Wednesday, November 30, 2011

ਕਣਕ ਦੇ ਕੀਟਾਂ ਨਾਲ ਜਾਣ-ਪਹਿਚਾਣ

ਕੀਟਾਂ ਬਾਰੇ ਗੱਲ ਕਰਨ ਤੇ ਕਿਸਾਨ ਦੇ ਮਨ ਵਿੱਚ ਜੋ ਪਹਿਲੀ ਗੱਲ ਆਉਂਦੀ ਹੈ, ਉਹ ਹੈ ਕੀਟਨਾਸ਼ਕ ਜ਼ਹਿਰਾਂ ਨੂੰ ਛਿੜਕ ਕੇ ਇਹਨਾਂ ਕੀਟਾਂ ਨੂੰ ਖ਼ਤਮ ਕਰਨ ਦੀ। ਹਰੀ ਕ੍ਰਾਂਤੀ ਆਉਣ ਤੋਂ ਪਹਿਲਾਂ ਕਿਸਾਨਾਂ ਦੇ ਮਨ ਵਿੱਚ ਕੀਟਾਂ ਲਈ ਕੋਈ ਵੈਰ-ਵਿਰੋਧ ਨਹੀ ਸੀ, ਫਿਰ ਅਚਾਨਕ ਅਜਿਹਾ ਕੀ ਹੋ ਗਿਆ ਕਿ ਕਿਸਾਨ ਅਤੇ ਕੀਟਾਂ ਵਿਚਕਾਰ ਜੰਗ ਛਿੜ ਗਈ। ਕਿਸਾਨ ਹੱਥ ਧੋ ਕੇ ਇਹਨਾਂ ਕੀਟਾਂ ਮਗਰ ਪੈ ਗਿਆ ਪਰ ਇਹ ਕੀਟ ਫਿਰ ਵੀ ਕਿਸਾਨ ਤੋਂ ਕਾਬੂ ਨਾ ਆਏ। ਇਹਨਾਂ ਕੀਟਾਂ ਤੋਂ ਜੇ ਕਿਸਾਨ ਨੇ ਜੰਗ ਜਿੱਤਣੀ ਹੈ ਤਾਂ ਪਹਿਲਾਂ ਇਹਨਾਂ ਨੂੰ ਸਮਝਣਾ ਪਏਗਾ ਅਤੇ ਆਪਣਾ ਨਜ਼ਰੀਆ ਵੀ ਬਦਲਣਾ ਪਏਗਾ। ਪ੍ਰਕ੍ਰਿਤੀ ਨੇ ਇਹਨਾਂ ਨੂੰ ਕਿਸਾਨ ਦਾ ਦੁਸ਼ਮਣ ਨਹੀਂ ਬਣਾਇਆ ਬਲਕਿ ਇਹ ਤਾਂ ਬਾਕੀਆਂ ਵਾਂਗ ਹੀ ਪ੍ਰਕ੍ਰਿਤੀ ਦੁਆਰਾ ਦਿੱਤਾ ਕੰਮ ਹੀ ਕਰ ਰਹੇ ਨੇ। ਕੁੱਝ ਕੀਟਾਂ ਦਾ ਸ਼ਾਕਾਹਾਰੀ ਸੁਭਾਅ ਇਹਨਾਂ ਨੂੰ ਸਾਡਾ ਦੁਸ਼ਮਣ ਬਣਾਉਦਾ ਹੈ ਅਤੇ ਦੂਜੇ ਪਾਸੇ ਕੁੱਝ ਕੀਟਾਂ ਦਾ ਮਾਂਸਾਹਾਰੀ ਸੁਭਾਅ ਉਹਨਾਂ ਨੂੰ ਸਾਡਾ ਮਿੱਤਰ ਬਣਾਉਂਦਾ ਹੈ।

