ਕਰਦਾ ਹੈ।
- ਸਰਨਾਏ, ਮਹਿੰਦੀ ਦੇ ਪੱਤਿਆਂ ਵਰਗੇ ਪੱਤੇ ਹੁੰਦੇ ਹਨ। ਇਸ ਨੂੰ ਉਬਾਲ ਕੇ ਲੈਣ ਨਾਲ ਪੇਟ ਦੀ ਖਰਾਬੀ ਦੂਰ ਹੁੰਦੀ ਹੈ ਤੇ ਹਾਜਮਾ ਦਰੁਸਤ ਹੁੰਦਾ ਹੈ।

ਜੋੜਾਂ ਦਾ ਦਰਦ : 

ਕੁਆਰ ਗੰਦਲ ਦਾ ਛਿਲਕਾ ਲਾਹ ਕੇ ਗੁੱਦਾ ਆਟੇ ਵਿਚ ਗੁੰਨ ਲਓ। ਗਾਂ ਦਾ ਘਿਉ ਲਾ ਕੇ ਰੋਟੀ ਬਣਾ ਲਓ ਤੇ ਗਾਂ ਦੇ ਦੁੱਧ ਨਾਲ ਖਾ ਲਓ।
ਤਾਰੇ ਮੀਰੇ ਦੀ ਭੁਰਜੀ (ਅੱਸੂ ਕੱਤੇ ਵਿਚ ਬਣਾ ਕੇ ਖਾਧੀ ਜਾ ਸਕਦੀ ਹੈ।)
ਪੋਹਲੀ(ਛਮਕਮੂਲੀ) ਦੀ ਸਬਜ਼ੀ (ਕਰੇਲਿਆਂ ਵਾਂਗ ਹੀ ਬਣਦੀ ਹੈ) ਖਾਣ ਨਾਲ ਵੀ ਜੋੜਾਂ ਦੇ ਦਰਦਾਂ ਤੋਂ ਰਾਹਤ ਮਿਲਦੀ ਹੈ।


ਦਰਦ :
ਸੱਪ ਦੀ  ਕੁੰਜ ਆਂਵਲੇ ਦੇ ਤੇਲ ਵਿਚ ਸਾੜ ਕੇ ਲਾਓ। ਦਰਦ ਤੋਂ ਰਾਹਤ ਮਿਲੇਗੀ।


ਪਿੱਠ ਦਰਦ :
ਇੱਕ ਕਿਲੋ ਅਲਸੀ, ਅੱਧਾ ਕਿਲੋ ਘਿਉ, ਅੱਧਾ ਕਿਲੋ ਗੁੜ ਲਓ।
ਅਲਸੀ ਨੂੰ ਘਿਉ ਵਿੱਚ ਭੁੰਨ ਲਓ। ਗੁੜ ਦੀ ਚਾਹਣੀ ਬਣਾਕੇ ਮੈਲ ਉਤਾਰ ਲਓ ਤੇ ਅਲਸੀ ਪਾ ਕੇ ਪੰਜੀਰੀ ਬਣਾ ਕੇ ਖਾਓ। ਪਿੱਠ ਦਰਦ ਤੋਂ ਰਾਹਤ ਮਿਲਦੀ ਹੈ।


ਲੱਕ ਦਾ ਦਰਦ
ਭੱਖੜਾ ਕੋਠੇ 'ਤੇ ਸੁਕਾ ਲਓ। ਛੱਜ ਵਿਚ ਪਾ ਕੇ ਛੱਟ ਲਓ। ਕੜਾਹੀ ਵਿੱਚ ਕੱਕੀ ਰੇਤ ਪਾ ਕੇ ਭੁੰਨ ਲਓ। ਕੰਡੇ ਚੰਗੀ ਤਰ੍ਹਾ ਚੁਣ ਕੇ ਦਾਣੇ ਭਿਆ ਲਓ। ਅੱਧਾ ਕਿਲੋ ਵੇਸਣ, ਅੱਧਾ ਕਿਲੋ ਘਿਉ ਵਿਚ ਭੁੰਨ ਕੇ ਵਿਚ ਭੱਖੜੇ ਦਾ ਆਟਾ ਮਿਲਾ ਦਿਓ। ਕੁੱਝ ਹੋਰ ਘਿਉ ਪਾ ਦਿਓ। ਖੰਡ ਪਾਕੇ ਪੰਜੀਰੀ ਬਣਾ ਲਓ। ਇਹ ਲੱਕ ਦੇ ਦਰਦ ਤੋਂ ਰਾਹਤ ਦਿਵਾਉਂਦੀ ਹੈ।

ਦੰਦਾਂ ਦਾ ਦਰਦ
-ਫਟਕੜੀ ਤੇ ਰੀਠੇ ਨੂੰ ਸਾੜ ਕੇ ਪਾਊਡਰ ਬਣਾ ਲਓ ਤੇ ਉਸਦਾ ਮੰਜਨ ਕਰੋ।
-ਲੌਂਗ ਪੀਸ ਕੇ ਦੰਦਾਂ ਤੇ ਮਲੋ।


ਫੋੜੇ ਫੁਨਸੀਆਂ 
ਫੱਗਣ ਦੇ ਮਹੀਨੇ ਜਦੋਂ ਹੋਲੀਆਂ ਸ਼ੁਰੂ ਹੁੰਦੀਆਂ ਹਨ, ਉਹਨਾਂ ਅੱਠ ਦਿਨਾਂ ਦੌਰਾਨ ਚਰੈਤਾਅਤੇ ਕਰੈਤਾ ਨਾਂਅ ਦੀਆਂ ਦੋ ਜੜੀਆਂ ਬੂਟੀਆਂ  ਨੂੰ ਬਰਾਬਰ ਮਾਤਰਾ ਵਿਚ ਲੈ ਕੇ ਅਮਾਮ ਦਸਤੇ ਵਿਚ ਕੁੱਟ ਲਓ। ਕੁੱਟਣ ਉਪਰੰਤ ਪਾਣੀ ਵਿਚ ਉਬਾਲ ਲਓ। ਰਾਤ ਭਰ ਠੰਢਾ ਹੋਣ ਦਿਓ ਅਤੇ ਸਵੇਰੇ  ਪੁਣ ਕੇ ਨਿਰਣੇ ਪੇਟ  ਪੀਣ ਨਾਲ ਸਾਰਾ ਸਾਲ ਫੋੜੇ ਫੁਨਸੀਆਂ ਤੋਂ ਬਚਾਅ ਰਹਿੰਦਾ ਹੈ।
-ਦੇਸੀ ਅੱਕ ਦਾ ਪੱਤਾ ਗਰਮ ਕਰਕੇ ਸਰੋਂ ਦਾ ਤੇਲ ਲਾ ਕੇ ਫੋੜੇ 'ਤੇ ਬੰਨ ਲਓ!
-ਆਟੇ ਵਿਚ ਇੱਕ  ਚੂੰਢੀ ਮਿੱਠਾ ਸੋਢਾ ਪਾ ਕੇ, ਮਾਸਾ ਕੁ ਤੇਲ ਵਿਚ ਲੇਟੀ ਜਿਹੀ ਬਣਾ ਲਓ। ਉਸ ਨੂੰ ਅੱਗ 'ਤੇ ਗਰਮ ਕਰੋ ਤੇ…ਫੋੜੇ 'ਤੇ ਬੰਨ ਲਓ।
-ਜਿਹੜਾ ਫੋੜਾ ਜਲਦੀ ਠੀਕ ਨਾ ਹੁੰਦਾ ਹੋਵੇ , ਗੰਢਾ, ਨਿੰਮ ਦੇ ਪੱਤੇ ਸੁਕਾ ਲਓ।ਜਵੈਣ ਤੋਰੀਏ ਦੇ ਤੇਲ ਵਿਚ ਪਾ ਕੇ ਕੋਲੇ ਵਾਂਗ ਸਾੜ ਲਓ। ਤੇਲ ਨਿਤਾਰ ਕੇ ਚੀਜਾਂ ਨੂੰ ਵਿਚ ਪੀਸ ਲਓ ਕੇ ਜ਼ਖ਼ਮ ਤੇ ਲਾ ਲਓ।
- ਦੇਸੀ ਅੱਕ ਦੇ ਪੱਤੇ ਬੰਨਣ ਨਾਲ ਕੋਰ ਫਿਨਸੀਆਂ ਠੀਕ ਹੋ ਜਾਂਦੀਆਂ ਹਨ।
-ਇੱਕ ਕਿੱਲੋ ਵੇਸਣ ਨੂੰ ਘਿਉ ਵਿਚ ਭੁੰਨ ਕੇ ਫਿਰ ਪਾਈਆ ਚਾਕਸੂ ਪਾ ਕੇ ਪੰਜੀਰੀ ਬਣਾ ਲਓ।  ਇਹ ਖਾਣ ਨਾਲ ਫੋੜੇ ਫੁਨਸੀਆਂ ਤੋਂ ਅਰਾਮ ਰਹਿੰਦਾ ਹੈ।
- ਨਿੰਮ ਦੇ ਪੱਤੇ ਉਬਾਲ ਕੇ ਰੋਜ਼ਾਨਾ ਪੀਣ ਨਾਲ ਫੋੜੇ ਫਿਨਸੀਆਂ ਜਾਂ ਖਾਜ ਠੀਕ ਹੋ ਜਾਂਦੇ ਹਨ।
-ਨਿੰਮ ਘੋਟ ਕੇ  ਪਿਲਾ ਦਿਓ। ਰਾਤ ਨੂੰ ਭਿਉਂ ਕੇ ਰੱਖੋ ਤੇ ਸਵੇਰੇ ਘੋਟ ਕੇ ਇਕ ਗਲਾਸ ਦੇ ਦਿਓ।
- ਕੁਆਰ ਗੰਦਲ ਗਰਮ ਕਰਕੇ ਬੰਨਣ ਨਾਲ ਪੀਕ ਪੱਕ ਕੇ ਬਾਹਰ ਆ ਜਾਂਦੀ ਹੈ।    
-ਅੱਕ ਸਿੰਨ ਦੇ ਪੱਤੇ ਗਰਮ ਕਰਕੇ ਤੇਲ ਨਾਲ ਚੋਪੜ ਕੇ ਬੰਨਣ ਨਾਲ ਫੋੜਾ ਨਰਮ ਹੋਕੇ ਠੀਕ ਹੋ ਜਾਂਦਾ ਹੈ।