              ਇਹ ਕੀਟ ਧਰਤੀ ਉੱਪਰ ਲਗਭਗ 33 ਕਰੋੜ ਸਾਲ ਪਹਿਲਾਂ ਆਏ ਜਦਕਿ ਕਿਸਾਨ ਸਿਰਫ਼ 10 ਲੱਖ ਸਾਲ ਪਹਿਲਾਂ ਇਸ ਧਰਤੀ ਉੱਤੇ ਆਇਆ। ਇਹਨਾਂ ਕੀਟਾਂ ਨੇ ਅੱਗ ਦੇ, ਬਰਫ਼ ਦੇ ਯੁੱਗ ਵੇਖੇ ਅਤੇ ਇਹਨਾਂ ਯੁੱਗਾ ਨੂੰ ਪਾਰ ਕਰਦੇ ਹੋਏ ਅੱਜ ਤੱਕ ਜੀਵਿਤ ਹਨ। ਤਾਂ ਫਿਰ ਕਿਸਾਨ ਕਿਵੇਂ ਇਹਨਾਂ ਦਾ ਵੰਸ਼-ਨਾਸ਼ ਕਰ ਸਕਦਾ ਹੈ। ਮਨੁੱਖ ਦੀ ਤਰਾਂ  ਇਹ ਕੀਟ ਵੀ ਆਪਣਾ ਵੰਸ਼ ਚਲਦਾ ਦੇਖਣਾ ਚਾਹੁੰਦੇ ਹਨ ਅਤੇ ਉਸ ਲਈ ਹਰ ਸੰਭਵ ਯਤਨ ਵੀ ਕਰਦੇ ਹਨ। ਉਦਾਹਰਣ ਲਈ ਅਮਰੀਕਨ ਸੁੰਡੀ ਨੂੰ ਕੰਟਰੋਲ ਕਰਨ ਲਈ ਕਿਸਾਨ ਕੀਟਨਾਸ਼ਕ ਖੇਤਾਂ ਵਿੱਚ ਛਿੜਕਦਾ ਹੈ ਪਰ ਅਮਰੀਕਨ ਸੁੰਡੀ ਆਪਣੇ ਸਾਰੇ ਅੰਡੇ ਇੱਕ ਜਗਾਂ  ਨਹੀ ਦਿੰਦੀ। ਉਹ ਕੁੱਝ ਅੰਡੇ ਖੇਤ ਵਿੱਚ, ਕੁੱਝ ਨਦੀਨਾਂ ਤੇ ਅਤੇ ਕੁੱਝ ਖੇਤ ਤੋ ਬਾਹਰ ਦਿੰਦੀ ਹੈ। ਜਿਸ ਕਰਕੇ ਕਿਸਾਨ ਚਾਹ ਕੇ ਵੀ ਪੂਰੀ ਤਰਾਂ ਅਮਰੀਕਨ ਸੁੰਡੀ ਨੂੰ ਖ਼ਤਮ ਨਹੀਂ ਕਰ ਪਾਉਂਦੇ।
ਅੱਜ ਹਰ ਕੰਪਨੀ ਨਵੇਂ ਤੋ ਨਵੇਂ ਕੀਟਨਾਸ਼ਕ ਨਾਲ ਇਹਨਾਂ ਕੀਟਾ ਨੂੰ ਖ਼ਤਮ ਕਰਨ ਦਾ ਦਾਅਵਾ ਕਰਦੀ ਹੈ, ਪਰ ਜ਼ਰਾ ਸੋਚੋ ਕਿ ਜੇ ਇੰਝ ਹੋ ਸਕਦਾ ਤਾਂ ਅੱਜ ਚਾਲੀ ਸਾਲਾਂ ਵਿੱਚ ਇਹਨਾਂ ਕੀਟਾ ਦਾ ਨਾਮੋ-ਨਿਸ਼ਾਨ ਵੀ ਨਹੀ ਰਹਿਣਾ ਚਾਹੀਦਾ ਸੀ, ਪਰ ਇੰਝ ਨਹੀ ਹੋਇਆ ਅਤੇ ਕਿਸਾਨ ਹਰ ਵਾਰ ਇਹਨਾਂ ਕੀਟਾਂ ਨੂੰ ਕੰਟਰੋਲ ਕਰਨ ਦੇ ਨਾਮ ਉੱਤੇ ਇਹਨਾਂ ਕੰਪਨੀਆਂ ਵੱਲੋਂ ਲੁੱਟਿਆ ਗਿਆ। ਸੋ ਇਹਨਾਂ ਕੀਟਾ ਨਾਲ ਆਪਣੀ ਜੰਗ ਵਿੱਚ ਕਿਸਾਨ ਅੱਜ ਤੱਕ ਇਹਨਾਂ ਕੀਟਨਾਸ਼ਕ ਜ਼ਹਿਰਾਂ ਦੇ ਸਿਰ ਉੱਤੇ ਨਹੀ ਜਿੱਤ ਪਾਇਆ ਹੈ ਅਤੇ ਨਾ ਹੀ ਆਉਣ ਵਾਲੇ ਸਮੇਂ ਵਿੱਚ ਜਿੱਤ ਸਕੇਗਾ।
                ਇਹ ਸਭ ਪੜ੍ਹਨ ਤੋਂ ਬਾਅਦ ਕਿਸਾਨਾਂ ਦੇ ਮਨ ਵਿੱਚ ਇੱਕ ਸਵਾਲ ਜ਼ਰੂਰ ਉੱਠ ਰਿਹਾ ਹੋਵੇਗਾ ਕਿ ਜੇ ਕੀਟਨਾਸ਼ਕ ਜ਼ਹਿਰਾਂ ਨਹੀ ਵਰਤਣੀਆਂ ਤਾਂ ਇਹਨਾਂ ਨੂੰ ਕਾਬੂ ਕਿਵੇਂ ਕੀਤਾ ਜਾਵੇ। ਇਸ ਸਵਾਲ ਦਾ ਜਵਾਬ ਹੈ - ਕੀਟਾਂ ਨੂੰ ਜਾਣ-ਸਮਝ ਕੇ।  ਜਿਵੇਂ ਕਿਸੇ ਦੁਸ਼ਮਣ ਨਾਲ ਜੰਗ ਜਿੱਤਣ ਲਈ ਉਸ ਦੀ ਤਾਕਤ, ਉਸਦੀ ਕਮਜ਼ੋਰੀ ਅਤੇ ਉਸਦੇ ਭੇਦਾ ਬਾਰੇ ਪਤਾ ਹੋਣਾ ਜ਼ਰੂਰੀ ਹੈ, ਠੀਕ ਇਸੇਂ ਤਰਾਂ ਸਾਨੂੰ ਕੀਟਾ ਨਾਲ ਆਪਣੀ ਜੰਗ ਜਿੱਤਣ ਲਈ ਇਹਨਾਂ ਦੀ ਪਛਾਣ, ਇਹਨਾਂ ਦੀ ਤਾਕਤ ਅਤੇ ਕਮਜ਼ੋਰੀ ਬਾਰੇ ਪਤਾ ਹੋਣਾ ਚਾਹੀਦਾ ਹੈ ਫਿਰ ਹੀ ਇਹ ਜੰਗ ਜਿੱਤੀ ਜਾ ਸਕੇਗੀ। ਮਹਾਭਾਰਤ ਜਿਹੀ ਵੱਡੀ ਲੜ੍ਹਾਈ ਸਿਰਫ 18 ਦਿਨ ਵਿੱਚ ਖ਼ਤਮ ਹੋ ਗਈ ਕਿਉਂਕਿ ਕੌਰਵਾਂ ਅਤੇ ਪਾਂਡਵਾਂ ਨੂੰ ਇੱਕ ਦੂਜੇ ਦੇ ਭੇਦਾ, ਤਾਕਤ ਅਤੇ ਕਮਜ਼ੋਰੀਆਂ ਦੀ ਪੂਰੀ ਜ਼ਾਣਕਾਰੀ ਸੀ। ਜਦਕਿ ਕਿਸਾਨਾਂ ਕੋਲ ਕੀਟਾ ਬਾਰੇ ਇਸ ਤਰਾਂ ਦੀ ਕੋਈ ਜਾਣਕਾਰੀ ਨਹੀ, ਇਸਲਈ ਕਿਸਾਨ ਅੱਜ ਤੱਕ ਇਹ ਜੰਗ ਨਹੀ ਜਿੱਤ ਸਕਿਆ। ਦੂਸਰੀ ਮਹੱਤਵਪੂਰਨ ਗੱਲ, ਮਹਾਂਭਾਰਤ ਦੀ ਲੜ੍ਹਾਈ ਵਿੱਚ ਹਰ ਯੋਧੇ ਕੋਲ ਦੋ ਤਰਾਂ  ਦੇ ਹਥਿਆਰ ਸਨ, ਇੱਕ ਖ਼ੁਦ ਦੀ ਰੱਖਿਆ ਕਰਨ ਲਈ ਅਤੇ ਇੱਕ ਦੂਸਰਿਆਂ ਨੂੰ ਮਾਰਨ ਵਾਸਤੇ, ਪਰ ਸਾਡੇ ਕਿਸਾਨਾਂ ਕੋਲ ਸਿਰਫ ਮਾਰਨ ਵਾਲੇ ਹਥਿਆਰ ਹਨ ਅਤੇ ਉਹ ਵੀ ਬੇਗਾਨੇ। ਅਤੇ ਬੇਗਾਨੇ ਹਥਿਆਰਾਂ ਨਾਲ ਜੰਗ ਨਹੀ ਜਿੱਤੀ ਜਾਂਦੀ।  ਇਸਲਈ ਅੱਜ ਤੱਕ ਇਹ ਜੰਗ ਜਾਰੀ ਹੈ।
ਸੋ ਕਿਸਾਨਾਂ ਨੇ ਜੇ ਇਹ ਜੰਗ ਜਿੱਤਣੀ ਹੈ ਤਾਂ ਉਸ ਨੂੰ ਤਿੰਨ ਕੰਮ ਕਰਨੇ ਪੈਣਗੇ-
1. ਕੀਟਾਂ ਦੀਆਂ ਵਿਭਿੰਨ ਅਵਸਥਾਵਾਂ ਦੀ ਸਹੀ ਪਹਿਚਾਨ
2. ਕੀਟਾਂ ਦੇ ਭੇਦ ਜਾਣਨੇ
3. ਆਪਣੇ ਖ਼ੁਦ ਦੇ ਹਥਿਆਰ ਵਿਕਸਿਤ ਕਰਨੇ।

ਕੀਟ ਕੀ ਹਨ? - ਕੀਟ ਉਹਨਾਂ ਰੀੜਵਿਹੀਨ ਜੀਵਾ ਨੂੰ ਕਿਹਾ ਜਾਂਦਾ ਹੈ, ਜਿਨ੍ਹਾਂ ਦਾ ਸ਼ਰੀਰ ਤਿੰਨ ਭਾਗਾਂ ਸਿਰ, ਧੜ ਅਤੇ ਪੇਟ ਵਿੱਚ ਵੰਡਿਆ ਹੁੰਦਾ ਹੈ ਅਤੇ ਦੋ ਜੋੜੀ ਖੰਭ ਅਤੇ ਤਿੰਨ ਜੋੜੀ ਲੱਤਾ ਹੁੰਦੀਆਂ ਹਨ।   ਕੀਟ ਦੀਆਂ ਅੱਖਾ, ਮੂੰਹ ਅਤੇ ਐਟੀਨਾ ਇਸਦੇ ਸਿਰ ਵਾਲੇ ਹਿੱਸੇ ਵਿੱਚ ਹੁੰਦੀਆ ਹਨ। ਲੱਤਾ ਅਤੇ ਖੰਭ ਧੜ ਉੱਪਰ ਹੁੰਦੇ ਹਨ। ਇਹਨਾਂ ਦੀਆਂ ਚਾਰ ਅਵਸਥਾਵਾਂ ਹੁੰਦੀਆਂ ਹਨ- ਅੰਡਾ, ਲਾਰਵਾ, ਪਿਊਪਾ ਅਤੇ ਬਾਲਗ। ਲਾਰਵਾ(ਸੁੰਡੀ)  ਵਿੱਚ ਹੀ ਕੀਟ ਨੁਕਸਾਨ ਪਹੁੰਚਾਉਦੇ ਹਨ। ਕੀਟਾਂ ਦਾ ਖ਼ੂਨ ਹਵਾ ਦੇ ਸੰਪਰਕ ਵਿੱਚ ਆਉਣ ਤੇ ਨਹੀ ਜੰਮਦਾ। ਇਸ ਲਈ ਖ਼ੂਨ ਵਹਿ ਜਾਣ ਨਾਲ ਵੀ ਇਹਨਾਂ ਦੀ ਮੌਤ ਯਕੀਨੀ ਹੈ।
                  ਭੋਜਨ ਦੀ ਤਾਸੀਰ ਦੇ ਆਧਾਰ ਉੱਤੇ ਕੀਟ ਦੋ ਪ੍ਰਕਾਰ ਦੇ ਹਨ- ਮਾਂਸਾਹਾਰੀ ਅਤੇ ਸ਼ਾਕਾਹਾਰੀ। ਸ਼ਾਕਾਹਾਰੀ ਕਿਸਾਨ ਦੇ ਦੁਸ਼ਮਣ ਅਤੇ ਮਾਂਸਾਹਾਰੀ ਕਿਸਾਨ ਦੇ ਮਿੱਤਰ ਦੇ ਰੂਪ ਵਿੱਚ ਜਾਣੇ ਜਾਂਦੇ ਹਨ। ਮੂੰਹ ਦੀ ਬਨਾਵਟ ਦੇ ਆਧਾਰ ਤੇ ਵੀ ਦੋ ਪ੍ਰਕਾਰ ਦੇ ਹਨ- ਰਸ ਚੂਸਣ ਵਾਲੇ ਅਤੇ ਪੱਤੇ ਖਾਣ ਵਾਲੇ।
ਕਿਸਾਨ ਭਰਾਂਵਾ ਨਾਲ ਗੱਲ ਕਰਨ ਤੇ ਪਤਾ ਲੱਗਾ ਕਿ ਕਣਕ ਦੀ ਫ਼ਸਲ ਵਿੱਚ ਤੇਲੇ ਦੀ ਜ਼ਿਆਦਾ ਮਾਰ ਪੈਂਦੀ ਹੈ, ਇਸਲਈ ਅੱਜ ਆਪਾਂ ਇਸ ਬਾਰੇ ਜਾਣਾਗੇ।