ਅੱਡੀਆਂ ਪਾਟਣਾ
ਅਮਰ ਵੇਲ ਉਬਾਲ ਕੇ ਉਸਦੇ ਪਾਣੀ ਨਾਲ ਪੈਰ ਧੋ ਕੇ ਜੁਰਾਬਾਂ ਪਾ ਲਓ। ਅਰਾਮ ਮਿਲੇਗਾ।
ਕੰਢਾ ਲੱਗਣ ਤੇ
ਗੁੜ ਵਿਚ ਲੂਣ ਮਿਲਾਕੇ  ਕੱਪੜੇ ਨਾਲ ਬੰਨਣ ਨਾਲ ਜਗ੍ਹਾ ਪੋਲੀ ਹੋ ਜਾਂਦੀ ਹੈ ਤੇ ਫਿਰ ਆਪਣੇ ਆਪ ਹੀ ਅਰਾਮ ਨਾਲ ਕੰਢਾ ਕੱਢਿਆ ਜਾ ਸਕਦਾ ਹੈ।


ਮਲੇਰੀਆ                    
- ਮਲੇਰੀਆ ਹੋਣ 'ਤੇ ਦੋ ਨਿੰਬੂਆਂ ਦਾ ਰਸ, ਇੱਕ ਗਲਾਸ ਠੰਢੇ ਪਾਣੀ ਵਿਚ ਪੀਲੀ ਸ਼ੱਕਰ ਦਾ ਸ਼ਰਬਤ ਬਣਾ ਕੇ ਪੀਓ।


ਟਾਈਫਾਈਡ
-ਟਾਈਫਾਈਡ ਹੋ ਜਾਵੇ ਤਾਂ ਚਾਹ ਵਿਚ ਤੁਲਸੀ ਦੇ ਦਸ ਪੱਤੇ ਪਾ ਕੇ ਪੀਓ।
-ਸੁੱਕੀ ਦੀ ਸੁੱਕੀ ਡੰਡੀ ਦੇ ਦੋ ਪੀਸ, ਤਿੰਨ ਚਮਚ ਜਵੈਣ ਪਾ ਕੇ ਰਾਤੀਂ ਭਿਉਂ ਦਿਓ। ਸਵੇਰੇ ਟਾਈਫਾਈਡ ਵਾਲੇ ਵਿਅਕਤੀ ਨੂੰ ਪਿਲਾ ਦਿਓ।  ਇਸ ਨੂੰ ਅੱਠ ਪਹਿਰੀ ਜਵੈਣ ਵੀ ਕਹਿੰੰਦੇ ਹਨ।

ਬੁਖਾਰ
-ਇੱਕ ਚਮਚ ਪੀਸਿਆ ਹੋਇਆ ਭਰਿੰਡਾਂ ਦਾ ਪੁਰਾਣਾ ਛੱਤਾ, ਇੱਕ ਚਮਚ ਸ਼ਹਿਦ ਵਿਚ ਮਿਲਾ ਕੇ ਲੈਣ ਨਾਲ ਬੁਖਾਰ ਹਟ ਜਾਂਦਾ ਹੈ।
-ਤੁਲਸੀ ਦੇ  15-20 ਪੱਤੇ ਉਬਾਲ ਕੇ ਪੀਣ ਨਾਲ ਵੀ ਬੁਖਾਰ ਠੀਕ ਹੋ ਜਾਂਦਾ ਹੈ।
- ਤੇਈਆ ਤਾਪ ਵਿਚ, ਗੁੜ ਵਿਚ ਤੁਲਸੀ ਦੇ ਪੱਤੇ ਦਿਓ।


ਕੈਂਸਰ
ਗਾਂ ਦਾ ਪਿਸ਼ਾਬ ਪੁਣ ਕੇ ਪੀਣ ਨਾਲ ਕੈਂਸਰ ਰੋਗ ਨੂੰ ਅਰਾਮ ਮਿਲਦਾ ਹੈ।

ਪਿੱਤ
5 ਕਾਲੀਆਂ ਮਿਰਚਾਂ ਇੱਕ ਚਮਚ ਘਿਓ ਤੇ ਇੱਕ ਚਮਚ ਦੇਸੀ ਖੰਡ ਪਾਕੇ ਲੈਣ ਨਾਲ ਪਿੱਤ ਤੋਂ ਰਾਹਤ ਮਿਲਦੀ ਹੈ।

ਸਿੱਕਰੀ
ਬੇਰੀ ਦੇ ਪੱਤਿਆਂ ਨਾਲ ਨਹਾਉਣ ਨਾਲ ਸਿੱਕਰੀ ਠੀਕ ਹੋ ਜਾਂਦੀ ਹੈ
ਸਰੋਂ ਦਾ ਤੇਲ ਬਣਾਉਣ ਤੋਂ ਬਾਅਦ ਬਚੀ ਖਾਰ ਨਾਲ ਸਿਰ ਧੋਣ ਨਾਲ ਵਾਲ ਲੰਬੇ ਹੁੰਦੇ ਹਨ।

ਮਹਾਂਵਾਰੀ ਵਿਚ ਦਰਦ
-ਮਹਾਂਵਾਰੀ ਵਿਚ ਦਰਦ ਬੱਚੇਦਾਨੀ ਦਾ ਮੂੰਹ ਨਾ ਖੁੱਲਣ ਕਰਕੇ ਹੁੰਦਾ ਹੈ।  ਇਸ ਲਈ ਲੰਮੀ ਤੇ ਮੋਟੀ ਮਿੱਠੀ ਰੋਟੀ ਬਣਾਓ। ਇਕ ਪਾਸਿਓਂ ਪਕਾਓ। ਗਰਮ ਰੋਟੀ ਤੇ ਸਰੋਂ ਦਾ ਤੇਲ ਲਾ ਕੇ ਰਾਤ ਭਰ ਲਈ ਬੱਚੇਦਾਨੀ ਦੇ ਉਤੇ ਬੰਨ ਦਿਓ।
-ਜੈਫਲ ਦਾ ਇੱਕ ਦਾਣਾ ਪੀਹ ਕੇ ਤਿੰਨ ਪੁੜੀਆਂ ਬਣਾਓ। ਇੱਕ ਗਲਾਸ ਸੌਂਫ ਦੇ ਪਾਣੀ 'ਚ ਖੰਡ ਪਾਕੇ ਉਹਦੇ ਨਾਲ ਇੱਕ-ਇੱਕ ਪੁੜੀ ਮਹਾਂਵਾਰੀ ਦੇ ਪਹਿਲੇ ਦਿਨ ਤੇ ਉਸ ਤੋਂ ਮਗਰੋਂ ਦੋ ਦਿਨ ਹੋਰ ਲਓ।


ਮੂੰਹ ਦੇ ਛਾਲੇ
ਤੁਲਸੀ ਤੇ ਚਮੇਲੀ ਦੇ ਪੱਤੇ ਚੂਸਣ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਂਦੇ ਹਨ।
ਤਵਾਸੀਰ, ਤੋਫਾਖੀਰ, ਲੈਚੀ ਛੋਟੀ, ਪੀਹ ਕੇ ਪਾਊਡਰ ਬਣਾ ਕੇ ਮੂੰਹ ਦੇ ਛਾਲਿਆਂ 'ਤੇ ਲਾਓ। ਜਾਂ ਇਸ ਦੇ ਗਰਾਰੇ ਕਰ ਲਓ।