ਰਸ ਚੂਸਕ ਕੀਟ - ਤੇਲਾ
ਤੇਲੇ ਦਾ ਬਾਲਗ 
ਨਰਮੇ ਅਤੇ ਕਣਕ ਦਾ ਰਸ ਚੂਸ ਕੇ ਨੁਕਸਾਨ ਕਰਨ ਵਾਲੇ ਕੀਟਾ ਵਿੱਚੋਂ ਤੇਲਾ ਇੱਕ ਮੁੱਖ ਕੀਟ ਹੈ। ਇਹ ਤੋਤੀਏ ਰੰਗ ਦਾ ਹੁੰਦਾ ਹੈ। ਅੰਗਰੇਜੀ ਵਿੱਚ ਇਸ ਨੂੰ ਜੈਸਿਡ ਕਹਿੰਦੇ ਹਨ। ਲੋਹਾਰ ਦੀ ਛੈਣੀ ਵਰਗਾ ਦਿਸਣ ਵਾਲਾ ਇਹ ਕੀਟ ਲਗਭਗ ਤਿੰਨ ਮੀਟਰ ਲੰਬਾ ਹੁੰਦਾ ਹੈ। ਇਸਦਾ ਸੁਭਾਅ ਬਾਕੀ ਕੀਟਾਂ ਵਾਂਗ ਲਾਈਟ ਵੱਲ ਆਕਰਸ਼ਿਤ ਹੋਣ ਵਾਲਾ ਹੁੰਦਾ ਹੈ।