ਕਬਜ਼
-ਇਕ ਗਲਾਸ ਤਾਜਾ ਪਾਣੀ ਵਿਚ ਇੱਕ ਚਮਚ ਸ਼ਹਿਦ ਪਾ ਕੇ ਪੀਓ। ਕਬਜ਼ ਤੋਂ ਰਾਹਤ ਮਿਲੇਗੀ।
-ਹਰੜ ਨੂੰ ਘਿਓ ਵਿਚ ਭੁੰਨ ਕੇ ਪੀਸ ਲਓ। ਇਹ ਪਾਊਡਰ 3-4 ਦਿਨ, ਰਾਤ ਨੂੰ ਦੁੱਧ ਵਿਚ ਪਾ ਕੇ ਪੀਣ ਨਾਲ ਕਬਜ ਦੂਰ ਹੁੰਦੀ ਹੈ।
- ਖਾਲੀ ਪੇਟ ਇੱਕ ਚਮਚ ਤ੍ਰਿਫਲਾ ਪਾਣੀ ਨਾਲ, ਰਾਤ ਦੇ ਖਾਣੇ ਤੋਂ ਬਾਅਦ ਲਓ।
- ਆਟਾ ਭੁੰਨ ਕੇ ਗੁੜ ਦਾ ਪਾਣੀ ਬਣਾ ਕੇ ਫਿਰ ਉਹਦੇ ਵਿਚ ਥੋੜੀ ਜਵੈਣ ਪਾ ਦੇਣੀ, ਉਹ ਕੜੀ ਤੋਂ ਪਤਲਾ ਹੋ ਜਾਂਦਾ ਹੈ।  ਇਹ ਪੇਟ ਲਈ ਹਲਕਾ ਹੁੰਦਾ ਹੈ । ਕਬਜ ਟੁੱਟ ਜਾਂਦੀ ਹੈ।
- ਛੋਟੀਆਂ ਹਰੜਾਂ ਘਿਉ ਵਿਚ ਭੁੰਨ ਕੇ ਪੀਸ ਲਓ। ਕਾਲਾ ਲੂਣ ਕੱਪੜ ਛਾਣ ਕਰਕੇ, ਜਵੈਣ ਵੀ ਰਗੜ ਲਓ ਅਤੇ ਅੱਧਾ ਚਮਚ ਥੋੜੇ ਗਰਮ ਪਾਣੀ ਨਾਲ ਲੈ ਲਓ।
-10-12 ਕੌੜ ਤੁੰਮਿਆਂ ਦੀ ਗੁੱਦ ਕੱਢ ਲਓ। ਖੰਡ ਦੀ ਚਾਸ਼ਨੀ ਬਣਾ ਕੇ ਇਹ ਗੁੱਦ ਵਿਚ ਪਾ ਦਿਓ। ਅੱਧਾ ਚਮਚ ਨਿਰਣੇ ਕਾਲਜੇ ਪਾਣੀ ਨਾਲ ਲਓ। ਕਬਜ ਤੋ ਛੁਟਕਾਰਾ ਮਿਲਦਾ ਹੈ।


ਭੁੱਖ ਘੱਟ ਲੱਗਣਾ
ਜਵੈਣ, ਜੀਰਾ, ਕਾਲੀ ਮਿਰਚ, ਲੱਸੀ ਵਿਚ ਪਾ ਕੇ ਪੀਓ। ਭੁੱਖ ਵਧੇਗੀ।

ਪੀਲੀਆ
ਜੰਤਰ ਦੇ ਪੱਤੇ, ਪੀਹ ਕੇ ਪੁੜੀਆਂ ਬਣਾ ਲਓ। ਨਿਰਣੇ ਕਾਲਜੇ ਇੱਕ ਇੱਕ ਪੁੜੀ ਤਿੰਨ ਦਿਨ ਦਿਓ। ਇਹ ਬਰਸੀਮ ਤੇ ਝੋਨੇ ਵਿੱਚ ਹੁੰਦੀ ਹੈ।

ਕੰਨ ਦੀ ਖਾਜ
-ਰਤਨਜੋਤ (ਲੋੜ ਮੁਤਾਬਿਕ) ਤੇ ਇਕ ਚਮਚ ਤਰਲ ਕਬੀਲੇ ਨੂੰ ਉਬਾਲ ਕੇ ਠੰਢਾ ਕਰਕੇ ਪੀਣ ਨਾਲ ਖਾਜ ਹਟ ਜਾਂਦੀ ਹੈ।


ਕੰਨ ਦਾ ਦਰਦ
-ਦੇਸੀ ਅੱਕ ਦਾ ਪੱਤਾ (ਜੋ ਪੀਲਾ ਹੋ ਗਿਆ ਹੋਵੇ), 2 ਚਮਚ ਸਰੋਂ ਦੇ ਤੇਲ ਵਿਚ  ਪਾਕੇ ਅੱਗ 'ਤੇ ਰੱਖੋ। ਜਦੋਂ ਕੜ੍ਹ ਜਾਵੇ ਤਾਂ ਪੁਣ ਕੇ ਸ਼ੀਸ਼ੀ ਵਿਚ ਪਾ ਲਓ। 2 ਬੂੰਦਾਂ ਕੰਨ ਵਿਚ ਪਾਉਣ ਨਾਲ ਦਰਦ ਤੋਂ ਰਾਹਤ ਮਿਲਦੀ ਹੈ।
-ਨਿੰਮ ਦੀਆਂ ਬਾਰੀਕ ਪੱਤੀਆਂ ਅਤੇ ਲਸਣ ਦੀਆਂ ਪੰਜ ਗੰਢੀਆਂ ਦੋ ਚਮਚ ਸਰੋਂ ਦੇ ਤੇਲ ਵਿਚ ਕਲਕਾ ਲਓ।  ਦੋ ਬੂੰਦਾਂ ਕੰਨ ਵਿਚ ਪਾਉਣ ਨਾਲ ਦਰਦ ਤੋਂ ਛੁਟਕਾਰਾ ਮਿਲਦਾ ਹੈ।
- ਬੱਚੇ ਦਾ ਪਿਸ਼ਾਬ ਕੰਨ ਵਿਚ ਪਾ ਲਓ।
- ਲਸਣ ਨੂੰ ਤੋਰੀਏ ਦੇ ਤੇਲ ਵਿਚ ਸਾੜ ਕੇ ਤੇਲ ਕੰਨ ਵਿਚ ਪਾ ਲਓ।

ਕੰਨ ਡੁੱਲ੍ਣਾ : 
10-15 ਸੁੱਕੀਆਂ ਲਾਲ ਮਿਰਚਾਂ, 250 ਗਰਾਮ ਸ਼ੁੱਧ ਸਰੋਂ ਦਾ ਤੇਲ, 100 ਗਰਾਮ ਕਵਾਰ ਗੰਦਲ ਲਓ। ਕਵਾਰ ਗੰਦਲ ਦਾ ਛਿਲਕਾ ਉਤਾਰ ਕੇ ਸੁੱਕੀਆਂ ਨਾਲ ਮਿਰਚਾਂ ਸਮੇਤ ਸਰੋਂ ਦੇ ਵਿਚ ਉਦੋਂ ਤੱਕ ਤੜਕੋ ਜਦੋਂ ਤੱਕ ਉਹ ਅੱਧਾ ਨਾ ਰਹਿ ਜਾਵੇ। ਬਚੇ ਹੋਏ ਤਰਲ ਨੂੰ ਠੰਢਾ ਕਰਕੇ ਕੱਚੀ ਦੀ ਸ਼ੀਸ਼ੀ ਵਿਚ ਭਰ ਲਓ। ਸ਼ੁਬਹਾ-ਸ਼ਾਮ 2-3 ਬੂੰਦਾਂ ਕੰਨ ਵਿੱਚ ਪਾਓ। ਇੱਕ ਹਫ਼ਤੇ ਦੇ ਅੰਦਰ ਅੰਦਰ ਕੰਨ ਵਗਣਾ ਬੰਦ ਹੋ ਜਾਂਦਾ ਹੈ।

ਬਵਾਸੀਰ-ਗਰਮ ਪਾਣੀ ਵਿਚ ਬੈਠਣ ਨਾਲ ਠੀਕ ਹੋ ਜਾਂਦਾ ਹੈ।
-ਗੁਲਾਬ ਦੇ  2-3 ਫੁੱਲ ਕੌਲੀ ਵਿੱਚ ਭਿਉਂ ਕੇ ਅੱਗ 'ਤੇ ਰਿੰਨ੍ਹ ਲਓ। ਰਿੰਨ੍ਣ ਮਗਰੋਂ ਨਿਚੋੜ ਕੇ ਥੋੜੀ ਖੰਡ ਪਾ ਕੇ 2 ਚਮਚ ਸੌਣ ਲੱਗਿਆਂ ਲਓ।
-ਦੇਸੀ ਕਰੇਲੇ ਸੁਕਾ ਕੇ ਨਿਰਣੇ ਕਾਲਜੇ 1 ਕਰੇਲਾ ਤਰੇਲ ਵਿਚ ਰੰਖ ਕੇ 4-5 ਦਿਨ ਦਿਓ।
-ਇੱਕ ਕੱਪ ਦੁੱਧ ਵਿਚ ਨਿੰਬੂ ਪਾ ਕੇ ਪੀ ਲਓ।
- ਸੀਰਨਕੰਦ (ਜਿੰਮੀਕੰਦ) ਕੱਟ ਕੇ ਸੁਕਾ ਕੇ ਕੁੱਟ ਕੇ ਪਾਊਡਰ ਬਣਾ ਲਓ। ਕੇਲਾ ਵਿਚਕਾਰੋਂ ਕੱਟ ਕੇ 3-4 ਗਰਾਮ ਪਾਊਡਰ ਭਰ ਕੇ 3-4 ਦਿਨ ਖਾਓ।