ਤੇਲੇ ਦਾ ਨਿਮ੍ਫ
ਤੇਲੇ ਦਾ ਬਾਲਗ ਅਤੇ ਤੇਲੇ ਦਾ ਬੱਚਾ ਜਿਸ ਨੂੰ ਨਿਮਫ ਕਿਹਾ ਜਾਂਦਾ ਹੈ, ਫ਼ਸਲ ਦਾ ਰਸ ਚੂਸ ਕੇ ਫ਼ਸਲ ਨੂੰ ਨੁਕਸਾਨ
ਪਹੁੰਚਾਉਦੇ ਹਨ। ਇੱਥੇ ਹੀ ਬੱਸ ਨਹੀਂ, ਇਹ ਤਾਂ ਰਸ ਚੂਸਣ ਦੀ ਪ੍ਰਕ੍ਰਿਆ ਵੇਲੇ ਪੱਤਿਆਂ ਵਿੱਚ ਜ਼ਹਿਰ ਵੀ ਛੱਡਦੇ ਹਨ।







ਨੁਕਸਾਨ
ਰਸ ਚੂਸਣ ਦੇ ਕਾਰਣ ਪੱਤੇ ਪੀਲੇ ਪੈ ਜਾਂਦੇ ਹਨ ਅਤੇ ਪੱਤਿਆਂ ਉੱਪਰ ਲਾਲ ਰੰਗ ਦੇ ਬਿੰਦੀਨੁਮਾਂ ਮਹੀਨ ਨਿਸ਼ਾਨ ਪੈ ਜਾਂਦੇ ਹਨ। ਜ਼ਿਆਦਾ ਪ੍ਰਕੋਪ
ਹੋਣ ਉੱਤੇ ਪੱਤਾ ਪੂਰਾ ਹੀ ਲਾਲ ਹੋ ਜਾਂਦਾ ਹੈ ਅਤੇ ਹੇਠਾਂ ਵੱਲ ਮੁੜ ਜਾਂਦਾ ਹੈ। ਅੰਤ ਵਿੱਚ ਪੱਤਾ ਸੁੱਕ ਕੇ ਹੇਠਾਂ ਡਿੱਗ ਪੈਂਦਾ ਹੈ।

ਤੇਲੇ ਦੀ ਮਾਦਾ ਆਪਣੇ ਜੀਵਨ ਕਾਲ ਵਿੱਚ ਤਕਰੀਬਨ15 ਅੰਡੇ ਪੱਤੇ ਦੀ ਹੇਠਲੀ ਸਤਹ ਤੇ ਪੱਤੇ ਦੀ ਸਤਹ  ਦੇ ਨਾਲ ਤੰਤੂਆਂ ਵਿੱਚ ਦਿੰਦੀ ਹੈ। 5-6 ਦਿਨਾਂ ਵਿੱਚ ਇੰਨਾਂ ਅੰਡਿਆਂ ਵਿੱਚੋਂ ਬੱਚੇ (ਨਿਮਫ) ਨਿਕਲ ਆਉਦੇਂ ਹਨ। ਇਹ ਨਿਮਫ ਪੱਤੇ ਦੀ ਹੇਠਲੀ ਸਤਹ ਤੋਂ ਰਸ ਚੂਸ ਕੇ ਆਪਣਾ ਗੁਜ਼ਾਰਾ ਕਰਦੇ ਹਨ। ਮੌਸਮ ਦੀ ਅਨੁਕੂਲਤਾ ਅਤੇ ਭੋਜਨ ਦੀ ਉਪਲਬਧਤਾ ਦੇ ਅਨੁਸਾਰ, ਇਹ ਬੱਚੇ ਬਾਲਗ ਬਣਨ ਲਈ 10-20 ਦਿਨ ਦਾ ਸਮਾਂ ਲੈਦੇ ਹਨ। ਇਸ ਦੌਰਾਨ ਇਹ ਬੱਚੇ ਭਾਵ ਨਿਮਫ ਤਕਰੀਬਨ 5 ਵਾਰ ਆਪਣੀ ਕੁੰਜ ਉਤਾਰਦੇ ਹਨ। ਇਹਨਾਂ ਦਾ ਬਾਲਗ ਜੀਵਨ 40-50 ਦਿਨ ਦਾ ਹੁੰਦਾ ਹੈ।
ਇਸ ਪ੍ਰਕ੍ਰਿਤੀ ਦਾ ਇੱਕ ਨਿਯਮ ਹੈ ਕਿ ਇੱਥੇ ਹਰ ਜੀਵ ਨੂੰ ਖਾਣ ਲਈ ਕੋਈ ਨਾਂ ਕੋਈ ਜੀਵ ਕੁਦਰਤ ਵੱਲੋਂ ਬਣਿਆਂ ਹੋਇਆ ਹੈ। ਤੇਲੇ ਵੀ ਇਸ ਨਿਯਮ ਤੋਂ ਬਚੇ ਹੋਏ ਨਹੀ ਹਨ। ਤੇਲੇ ਦੇ ਬੱਚੇ ਅਤੇ ਬਾਲਗ ਫ਼ਸਲ ਵਿੱਚ ਮੱਕੜੀਆਂ, ਦੈਂਤ ਮੱਖੀਆਂ, ਡਾਇਨ ਮੱਖ਼ੀਆਂ, ਕਰਾਈਸੋਪਾ ਅਤੇ ਲੇਡੀ ਬੀਟਲ ( ਜਿਸ ਨੂੰ ਬੱਚੇ ਫ਼ੇਲ-ਪਾਸ ਕਹਿੰਦੇ ਨੇ) ਦਾ ਭੋਜਨ ਬਣਦੇ ਹਨ। ਕਈ ਤਰਾਂ  ਦੇ ਬੱਗ ਜਿਵੇਂ ਡਾਕੂ ਬੱਗ ਅਤੇ ਕਾਤਿਲ ਬੱਗ ਤੇਲੇ ਦੇ ਖ਼ੂਨ ਦੇ ਪਿਆਸੇ ਹੁੰਦੇ ਹਨ।
ਸੋ ਕਿਸਾਨ ਭਰਾਵੋਂ, ਅਗਲੀ ਵਾਰ ਤੇਲੇ ਲਈ ਕੀਟਨਾਸ਼ਕ ਛਿੜਕਣ ਤੋਂ ਪਹਿਲਾਂ ਆਪਣੇ ਖੇਤ ਵਿੱਚ ਕੁਦਰਤ ਵੱਲੋਂ ਤੁਹਾਡੀ ਮੱਦਦ ਲਈ ਭੇਜੇ ਕੁਦਰਤੀ ਕੀਟਨਾਸ਼ਕਾਂ ਮੱਕੜੀਆਂ, ਦੈਂਤ ਮੱਖੀਆਂ, ਡਾਇਨ ਮੱਖ਼ੀਆਂ, ਕਰਾਈਸੋਪਾ ਅਤੇ ਲੇਡੀ ਬੀਟਲ ਵੱਲ ਨਜ਼ਰ ਜ਼ਰੂਰ ਮਾਰ ਲੈਣਾ।