ਨਕਸੀਰ
- 2-3 ਚਮਚ ਗੂੰਦ ਕਤੀਰਾ ਰਾਤ ਨੂੰ ਭਿਉਂ ਕੇ ਪਾਣੀ ਕੱਢ ਦਿਓ ਤੇ ਦੁੱਧ /ਖੰਡ ਪਾ ਕੇ ਪੀ ਲਓ। ਸਿਰ ਵਿਚ ਠੰਢਾ ਪਾਣੀ ਪਾਓ।
-ਨਕਸੀਰ  ਫੁੱਟਣ 'ਤੇ ਅੱਲ (ਲੌਕੀ) ਦਾ ਜੂਸ ਪੀਣ ਨਾਲ ਤੁਰੰਤ ਫਾਇਦਾ ਮਿਲਦਾ ਹੈ।
-ਸਿਰ ਉਤੇ ਠੰਢਾ ਪਾਣੀ ਪਾਉਣ ਤੇ ਠੰਢੀਆਂ ਚੀਜ਼ਾਂ ਜਿਵੇਂ ਗੂੰਦ ਕਤੀਰਾ ਆਦਿ ਦੇਣ ਨਾਲ ਠੀਕ ਹੋ ਜਾਂਦਾ ਹੈ।

ਚਮੜੀ ਸੰਬੰਧੀ
-ਨਿੰਬੂ ਦਾ ਰਸ, ਸ਼ਹਿਦ ਮੂੰਹ ਉਤੇ ਲਾਓ ਛਾਈਆਂ ਹਟ ਜਾਂਦੀਆਂ ਹਨ, ਤੇ ਝੁਰੜੀਆਂ ਵੀ ਨਹੀਂ ਪੈਂਦੀਆਂ।
-ਇੱਕ ਚੌਥਾਈ ਨਿੰਬੂ ਦਾ ਰਸ, ਹਲਦੀ, ਇੱਕ ਚੂੰਢੀ ਲੂਣ ਨੂੰ ਪਾਣੀ ਵਿਚ ਪਾ ਕੇ ਕੋਸਾ ਕਰਕੇ ਮੂੰਹਾਂਸੇ 'ਤੇ ਲਾਓ। ਠੰਢੇ ਪਾਣੀ ਨਾਲ ਧੋਵੋ। ਹਫਤੇ ਵਿਚ ਇਕ ਵਾਰ ਲਾਉਣ ਨਾਲ ਮੁਹਾਂਸੇ  ਨਹੀਂ ਰਹਿਣਗੇ ਤੇ ਨਵੇਂ ਵੀ ਨਹੀਂਂ ਹੋਣਗੇ।

ਸ਼ੂਗਰ / ਮਧੂਮੇਅ

-ਤੁੱਕਿਆਂ ਦਾ ਪਾਊਡਰ ਬਣਾ ਕੇ ਖਾ ਲਓ।

ਸੱਟ ਲੱਗਣਾ

ਖੇਤੀਂ ਕੰਮ ਕਰਦਿਆਂ ਕੋਈ ਸੰਦ ਵੱਜ ਜਾਣ 'ਤੇ ਉਸ ਜਖ਼ਮ ਉਤੇ ਆਪਣਾ ਹੀ ਪਿਸ਼ਾਬ ਲਾਉਣ ਨਾਲ ਫਾਇਦਾ ਹੁੰਦਾ ਹੈ। ਇਹ ਸਪਿਰਟ ਦਾ ਕੰਮ ਕਰਦਾ ਹੈ।

ਜ਼ਖ਼ਮ
ਅੱਕ ਦਾ ਛਿਲਕਾ ਕੁੱਟ ਕੇ, ਸਰੋਂ ਦੇ ਤੇਲ ਵਿਚ ਸਾੜ ਕੇ ਜਖ਼ਮ 'ਤੇ ਲਾਓ।

ਖੰਘ/ ਰੇਸ਼ਾ
-ਇਕ ਚਮਚ ਦੇਸੀ ਘਿਓ ਵਿਚ ਇੱਕ ਚਮਚ ਦੇਸੀ ਖੰਡ ਪਾਕੇ ਕਾੜ  ਕੇ ਖਾਓ। ਖੰਘ ਹਟ ਜਾਵੇਗੀ।
- ਮੁਲੱਠੀ ਦਾ ਛੋਟਾ ਜਿਹਾ ਟੁਕੜਾ ਮੂੰਹ ਵਿਚ ਰੱਖਣ ਨਾਲ ਠੀਕ ਹੋ ਜਾਂਦੀ ਹੈ।
- ਤੁਲਸੀ ਦੇ ਪੱਤੇ ਅਤੇ ਪੰਜ ਕਾਲੀਆਂ ਮਿਰਚਾਂ ਚਾਹ ਵਿਚ ਪਾ ਕੇ ਪੀਣ ਨਾਲ ਖੰਘ ਤੋਂ ਅਰਾਮ ਮਿਲਦਾ ਹੈ।
-ਇੱਕ ਕਿਲੋ ਪਾਣੀ ਵਿਚ ਸਫੈਦੇ ਦੇ ਪੱਤੇ ਉਬਾਲ ਕੇ ਉਪਰ ਕੱਪੜਾ ਲੈ ਕੇ ਭਾਫ ਲੈਣ ਨਾਲ ਛਾਤੀ ਖੁਲ੍ਹ ਜਾਂਦੀ ਹੈ।
-ਇੱਕ ਕਾਲੀ ਮਿਰਚ, ਇੱਕ ਛੋਟੀ ਡਲੀ ਮਿਸ਼ਰੀ, ਡੇਢ ਇੰਚ ਟੁਕੜਾ ਮੁਲੱਠੀ ਦਾ ਮੂੰਹ ਵਿਚ ਪਾਉਣ। ਦਿਨ ਵਿਚ ਦੋ ਵਾਰ- ਹੌਲੀ ਹੌਲੀ ਚੂਸਨਾ, 2-4 ਦਿਨਾਂ ਤੱਕ ਦਿਓ।
- ਰਾਤ ਨੂੰ ਸੌਣ ਲੱਗੇ 1-2 ਦਿਨ ਇਕ ਚਮਚ ਪਾਣੀ ਵਿਚ ਇਕ ਤੁਪਕਾ ਬਰਾਂਡੀ ਪਾ ਕੇ ਦੇਣ ਨਾਲ ਵੀ ਖੰਘ ਤੋਂ ਅਰਾਮ ਮਿਲਦਾ ਹੈ।
-ਦੋ ਚੁਟਕੀਆਂ ਸੁਹਾਗਾ ਖਿੱਲ ਕਰਕੇ ਪੀਹ ਲਓ। ਕੱਪੜਛਾਣ ਕਰਕੇ ਅੱਧਾ ਚਮਚ ਸ਼ਹਿਦ ਨਾਲ 2-3 ਵਾਰੀ ਦੇਣ ਨਾਲ ਖੰਘ ਠੀਕ ਹੋ ਜਾਂਦੀ ਹੈ। ਜੰਮਿਆਂ ਹੋਇਆ ਰੇਸ਼ਾ ਠੀਕ ਹੋ ਜਾਂਦਾ ਹੈ।
- ਪੁੱਠ ਕੰਡੇ ਦੀ ਟਾਹਣੀ (ਪੱਤਿਆਂ ਤੇ ਦਾਣਿਆਂ ਸਮੇਤ)  ਸਾੜ ਕੇ ਸੁਆਹ ਕਰਕੇ, ਸ਼ਹਿਦ ਨਾਲ ਲਓ। ਕਾਲੀ ਖੰਘ ਤੋਂ ਅਰਾਮ ਮਿਲਦਾ ਹੈ।  (ਸ਼ਹਿਦ ਨਾ ਹੋਵੇ ਤਾਂ ਮਲਾਈ ਨਾਲ ਲਓ। )


ਮੋਚ/ਸੋਜ
-ਸਰੋਂ ਦੇ ਤੇਲ ਵਿਚ ਹਲਦੀ  ਅਤੇ ਪਿਆਜ਼ ਥੋੜ੍ਹੀ ਦੇਰ ਤੱਕ ਗਰਮ ਕਰਨ ਤੋਂ ਬਾਅਦ ਮੋਚ ਵਾਲੀ ਥਾਂ 'ਤੇ ਮਲੋ। ਦੋ ਦਿਨ ਦੋ ਦੋ ਵਾਰ ਮਾਲਸ਼ ਕਰੋ।-
ਕਿਸੇ ਕੀਟ ਪਤੰਗੇ ਦੇ ਕੱਟਣ ਨਾਲ ਆਈ ਸੋਜ ਤੋਂ ਰਾਹਤ ਲਈ ਪੱਥਰ ਚੱਟ ਦੇ ਪੱਤੇ ਨੂੰ ਗਰਮ ਕਰਕੇ ਬੰਨ੍ਹੋ। ਦੋ ਤਿੰਨ ਵਾਰ ਬੰਨ੍ਣ ਨਾਲ ਅਰਾਮ ਆ ਜਾਂਦਾ ਹੈ।
ਫਟਕੜੀ ਨੂੰ ਖਿੱਲ ਕਰਕੇ ਪੀਣ ਨਾਲ ਸੋਜ ਤੋਂ ਰਾਹਤ ਮਿਲਦੀ ਹੈ ।