ਹੁਣ ਕਿਸਾਨ ਭਰਾਵਾਂ ਦੇ ਮਨ ਵਿੱਚ ਇਹਨਾਂ ਦੇ ਹੱਲ ਬਾਰੇ ਵੀ ਵਿਚਾਰ ਆ ਰਿਹਾ ਹੋਵੇਗਾ। ਤਾਂ ਕਿਸਾਨ ਵੀਰੋ! ਤੁਹਾਨੂੰ ਕੁਦਰਤ ਨੇ ਆਪ ਹੀ ਮੁਫ਼ਤ ਦੇ ਕੀਟਨਾਸ਼ੀ ਦਿੱਤੇ ਹਨ ਜਿਹੜੇ ਕਿਸਾਨਾਂ ਤੋਂ ਬਿਨਾਂ ਕੁੱਝ ਲਏ ਇਹਨਾਂ ਨੁਥਸਾਨ ਪਹੁੰਚਾਉਣ ਵਾਲੇ ਕੀਟਾ ਨੂੰ ਖ਼ਤਮ ਕਰਦੇ ਹਨ। ਇਹਨਾਂ ਵਿੱਚੋਂ ਇੱਕ ਹੈ - ਲੇਡੀ ਬਗ ਬੀਟਲ।

ਮੁਫਤ ਦੇ ਕੀਟਨਾਸ਼ਕ - ਲੇਡੀ ਬੀਟਲ

ਮਿਲੀ ਬੱਗ,ਤੇਲੇ ਅਤੇ ਚੇਪੇ ਦੀ ਕੁਸ਼ਲ ਸ਼ਿਕਾਰੀ ਜਾਣੀ ਜਾਣ ਵਾਲੀ ਲੇਡੀ ਬੀਟਲ ਕੌਕਸੀਨੋਲਿਡਸ
ਲੇਡੀ ਬਰਡ ਬੀਟਲ

ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਲੇਡੀ ਬੀਟਲ ਦੇ ਬਾਲਗ ਅਤੇ ਬੱਚੇ ਦੋਵੇਂ ਹੀ ਮਾਸਾਹਾਰੀ ਹਨ। ਪੰਜਾਬ ਵਿੱਚ ਇਹ ਰੱਬ ਦੀ ਗਾਂ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ ਅਤੇ ਬੱਚੇ ਇਸ ਨੂੰ ਫੇਲ-ਪਾਸ ਦੇ ਨਾਮ ਨਾਲ ਵੀ ਜਾਣਦੇ ਹਨ। ਵਿਗਿਆਨਕ ਇਸ ਨੂੰ ਲੇਡੀ ਬਰਡ ਬੀਟਲ ਜਾਂ ਲੇਡੀ ਬੀਟਲ ਕਹਿੰਦੇ ਹਨ। ਇਹ 0.04 ਤੋ 0.4 ਇੰਚ ਤੱਕ ਲੰਬੇ, ਕਾਲੀਆਂ ਲੱਤਾ ਵਾਲੇ, ਇੱਕ ਐਂਟੀਨਾ ਅਤੇ ਲਾਲ, ਪੀਲੇ ਅਤੇ ਸੰਤਰੀ ਰੰਗ ਦੇ ਖੰਭਾ, ਜਿਨ੍ਹਾਂ  ਉੱਪਰ ਕਾਲੇ ਰੰਗ ਦੀਆਂ ਬਿੰਦੀਆਂ ਵਰਗੇ ਨਿਸ਼ਾਨ ਹੁੰਦੇ ਹਨ, ਵਾਲੇ ਛੋਟੇ ਕੀਟ ਹਨ। ਇਹਨਾਂ ਦੇ ਖੰਭਾ ਦੀ ਚਮਕ ਚੂੜੀਆਂ ਵਾਂਗ ਲੱਗਦੀ ਹੈ। ਲੇਡੀ ਬੀਟਲ ਦੀਆਂ ਅਲੱਗ-ਅਲੱਗ ਕਿਸਮਾਂ ਦੇ ਬਾਲਗ ਅਤੇ ਬੱਚੇ ਜਨਮਜਾਤ ਮਾਸਾਹਾਰੀ ਹੁੰਦੇ ਹਨ। ਇਹਨਾ ਦੇ ਭੋਜਨ ਵਿੱਚ ਕੀਟਾ ਦੇ ਅੰਡੇ, ਤੇਲਾ, ਚੇਪਾ, ਛੋਟੀਆਂ ਸੁੰਡੀਆਂ, ਮਿਲੀ ਬੱਗ ਅਤੇ ਸਫੇਦ ਮੱਖੀ ਸ਼ਾਮਿਲ ਹਨ। ਇਹ ਕੁਦਰਤ ਵੱਲੋਂ ਕਿਸਾਨ ਨੂੰ ਬਖਸ਼ੇ ਬੇਹਤਰੀਨ ਕਿਸਮ ਦੇ ਕੀਟਨਾਸ਼ੀ ਹਨ। ਜੇਕਰ ਇਹ ਸਾਡੇ ਖੇਤ ਵਿੱਚ ਹੋਣ ਤਾਂ ਕਿਸਾਨਾਂ ਦੇ ਕੀਟਨਾਸ਼ਕਾ ਉੱਪਰ ਹੋਣ ਵਾਲੇ ਖ਼ਰਚ ਨੂੰ ਘਟਾ ਸਕਦੀਆਂ ਹਨ ਅਤੇ ਨਾਲ ਹੀ ਕੀਟਨਾਸ਼ਕਾ ਦੇ ਹਾਨੀਕਾਰਕ ਪ੍ਰਭਾਵਾ ਤੋਂ ਕਿਸਾਨ ਵੀਰ ਖ਼ੁਦ ਵੀ ਬਚ ਸਕਦੇ ਹਨ ਅਤੇ ਹੋਰਾਂ ਨੂੰ ਵੀ ਬਚਾ ਸਕਦੇ ਹਨ।
ਭੋਜਨ ਦੀਆਂ ਆਦਤਾਂ : ਬਾਲਗ ਅਤੇ ਲਾਰਵਾ ਸ਼ਿਕਾਰੀ ਹੁੰਦੇ ਹਨ ਅਤੇ ਕੀਟਾਂ ਨੂੰ ਖਾਂਦੇ ਹਨ। ਇਹ ਚੇਪੇ, ਸਕੇਲ ਕੀਟ, ਸਫੇਦ ਮੱਖੀਆਂ ਅਤੇ ਮਿਲੀ ਬੱਗ ਨੂੰ ਖਾਂਦੇ ਹਨ।
ਜਿੰਦਗੀ ਦੀਆਂ ਅਵਸਥਾਵਾਂ:
ਬਾਲਗ - ਬਾਲਗ ਲੇਡੀ ਬਰਡ ਬੀਟਲ ਚਮਕੀਲੇ ਲਾਲ, ਪੀਲੇ ਕਾਲੀਆਂ ਧਾਰੀਆਂ ਜਾਂ ਬਿੰਦੀਆਂ ਰੰਗ ਦੇ ਅੰਡਾਕਾਰ ਸ਼ਰੀਰ ਵਾਲੇ ਹੁੰਦੇ ਹਨ। ਜਦੋਂ ਇਹਨਾਂ ਨੂੰ ਛੇੜਿਆ ਜਾਂਦਾ ਹੈ ਤਾਂ ਇਹ ਦੂਜੇ ਸ਼ਿਕਾਰੀਆਂ ਤੋਂ ਆਪਣਾ ਬਚਾਓ ਕਰਨ ਲਈ ਬੜੀ ਤੋਜ਼ ਗੰਧ ਵਾਲਾ ਪੀਲੇ ਰੰਗ ਦਾ ਤਰਲ ਛੱਡਦੀਆਂ ਹਨ।
ਅੰਡੇ - ਇਹ ਪੱਤਿਆਂ ਦੇ ਹੇਠਲੇ ਪਾਸੇ ਜਾਂ ਚੇਪਿਆਂ ਦੀ ਕਲੋਨੀ ਦੇ ਨੇੜੇ 10 ਤੋ 50 ਅੰਡਿਆਂ ਦੇ ਗੁੱਛੇ ਵਿੱਚ ਅੰਡੇ ਦਿੰਦੀਆਂ ਹਨ।
ਲਾਰਵਾ - ਅੰਡੇ ਵਿੱਚੋਂ ਨਿਕਲੇ ਨਵੇਂ ਲਾਰਵੇ ਸੁਰਮਈ ਰੰਗ ਦੇ ਜਾਂ ਕਾਲੇ ਰੰਗ ਦੇ ਹੁੰਦੇ ਹਨ ਅਤੇ
ਲਾਰਵਾ
4 ਮਿਲੀਮੀਟਰ ਤੋ ਘੱਟ ਲੰਬੇ ਹੁੰਦੇ ਹਨ। ਉਹ ਘੜਿਆਲ ਵਾਂਗ ਦਿਸਦੇ ਹਨ ਅਤੇ ਉਹਨਾਂ ਦੇ ਸ਼ਰੀਰ ਉੱਪਰ ਨੀਲੇ ਅਤੇ ਚਮਕੀਲੇ ਪੀਲੇ ਜਾਂ ਸੰਤਰੀ ਰੰਗ ਦੇ ਨਿਸ਼ਾਨ ਅਤੇ ਕੰਡੇ ਹੁੰਦੇ ਹਨ।  ਇਹਨਾਂ ਦੇ ਲੰਡੇ ਵਿੱਖੇ ਜਬਾੜੇ ਹੁੰਦੇ ਹਨ ਅਤੇ ਆਪਣੇ ਬਾਲਗਾਂ ਵਾਂਗ ਛੋਟੇ ਕੀਟਾਂ ਨੂੰ ਖਾਂਦੇ ਹਨ। ਕਿਉਂਕਿ ਇਹ ਡਰਾਉਣਾ ਜਿਹਾ ਦਿਖਦਾ ਹੈ ਇਸਲਈ ਕਿਸਾਨ ਅਕਸਰ ਇਸੇ ਨੂੰ ਦੁਸ਼ਮਣ ਸਮਝ ਕੇ ਕੀਟਨਾਸ਼ਕ ਜ਼ਹਿਰਾਂ ਛਿੜਕ ਕੇ ਖ਼ਤਮ ਕਰ ਦਿੰਦੇ ਹਨ ਅਤੇ ਫ਼ਸਲ ਦੇ ਦੁਸ਼ਮਣ ਕੀੜਿਆਂ ਲਈ ਫ਼ਸਲ ਖਾਣ ਦਾ ਰਾਹ ਪੱਧਰਾ ਕਰ ਦਿੰਦੇ ਹਨ।
ਪਿਊਪਾ - ਪਿਊਪਾ ਦੀ ਅਵਸਥਾ ਵਿੱਚ ਇਹ ਪੱਤਿਆਂ ਉੱਪਰ ਜਾਂ ਪੌਦਿਆਂ ਦੇ ਤਣੇ ਉੱਤੇ ਰਹਿੰਦੇ ਹਨ।