ਬਲੱਡ ਪ੍ਰੈਸ਼ਰ
-  ਗਾਜਰ ਦਾ ਜੂਸ ਸ਼ਹਿਦ ਮਿਲਾ ਕੇ ਪੀਣ ਨਾਲ ਲੋਅ ਬਲੱਡ ਪ੍ਰੈਸ਼ਰ ਠੀਕ ਹੁੰਦਾ ਹੈ। 1 ਗਿਲਾਸ ਜੂਸ ਵਿਚ 1 ਚਮਚ ਸ਼ਹਿਦ ਕਾਫੀ ਹੈ।
- ਗਾਜਰ ਦਾ ਮੁਰੱਬਾ ਖਾਓ।
-ਨਿੱਕੀਆਂ ਦਾਖਾਂ, ਚਾਦੀ ਦਾ ਵਰਕ, ਗੁਲਕੰਦ, ਸੇਬ ਦਾ ਮੁਰੱਬਾ, ਬਦਾਮ ਮਿਲਾ ਕੇ ਸਵੇਰੇ ਦੋ ਚਮਚ ਚਾਹ ਤੋਂ ਪਹਿਲਾਂ ਖਾਣ ਨਾਲ ਠੀਕ ਹੋ ਜਾਂਦਾ ਹੈ। ਸ਼ਰੀਰ ਵਿਚ ਖੂਨ ਦੀ ਘਾਟ ਦੂਰ ਹੁੰਦੀ ਹੈ।
-ਹਾਈ ਬਲੱਡ ਪ੍ਰੈਸ਼ਰ ਵਿਚ ਤਰਬੂਜ ਖਾਣਾ ਫਾਇਦੇਮੰਦ ਹੈ।

ਬੇਹੋਸ਼ੀ
-ਨੱਕ ਵਿਚ 3 ਬੂੰਦਾਂ ਪਿਆਜ਼ ਦੇ ਰਸ ਦੀਆਂ ਪਾ ਦਿਓ।

ਲਕੋਰੀਆ
-ਦੇਸੀ ਕਿੱਕਰ ਦੇ ਕੱਚੇ (ਬਿਨਾਂ ਬੀਆਂ ਵਾਲੇ) ਤੁੱਕੇ ਛਾਵੇਂ ਸੁਕਾ ਕੇ ਪੀਸ ਲਓ। ਇਹ ਚੂਰਨ ਬੇਹੇ ਪਾਣੀ ਨਾਲ ਇੱਕ ਹਫਤਾ ਲਓ। ਅਰਾਮ ਮਿਲੇਗਾ।
-ਸੁਪਾਰੀ ਦੇ ਫੁੱਲ, ਪਿਸਤੇ ਦੇ ਫੁੱਲ, ਮਾਜੀਠ, ਕਮਰਕਸ, ਚਾਰ ਮਾਸਾ ਸਵੇਰੇ ਦੋ- ਢਾਈ ਗ੍ਰਾਮ ਪਾਣੀ ਨਾਲ ਲਉ।

ਹਿਚਕੀ
-ਅੱਗ ਵਾਲੇ ਗੋਹੇ ਉਤੇ ਇੱਕ ਚਮਚ ਹਲਦੀ ਦਾ ਪਾ ਕੇ ਸੁੰਘਣ ਨਾਲ ਹਿਚਕੀ ਹਟ ਜਾਂਦੀ ਹੈ।

ਅਲਰਜੀ/ ਧੱਫੜ
ਦੋ ਚਮਚ ਘਿਉ ਵਿਚ ਦੋ ਚੁਟਕੀਆਂ ਕਾਲੀ ਮਿਰਚ ਪਾ ਕੇ ਗਰਮ ਕਰੋ। ਗਰਮ ਹੋਣ ਤੇ ਖੰਡ ਪਾ ਕੇ ਦੇ ਦਿਓ- ਅਰਾਮ ਮਿਲੇਗਾ।

ਜੁੱਤੀ ਲੱਗਣਾ
-ਬਾਂਸ ਦੀ ਸੋਟੀ ਜਾਂ ਜੁੱਤੀ ਸਾੜ ਕੇ ਉਹਦੀ ਰਾਖ ਲਾਓ।
-ਥੋੜ੍ਹੀ ਮਾਤਰਾ ਵਿੱਚ ਰੀਠਾ ਤੇ ਸਾਬਣ ਜ਼ਖ਼ਮ 'ਤੇ ਲਾਓ।

ਸਿਰ ਦਰਦ
-ਸਿਰ ਚਕਰਾਉਂਦਾ ਹੋਵੇ ਤਾਂ ਆਂਵਲੇ ਦਾ ਸ਼ਰਬਤ ਇਕ ਗਲਾਸ ਪੀਣ ਨਾਲ ਠੀਕ ਹੋ ਜਾਂਦਾ ਹੈ।
-ਨਾਰੀਅਲ ਦੀ ਠੂਠੀ ਵਿਚ ਖਸਖਸ ਦੇ ਦਾਣੇ ਪਾ ਲਓ। ਇਸ ਨੂੰ 7 ਦਿਨ ਕਾੜਨੀ ਵਿਚ ਕਾੜ ਕੇ ਕੁੱਟ ਲਓ। 2 ਮੁੱਠਾਂ ਆਟਾ ਪਾਕੇ ਘਿਓ ਵਿਚ ਭੁਂੰਨ ਕੇ ਖਾਓ। ਸਿਰ ਦਰਦ ਠੀਕ ਹੋ ਜਾਂਦਾ ਹੈ।
-ਖਸਖਸ ਘਿਉ ਵਿਚ ਭੁੰਨ ਕੇ ਥੋੜ੍ਹੀ ਖੰਡ ਪਾ ਕੇ ਸੌਣ ਲੱਗਿਆਂ ਲੈਣ ਨਾਲ ਸਿਰ ਦਰਦ ਠੀਕ ਹੋ ਜਾਂਦਾ ਹੈ।


ਕੁੱਝ ਸਾਧਾਰਨ ਉਪਚਾਰ
ਖੂਨ ਦੀ ਸਫਾਈ

- ਨਿੰਮ੍ਹ ਦੀਆਂ ਨਮੋਲੀਆਂ ਦਾ ਗੁੱਦਾ ਚੂਸਣ ਨਾਲ ਖੂਨ ਸਾਫ ਹੁੰਦਾ ਹੈ।
-ਛਿੱਤਰ ਥੋਹਰ ਜਿਸਨੂੰ ਜਾਮਣੀ ਰੰਗ ਦੇ ਫੁੱਲ ਲਗਦੇ ਹਨ। ਉਹਦੇ ਕੰਡੇ ਰਗੜ ਕੇ ਖਾ ਲਓ, ਉਹ ਖੂਨ ਨੂੰ ਬਹੁਤ ਸਾਫ ਕਰਦਾ ਹੈ।
-ਪੀਲੂ (ਫਲ) ਖਾਣ ਨਾਲ ਖੂਨ ਸਾਫ ਹੁੰਦਾ ਹੈ।

ਖੂਨ ਦੀ ਘਾਟ
-ਪਪੀਤੇ ਦਾ ਡੇਢ ਪੱਤਾ ਲਓ। ਓਸ ਨੂੰ 200 ਗ੍ਰਾਮ ਪਾਣੀ ਨਾਲ ਮਿਕਸੀ ਵਿਚ ਰਗੜ ਲਓ। ਦਿਨ ਵਿਚ 3 ਵਾਰੀ 10 ਦਿਨ ਲਓ। ਖੂਨ ਦੀ ਘਾਟ ਪੂਰੀ ਕਰਦਾ ਹੈ।

ਜਿਗਰ ਦੀ ਖਰਾਬੀ 

ਗੁਲਾਬ ਦੇ ਫੁੱਲ  (ਸੁੱਕੇ) 100-150 ਗ੍ਰਾਮ, ਬਨਕਸ਼ਾਂ 1 ਤੋਲਾ, ਕਾਜਵਾਨ (ਗਊਜਵਾਨ) 1 ਤੋਲਾ, ਮੁਲੱਠੀ 6 ਮਾਸਾ, ਗੁਲ ਨੀਲੋ ਫਲ (ਕਮਲ ਦਾ ਫੁੱਲ) 6 ਮਾਸਾ, ਉਨਾਬ 20 ਦਾਣੇ,  ਲਸੂਣੈ 50 ਦਾਣੇ, ਅੰਜੀਰ 5 ਦਾਣੇ, ਖਤਮੀ 6 ਮਾਸੇ, ਖਵਾਜੀ 6 ਮਾਸੇ, ਪਰਸ਼ੰਸਾ ਬੂਟੀ 6 ਮਾਸੇ, ਆਲੂ ਬੁਖਾਰਾ 20 ਦਾਣੇ (ਸੁੱਕੇ), ਮਨੁੱਕਾ 20 ਦਾਣੇ,
ਸਾਰੀਆਂ ਚੀਜ਼ਾਂ ਨੂੰ ਦੋ ਕਿਲੋ ਪਾਣੀ ਵਿਚ ਭਿਉਂ ਦਿਓ। ਇੱਕ ਦਿਨ ਭਿੱਜਾ ਰਹਿਣ ਦੇ ਬਾਅਦ ਮੱਠੀ ਅੱਗ 'ਤੇ ਰੱਖ ਦਿਓ। ਜਦੋਂ 3 ਪਾਈਆ ਰਹਿ ਜਾਵੇ ਫਿਰ ਹੱਥਾਂ ਨਾਲ ਮਲ ਕੇ ਵੱਡੀ ਪੋਣੀ ਨਾਲ ਪੁਣ ਲਓ। ਇਸ ਵਿੱਚ ਤਿੰਨ ਪਾਈਆ ਖੰਡ ਪਾ ਕੇ ਫਿਰ ਪਕਾਓ ਤਾਰ ਬਣਨ ਤੱਕ। ਸ਼ਰਬਤ ਤਿਆਰ ਹੋਣ ਤੋਂ ਬਾਅਦ ਰਿਉਂਦ ਖਤਾਈ 25 ਗ੍ਰਾਮ ਪਾਓ। ਇੱਕ ਗਲਾਸ ਵਿਚ 10 ਮਿਲੀਲੀਟਰ ਪਾ ਕੇ ਪੀਓ।


ਮਿਹਦੇ ਦੀ ਗਰਮੀ 
ਨਿੱਕੀ ਅਲਾਇਚੀ, ਸਰਦ ਚੀਨੀ, ਕੇਸੂ ਫਲ (ਢੱਕ ਦਾ ਫਲ), ਧਨੀਆ (ਸਭ ਇੱਕ ਗਰਾਮ), ਚਾਰ ਗਰਾਮ ਮਿਸ਼ਰੀ ਕੋਸੇ ਪਾਣੀ ਨਾਲ 3-4 ਦਿਨ ਲੈਣ ਨਾਲ ਮਿਹਦੇ ਦੀ ਗਰਮੀ ਤੋਂ ਅਰਾਮ ਮਿਲਦਾ ਹੈ।

ਗਰਭਵਤੀ ਔਰਤਾਂ ਦੀ ਦੇਖਭਾਲ

-ਗਰਭਵਤੀ ਔਰਤਾਂ ਨੂੰ 1- 2 ਮਹੀਨੇ ਪਹਿਲਾਂ ਕੌੜੀਆਂ ਚੀਜ਼ਾਂ ਖਾਣ ਲਈ ਦੇਣੀਆ ਤਾਂ ਕਿ ਬੱਚਾ ਤੰਦਰੁਸਤ ਰਵੇ।
-ਗਰਭਵਤੀ ਔਰਤ ਤੁਰਦੀ ਫਿਰਦੀ ਰਵੇ, ਪੋਚਾ ਲਾਉਣਾ ਚਾਹੀਦਾ ਹੈ। ਦੋ ਮਹੀਨੇ ਪਹਿਲਾਂ ਘਿਉ ਦਿਓ ਤਾਂ ਕਿ ਬੱਚਾ ਪੈਦਾ ਹੋਣ ਵੇਲੇ ਦੀਆਂ ਦਰਦਾਂ ਨੂੰ ਸਹਾਰ ਸਕੇ।
9ਵੇਂ ਮਹੀਨੇ  ਗਰਭਵਤੀ ਔਰਤ ਨੂੰ ਘਿਉ ਤੇ ਗੁੜ ਪਾ ਕੇ ਦਹੀਂ ਦਿਓ।
- ਨੌਵੇਂ ਮਹੀਨੇ ਵਿਚ ਗਰਭਵਤੀ ਔਰਤ ਨੂੰ ਗੁੜ ਵਾਲੀਆਂ ਸੇਵੀਆਂ, ਤਿੰਨ ਚਮਚ ਘਿਓ ਪਾ ਕੇ ਲਗਾਤਾਰ ਦਿਓ।
- ਦੁੱਧ ਵਿਚ ਘਿਓ ਤੇ ਗੁੜ ਪਾ ਕੇ ਦਿਓ, ਇਸ ਨਾਲ ਜਣੇਪੇ ਲਈ ਅਪਰੇਸ਼ਨ ਦੀ ਨੌਬਤ ਨਹੀਂ ਆਉਂਦੀ।ਜੱਚਾ ਦੀ ਸੰਭਾਲ

- ਬੱਚੇ  ਦੇ ਜਨਮ ਵਾਲੇ ਦਿਨ ਮਾਂ ਨੂੰ ਦੋ ਚਮਚ ਘਿਓ, ਦੋ ਚਮਚ ਗੁੜ, ਇੱਕ ਚਮਚ ਜਵੈਣ ਕਾੜ੍ਹ ਕੇ ਦਿਓ। ਉਸ ਤੋਂ ਬਾਅਦ ਹੀ ਕੁੱਝ ਹੋਰ ਖਵਾਓ।
- ਬੱਚਾ ਹੋਣ ਤੋਂ ਬਾਅਦ ਖੁੱਲ੍ਹੇ ਭਾਂਡੇ ਵਿਚ ਘਿਉ ਪਾ ਕੇ, ਜਵੈਣ ਪਾ ਦੇਣਾ, ਹਰੀ ਸੌਂਗੀ, ਬਦਾਮ ਕੁੱਟ ਕੇ, ਰਲਾ ਕੇ ਥੱਲੇ ਲਾਹ ਲੈਣਾ, ਫਿਰ ਗੁੜ ਪਾ ਕੇ  ਉਪਰ ਪੀਣ ਲਈ ਦੁੱਧ ਦਿੰਦੇ ਸੀ। ਇਹਦੇ ਨਾਲ ਔਰਤ ਨੂੰ ਦੁੱਧ ਬਹੁਤ ਆਉਦਾ ਹੈ।
- ਕੌੜ ਤੁੰਮੇਂ ਦੀ ਜੜ੍ਹ ਦਾ ਛਿਲਕਾ ਲਾਹ ਕੇ, ਉਸ ਨੂੰ ਉਬਾਲ ਕੇ ਥੋੜ੍ਹੀ ਮਾਤਰਾ ਵਿਚ  ਪੀਣ ਤੇ ਪਾਣੀ ਵਿਚ ਮਿਲਾ ਕੇ ਨਹਾਉਣ ਨਾਲ ਬੱਚਾ ਹੋਣ ਵੇਲੇ ਤੇ ਬਾਅਦ ਵਿਚ ਭਾਰ ਨਹੀਂ ਪੈਂਦਾ।
- ਲਾਪਸੀ, ਦੇਗ ਤੋਂ ਪਤਲਾ। ਘਿਉ ਪਾ ਕੇ ਆਟਾ ਭੁੰਨਣਾ ਅਤੇ ਥੋੜ੍ਹਾ ਜ਼ਿਆਦਾ ਪਾਣੀ ਪਾ ਕੇ ਬਣਾਉਣਾ, ਫਿਰ ਜਵੈਣ ਪਾ ਕੇ ਜੱਚਾ ਨੂੰ ਦੇਣਾ।
-ਸੇਤੀ ਹਿੰਗ ਤੇ ਕਿੱਕਰ, ਅੱਕ ਦੀਆਂ ਟਾਹਣੀਆਂ, ਜਿਸ ਘਰ ਵਿਚ ਬੱਚਾ ਹੋਇਆ  ਹੋਵੇ ਉਸ ਕਮਰੇ ਵਿਚ ਬੰਨ੍ਦੇ ਸੀ। ਇਹ ਇਨਫੈਕਸ਼ਨ ਤੋਂ ਬਚਾਉਂਦਾ ਹੈ।
- ਬੱਚਾ ਹੋਣ ਤੋਂ ਬਾਅਦ ਔਰਤਾਂ ਲਈ ਜੋ ਪੰਜੀਰੀ ਬਣਾਉਦੇ ਹਨ। ਪੁਰਾਣੇ ਵੇਲੇ ਉਸ ਨੂੰ ਭਾਂਡਾ ਬਣਾਉਣਾ ਕਿਹਾ ਜਾਂਦਾ ਸੀ।  ਇਸ ਵਿਚ ਮਗਜ਼, ਖਸਖਸ, ਖੋਪਾ, ਸੁੰਡ, ਬਦਾਮ, ਜਵੈਣ ਪੈਂਦਾ ਹੈ। ਇਸ ਤੋਂ ਪਿੱਛੋਂ ਕੋਈ ਬਿਮਾਰੀ ਨਹੀਂ ਲਗਦੀ।