ਇਹ ਚੇਪਿਆ ਦੇ ਸ਼ਿਕਾਰੀ ਦੇ ਰੂਪ ਵਿੱਚ ਪ੍ਰਸਿੱਧ ਹਨ ਅਤੇ ਇੱਕ ਦਿਨ ਵਿੱਚ 50 ਤੋ 60 ਅਤੇ ਪੂਰੀ ਜਿੰਦਗੀ ਵਿੱਚ 5000 ਚੇਪੇ ਖਾ ਜਾਂਦੀ ਹੈ।


ਸੋ ਕਿਸਾਨ ਭਰਾਵੋ! ਸਾਡੇ ਆਪਣੇ ਖੇਤਾ ਵਿੱਚ ਹੀ ਕੁਦਰਤੀ ਕੀਟਨਾਸ਼ਕ ਮਿੱਤਰ ਕੀਟਾਂ ਦੇ ਰੂਪ ਵਿੱਚ ਮੌਜ਼ੂਦ ਹਨ, ਜ਼ਰੂਰਤ ਹੈ ਤਾਂ ਸਿਰਫ ਇਹਨਾਂ ਨੂੰ ਪਛਾਣਨ ਦੀ ਅਤੇ ਇਹਨਾਂ ਨਾਲ ਦੋਸਤੀ ਕਰਨ ਦੀ।
ਅੰਤ ਵਿਚ ਮੈ ਧਨਵਾਦੀ ਹਾਂ ਡਾਕਟਰ ਸੁਰੇਂਦਰ ਦਲਾਲ ਜੀ ਦੀ ਅਤੇ ਡਾਕਟਰ ਰਾਮੂ ਜੀ ਦੀ ਜਿੰਨਾ ਤੋ  ਮੈ  ਕੀਟਾ ਬਾਰੇ ਸਿਖਿਆ।

ਅਮਨਜੋਤ ਕੌਰ
ਕੋਆਰਡੀਨੇਟਰ, ਇਸਤਰੀ ਇਕਾਈ
ਖੇਤੀ ਵਿਰਾਸਤ ਮਿਸ਼ਨ, ਜੈਤੋ

1 comment:

  1. solid step towards sustainable agriculture and safe food

    ReplyDelete

Thanks for your feedback