ਬੱਚਿਆਂ ਦੀ ਦੇਖਭਾਲ

-ਜਨਮ ਦੇ ਬਾਅਦ ਬੱਚੇ ਨੂੰ ਗੁੜ ਦੀ ਗੁੜਤੀ ਦਿਓ ਉਹਦੇ ਬਾਅਦ ਬੱਕਰੀ ਦਾ ਦੁੱਧ ਸਾਫ ਰੂੰ ਦੀ ਬੱਤੀ ਨਾਲ ਪਿਲਾਓ। ਉਸ ਤੋਂ ਬਾਅਦ ਬੱਚਾ ਮਾਂ ਦਾ ਦੁੱਧ ਫੜ੍ਹ ਲਵੇਗਾ।
- ਬੱਚਾ ਰੋਂਦਾ ਹੋਵੇ ਤਾਂ ਗੁੜਤੀ ਦੇ ਦਿੰਦੇ ਸੀ। ਪੰਸਾਰੀ ਤੋਂ ਮਿਲਾ ਜਾਂਦੀ ਹੈ।
- ਛੋਟਾ ਬੱਚਾ ਦੁੱਧ ਸੁੱਟਦਾ ਹੋਵੇ ਤਾਂ ਮਿੱਟੀ ਦੇ ਦੀਵੇ ਦੀ ਗਰਮ ਕਰਕੇ ਪੁੱਠ ਕੰਡਾ, ਲੂਣ, ਪਾਣੀ, ਜਵੈਣ  ਆਦਿ ਅੱਧਾ ਚਮਚ  3-4 ਦੇਣ ਨਾਲ ਬੱਚਾ ਠੀਕ ਹੋ ਜਾਂਦਾ ਹੈ।
- ਬੱਚਾ ਉਲਟੀਆਂ ਕਰੇ, ਰੋਈ ਜਾਵੇ, ਦੁੱਧ ਬਾਹਰ ਕੱਢੇ ਤੇ ਉਹਦਾ ਗਲਾ ਪੱਕ ਜਾਵੇ ਤਾਂ ਤਾਲੂਆ ਚੁੱਕਣ ਨਾਲ ਠੀਕ ਹੋ ਜਾਂਦਾ ਹੈ।
-ਸੌਣ ਵੇਲੇ ਦੋ ਬੂੰਦਾਂ ਬ੍ਰਾਂਡੀ ਜਾਂ ਸ਼ਹਿਦ ਦੀਆਂ ਦੇਣ ਨਾਲ ਠੰਢ ਨਹੀਂ ਲਗਦੀ ਤੇ ਨਮੂਣੀਏਂ ਤੋਂ ਬਚਾਅ ਰਹਿੰਦਾ ਹੈ।
-ਬੱਚਾ ਖੰਘਦਾ ਹੋਵੇ ਤਾਂ  ਫੜਕੜੀ ਖਿੱਲ ਕਰਕੇ ਰਗੜ ਲਓ। ਫਿਰ ਗਲੇ ਵਿਚ ਕਾਂ ਤੇ ਲਾ ਕੇ ਦਿਓ।
- ਕੁੱਟੀ ਫਟਕੜੀ ਨੂੰ ਘੋਲ ਕੇ ਪੀ ਲਓ ਤੇ ਗਰਾਰੇ ਕਰ ਲਓ। 4-5 ਦਿਨਾਂ ਵਿਚ ਖੰਘ ਠੀਕ ਹੋ ਜਾਵੇਗੀ।
- ਪਾਕਿਸਤਾਨੀ ਲੂਣ ਦੀ ਢੇਲ ਅੱਗ ਤੇ ਰਖੋ। ਜਦ ਕੋਲੇ ਵਾਂਗ ਮਘਣ ਲੱਗ ਜਾਵੇ ਤਾਂ ਉਹਨੂੰ ਪਾਣੀ ਵਿਚ ਪਾ ਕੇ ਪਿਆਓ।
-ਮੁਲੱਠੀ ਦਾ ਪਾਊਡਰ ਬਣਾ ਲਓ। ਉਹਨੂੰ ਸ਼ਹਿਦ ਵਿਚ ਪਾਕੇ ਦਿਓ।
-ਬੱਚੇ ਦਾ ਪੇਟ ਦਰਦ ਕਰੇ ਤਾਂ ਦਰਿਆਈ ਖੋਪਾ ਤੇ ਹਰੜ, ਚੱਪਣ 'ਤੇ ਗਿੱਲਾ ਕਰਕੇ ਘਸਾ ਕੇ ਨਲਕੀ ਵਿੱਚ ਭਰ ਲਓ। ਚਾਰ ਪੰਜ ਬੂੰਦਾਂ ਦੇਣ ਨਾਲ ਬੱਚੇ ਦਾ ਪੇਟ ਦਰਦ ਠੀਕ ਹੋ ਜਾਂਦਾ ਹੈ।
- ਚੁੱਲ੍ਹੇ ਦੀ ਮਿਟੀ ਨਾਲ ਉਲਟੀਆ ਠੀਕ ਹੋ ਜਾਂਦੀਆਂ ਹਨ।
-ਲੂ ਹਰੜ ਘਸਾ ਕੇ ਦੇਣ ਨਾਲ ਕਬਜ ਠੀਕ ਹੋ ਜਾਂਦੀ ਹੈ।
- ਨਿੰਮ ਦੀ ਨਿਮੋਲੀ ਮਿੱਟੀ ਦੇ ਭਾਂਡੇ ਵਿਚ ਕੁੱਟ ਕੇ ਦੇਣ ਨਾਲ ਫੋੜੇ ਫਿਨਸੀ ਤੋ ਨਿਜ਼ਾਤ ਮਿਲਦੀ ਸੀ।
- ਕਬਜ ਠੀਕ ਕਰਨ ਲਈ ਸੁਆਂਝਣੇ ਦੀਆਂ ਫਲੀਆਂ ਰਿੰਨ ਕੇ ਚਾਹ ਵਾਂਗ ਬੱਚੇ ਨੂੰ ਦਿੰਦੇ ਸਨ।

ਗਰਭ ਨਾ ਠਹਿਰਣ ਤੇ

ਜ਼ੀਰੇ ਵਾਂਗੂੰ ਤਵੇ 'ਤੇ ਭੁੰਨੇ ਹੋਏ ਪੁੱਠ ਕੰਡੇ ਦਾ ਪਾਊਡਰ ਬਣਾ ਕੇ ਕੱਪੜਛਾਣ ਕਰ ਲਓ। ਮਾਹਵਾਰੀ ਦੇ ਦਿਨ ਤੋਂ ਲੈ ਕੇ  7 ਦਿਨ ਤੱਕ ਸਵੇਰੇ ਨਿਰਣੇ ਕਾਲਜੇ ਗਾਂ ਦੇ ਦੁੱਧ ਨਾਲ ਇੱਕ ਚਮਚ ਦਿਓ।

ਪਸ਼ੂਆਂ ਦੀ ਦੇਖਭਾਲ
ਛੋਟੇ ਕੱਟਰੂ  

- ਪਾਣੀ ਵਰਗੀ ਮੋਕ ਕੱਟਰੂਆਂ/ਵੱਛਰੂਆਂ ਨੂੰ ਲੱਗ ਜਾਂਦੀ ਹੈ। ਮਲੱਪ ਜਾਂ ਜੂਆਂ ਪੈਣ ਨਾਲ ਅੱਖਾਂ ਵਿਚੋਂ ਪਾਣੀ ਡਿੱਗਣ ਲੱਗਦਾ ਹੈ ਤੇ ਇਹ ਸੁਸਤ ਹੋ ਜਾਂਦੇ ਹਨ।
(ਦਵਾਈ: 2 ਚਮਚ ਕਬੀਲਾ ਤੇ 100 ਗ੍ਰਾਮ ਨਿੰਮ੍ਹ ਰਗੜ ਕੇ 20 ਕਿਲੋਗ੍ਰਾਮ ਵਜ਼ਨ ਵਾਲੇ ਕੱਟਰੂ/ਵੱਛਰੂ  ਨੂੰ 2 ਹਫਤੇ ਬਾਅਦ ਦਿਓ। )
-ਜੂਆਂ ਪੈਣ 'ਤੇ ਹਾਲੋਂ ਰਗੜ ਕੇ 1-2 ਦਿਨ ਦਿਓ। ਮੋਕ ਰਾਹੀਂ ਨਿੱਕਲ ਜਾਂਦੀਆਂ ਹਨ।
- ਕੱਟਰੂ ਦੇ ਮਲੱਪ ਹੋਣ ਤਾਂ 200 ਗ੍ਰਾਮ ਲੱਸੀ ਵਿਚ 10 ਗ੍ਰਾਮ ਸਰੋਂ ਦਾ ਤੇਲ ਮਿਲਾ ਕੇ ਦਿਓ।

-ਬੱਚਾ ਡਿੱਗਣ ਤੋਂ ਬਚਾਅ ਲਈ 100 ਗ੍ਰਾਮ  ਕਤੀਰਾ ਗੂੰਦ ਕੁੱਜੇ ਵਿਚ ਭਿਉਂ ਕੇ 10 ਦਿਨ ਲਗਾਤਾਰ ਦਿਓ।
ਜਾਂ ਬੋਹੜ ਦੇ ਪੱਤੇ ਅਤੇ 200 ਗ੍ਰਾਮ ਸ਼ੱਕਰ ਕੋਰੇ ਕੁੱਜੇ ਰਾਤ ਨੂੰ ਭਿਉਂ ਕੇ ਰੱਖ ਦਿਓ ਤੇ ਸਵੇਰੇ  ਦੇ ਦਿਓ।
- ਭਾਰ ਪੈਂਦਾ ਹੋਵੇ ਤਾਂ ਕਤੀਰਾ ਗੂੰਦ ਭਿਉਂ ਕੇ ਦਿਓ।
- ਸੂਣ ਤੋਂ ਬਾਅਦ  ਦਸ ਦਿਨਾਂ ਤੱਕ ਅੱਧਾ ਕਿਲੋ ਦੁੱਧ ਥਣਾਂ ਵਿਚ ਹੀ ਛੱਡ ਦੇਣਾ ਚਾਹੀਦਾ ਹੈ, ਇਸ ਨਾਲ ਪਸ਼ੂ ਨੂੰ ਬੁਖ਼ਾਰ ਨਹੀਂ ਹੁੰਦਾ।
- ਥਣ ਵਿਚੋਂ ਦੁੱਧ ਨਾ ਆਉਂਦਾ ਹੋਵੇ ਛਿੱਡੀ ਆਉਂਦੀ ਹੋਵੇ ਤਾਂ 100 ਗ੍ਰਾਮ ਨਿੰਬੂ ਦਾ ਰਸ , 200 ਗ੍ਰਾਮ ਤੇਲ ਜਾਂ ਘਿਓ, 200 ਗਰਾਮ ਰਾਬ ਖੰਡ ਦਾ ਕਾੜ੍ਹਾ ਬਣਾ ਕੇ ਪਸ਼ੂ ਨੂੰ 2-3 ਹਫਤੇ ਪਿਆਓ।
-ਦੁੱਧ ਚੋਣ ਤੋਂ ਬਾਅਦ ਡੰਗਰ ਨੂੰ ਥੋੜ੍ਹੀ ਦੇਰ ਖੜ੍ਹਾ ਰੱਖੋ ਤਾਂ ਕਿ ਥਣਾਂ ਵਿਚ ਕਿਸੇ ਤਰ੍ਹਾ ਦੀ ਇਨਫੈਕਸ਼ਨ ਨਾ ਹੋਵੇ।

- ਪਸ਼ੂਆਂ ਨੂੰ ਬੁਖ਼ਾਰ ਹੋਵੇ ਤਾਂ ਗਿਲੋ ਦਾ ਪਾਣੀ ਪਿਆਓ।
- ਮੂੰਹ ਖੁਰ ਦੀ ਬਿਮਾਰੀ ਤੋਂ ਬਚਾਅ ਲਈ  ਪੈਰਾਂ ਥੱਲੇ ਸਵਾਹ, ਸੁੱਕਾ ਰੇਤਾ ਤੇ ਕਲੀ ਦਾ ਛਿੜਕਾ ਕਰਕੇ ਰੱਖੋ। ਪਸ਼ੂਆਂ ਦੇ ਪੈਰਾਂ 'ਤੇ ਪਾਣੀ ਵਿਚ ਪਾਉਣ ਵਾਲੀ  ਲਾਲ ਦਵਾਈ ਦੇ ਛਿੱਟੇ ਮਾਰੋ। ਮੱਖੀਆਂ ਤੋਂ ਬਚਾਅ ਲਈ ਨੀਲੇ ਥੋਥੇ ਨਾਲ ਧੋ ਦਿਓ।
-ਜ਼ੁਕਾਮ ਹੋਣ 'ਤੇ ਜਵੈਣ ਤੇ ਖੰਡ ਦੀ ਧੂਣੀ ਦਿਓ।
-ਨੱਕ ਵਿਚੋਂ ਪਾਣੀ ਆਉਣ 'ਤੇ ਗੁੜ ਦਾ ਕਾੜ੍ਹਾ, ਜਵੈਣ ਪਾ ਕੇ ਦਿਓ।
- ਸਿੰਗ ਦੀ ਟੋਪੀ ਲਹਿ ਜਾਵੇ ਤਾਂ ਇਨਸਾਨਾਂ ਦੇ ਲੱਥੇ ਹੋਏ ਵਾਲ ਉਪਰ ਰੱਖ ਕੇ ਤੇਲ ਲਾ ਕੇ ਪੱਟੀ ਬੰਨ੍ਹ ਦਿਓ। ਜ਼ਖ਼ਮ ਠੀਕ ਹੋ ਜਾਵੇਗਾ।
- ਟਾਕੂ ਜਾਂ ਗਰਮ-ਸਰਦ ਹੋਣ 'ਤੇ ਜੂਟ ਦੀ ਬੁਰਾਣੀ ਬੋਰੀ ਨੂੰ ਅੱਗ ਲਾ ਕੇ ਵਿਚ ਜਵੈਣ, ਸੂੜ੍ਹਾ, ਚੰਡ (ਸਾਰੀ ਚੂੰਡੀ) ਕੇ ਧੂਣੀ ਦਿਓ। ਜਾਂ
-ਢੂਈ 'ਤੇ ਲੂਣ ਤੇ ਜਵੈਣ ਰਗੜ ਕੇ ਉਪਰ ਕੱਪੜਾ ਪਾ ਦਿਓ। ਪਸੀਨਾ ਆਕੇ ਸਰੀਰ ਖੁੱਲ੍ਹ ਜਾਵੇਗਾ।
-ਬਦਹਜ਼ਮੀ ਹੋਣ 'ਤੇ 100 ਗ੍ਰਾਮ ਹਲਦੀ, 100 ਗ੍ਰਾਮ ਮੱਖਣੀ ਦਾ ਪੇੜਾ ਬਣਾਕੇ ਦਿਓ।
-ਕੌੜ ਤੁੰਮਿਆਂ ਦਾ ਅਚਾਰ ਦੇਣ ਨਾਲ ਪਸ਼ੂਆਂ ਦੀ ਬਦਹਜ਼ਮੀ ਤੋਂ ਅਰਾਮ ਮਿਲਦਾ ਹੈ। (ਤੁੰਮਿਆਂ ਨੂੰ ਚੀਰ ਖੱਟੀ ਲੱਸੀ ਵਿਚ ਭਿਉਂ ਕੇ, ਉਸ ਵਿਚ ਕਾਲਾ ਲੂਣ, ਲੂਣ, ਸੂਣੀ ਸਲੋਟ  ਪਾ ਕੇ ਤਿੰਨ ਮਹੀਨੇ ਰੱਖੋ। ਅਚਾਰ ਤਿਆਰ ਹੋ ਜਾਂਦਾ ਹੈ।)
- ਮੱਝ ਦੇ ਸੂਣ ਬਾਅਦ ਜ਼ੇਰ ਨਾ ਪਾਵੇ ਤਾਂ ਉਹਦੀ ਕੰਗਰੋੜ 'ਤੇ ਤੇਲ ਲਾ ਕੇ (ਜਾਂ ਸੁੱਕੀ ਹੀ) ਮਾਲਿਸ਼ ਕਰ ਦਿਓ। ਮੁੰਜ ਦੀ ਰੱਸੀ ਪੂਛ ਦੀ ਜੜ੍ਹ ਵਿਚ ਬੰਨ੍ਹ ਦਿਓ।

ਖੁਰਾਕ
- ਤੂੜੀ 6 ਕਿਲੋ ਤੇ ਵੱਧ ਨਹੀਂ ਦੇਣੀ ਚਾਹੀਦੀ। ਪਸ਼ੂਆਂ ਨੂੰ ਫੈਟ ਜ਼ਿਆਦਾ ਨਹੀਂ ਦੇਣੀ ਚਾਹੀਦੀ।
-ਪਸ਼ੂਆਂ ਨੂੰ ਇੱਕ ਡੰਗ ਵਿਚ ਤਿੰਨ ਕਿਲੋ ਛੋਲਿਆਂ ਦੀਆਂ ਬੱਕਲੀਆਂ, 2 ਕਿਲੋ ਵੜੇਵੇਂ ਤੇ ਇਕ ਕਿੱਲੋ ਖਲ ਪਾਓ।
-10 ਲੀਟਰ ਦੁੱਧ ਦੇਣ ਵਾਲੇ ਪਸ਼ੂ ਨੂੰ 6 ਕਿਲੋ ਤੂੜੀ ਤੇ 6 ਕਿਲੋ ਦਾਣਾ ਦੇਣਾ ਹੈ।
-ਸੂਣ ਵਾਲੀਆਂ ਮੱਝਾਂ ਨੂੰ ਡੇਢ ਕਿਲੋ ਕਣਕ ਤੇ  250 ਗ੍ਰਾਮ ਗੁੜ ਦੀਆਂ ਬੱਕਲੀਆਂ ਬਣਾਕੇ ਦੋ ਮਹੇਨੇ ਖਵਾਓ।
- ਤੰਦਰੁਸਤ ਪਸ਼ੂ ਲਈ ਹਰਾ ਚਾਰਾ, ਪਸ਼ੂ ਦੇ ਮਿਹਦੇ  ਲਈ ਬਹੁਤ ਲਾਜ਼ਮੀ ਹੈ।
ਦੁੱਧ ਵਧਾਉਣ ਲਈ ਮੱਝ ਨੂੰ ਜਵੈਣ ਤੇ ਰਾਈ ਦੀਆਂ ਪਿੰਨੀਆਂ ਫਾਇਦੇ ਮੰਦ ਹਨ।
(ਵਿਧੀ : ਅੱਧਾ ਕਿਲੋ ਜਵੈਣ, ਅੱਧਾ ਕਿੱਲੋ ਰਾਈ, ਪੰਜ ਕਿਲੋ ਗੁੜ ਦੀਆਂ ਪਿੰਨੀਆਂ ਬਣਾ ਲਓ। )

No comments:

Post a Comment

Thanks for your feedback