Sunday, November 20, 2011

ਚੰਗੀ ਸਿਹਤ ਦਾ ਆਧਾਰ - ਜ਼ਹਿਰ ਮੁਕਤ ਰਸੋਈ, ਜ਼ਹਿਰ ਮੁਕਤ ਖੁਰਾਕ

 ਆਉ! ਜ਼ਹਿਰ ਮੁਕਤ ਘਰੇਲੂ ਬਗੀਚੀ ਬਣਾਈਏ!
-ਅਮਨਜੋਤ ਕੌਰ

 ਘਰੇਲੂ ਬਗੀਚੀ ਦਾ ਮਹੱਤਵ ਸਿਰਫ ਜ਼ਹਿਰ ਮੁਕਤ ਸਬਜ਼ੀਆਂ ਉਗਾਉਣ ਤੱਕ ਹੀ ਸੀਮਿਤ ਨਹੀਂ ਹੈ ਬਲਕਿ ਉਸਤੋਂ ਕਿਤੇ ਵੱਧ ਹੈ। ਇਹ ਨਾਂ ਸਿਰਫ ਸਾਨੂੰ ਜ਼ਹਿਰ ਮੁਕਤ ਸਬਜ਼ੀਆਂ ਦਿੰਦੀ ਹੈ ਬਲਕਿ ਸਾਨੂੰ ਅਤੇ ਸਾਡੇ ਬੱਚਿਆਂ ਨੂੰ ਉਸ ਕੁਦਰਤ ਨਾਲ ਵੀ ਜੋੜਦੀ ਹੈ ਜਿਸ ਨਾਲ ਕਦੇ ਸਾਡਾ ਮਾਂ-ਪੁੱਤ ਵਾਲਾ ਰਿਸ਼ਤਾ ਹੁੰਦਾ ਸੀ।
ਘਰੇਲੂ ਬਗੀਚੀ ਦੀ ਤਿਆਰੀ -  ਅਕਸਰ  ਔਰਤਾਂ ਦਾ ਕਹਿਣਾ ਹੁੰਦਾ ਹੈ ਕਿ ਘਰੇਲੂ ਬਗੀਚੀ  ਲਈ ਉਹਨਾਂ ਕੋਲ ਟਾਈਮ ਨਹੀਂ ਤਾਂ ਮੈ ਇੱਥੇ ਇਹ ਦੱਸ ਦੇਣਾ ਜ਼ਰੂਰੀ ਸਮਝਦੀ ਹਾਂ ਕਿ ਘਰੇਲੂ ਬਗੀਚੀ ਦੀ ਤਿਆਰੀ ਵਾਲੇ ਦਿਨ ਇਹ ਜ਼ਰੂਰ ਸਮਾਂ ਮੰਗਦੀ ਹੈ ਬਾਕੀ ਦਿਨ ਤਾਂ 15 ਤੋਂ 20 ਮਿਨਟ ਕਾਫੀ ਹਨ।
ਤਿਆਰੀ -
• ਜਿਸ ਜਗਾ ਬਗੀਚੀ ਤਿਆਰ ਕਰਨੀ ਹੈ ਉੱਥੋਂ ਰੋੜੇ , ਘਾਹ-ਫੂਸ ਚੰਗੀ ਤਰਾਂ ਸਾਫ ਕਰਕੇ ਜਗਾ ਪੱਧਰ ਕਰ ਲਉ। ਉਸਤੋਂ ਬਾਅਦ ਮਿੱਟੀ ਵਿੱਚ ਰੂੜੀ ਦੀ ਖਾਦ ਚੰਗੀ ਤਰਾਂ ਮਿਲਾ ਲਉ। ਕੁੱਝ ਘਰਾਂ ਦੀ ਮਿੱਟੀ ਬਗੀਚੀ ਲਈ ਵਧੀਆ ਨਹੀ ਹੁੰਦੀ ਤਾਂ ਖੇਤ ਦੀ ਮਿੱਟੀ ਮੰਗਵਾ ਕੇ ਵਰਤੀ ਜਾ ਸਕਦੀ ਹੈ।
• ਰੂੜੀ ਦੀ ਖਾਦ ਮਿਲਾਉਣ ਤੋਂ ਬਾਅਦ ਕਿਆਰੀਆਂ ਬਣਾ ਕੇ ਵੱਟਾਂ ਬਣਾ ਲਉ।
• ਚੰਗੇ ਦੇਸੀ ਬੀਜ ਹੀ ਚੁਣੋ। ਬੀਜ਼ਾਂ ਨੂੰ ਬੀਜਣ ਤੋਂ ਪਹਿਲਾਂ ਬੀਜ ਅੰਮ੍ਰਿਤ ਨਾਲ ਸੋਧ ਲਉ। ਬਿਜਾਈ ਤੋਂ 24 ਘੰਟੇ ਪਹਿਲਾਂ ਬੀਜ ਅੰਮ੍ਰਿਤ ਬਣਨਾ ਰੱਖ ਦੇਣਾ ਚਾਹੀਦਾ ਹੈ।                                            
ਬੀਜ ਅੰਮ੍ਰਿਤ - ਲੋੜੀਂਦਾ ਸਮਾਨ
੧. ਦੇਸੀ ਗਾਂ ਜਾਂ ਮੱਝ ਦਾ ਗੋਹਾ    - 100 ਗ੍ਰਾਮ
੨. ਦੇਸੀ ਗਾਂ ਜਾਂ ਮੱਝ ਦਾ ਪਿਸ਼ਾਬ - 100 ਗ੍ਰਾਮ
੩. ਸਾਦਾ ਪਾਣੀ                    - ਅੱਧਾ ਲਿਟਰ
ਵਿਧੀ - ਗੋਹੇ ਅਤੇ ਪਿਸ਼ਾਬ ਨੂੰ ਅੱਧਾ ਲਿਟਰ ਪਾਣੀ ਵਿੱਚ ਮਿਲਾ ਕੇ ਇੱਕ ਬਰਤਨ ਵਿੱਚ ਘੋਲ ਲਉ। ਇਸ ਮਿਸ਼ਰਣ ਨੂੰ 24 ਘੰਟੇ ਇਸੇ ਤਰਾਂ  ਪਿਆ ਰਹਿਣ ਦਿਉ। ਫਿਰ ਮਿਸ਼ਰਣ ਦਾ ਨਿਚੋੜ ਇੱਕ ਥਾਂ ਕੱਢ ਲਉ। ਬੀਜ ਅੰਮ੍ਰਿਤ ਤਿਆਰ ਹੈ।
• ਕੁੱਝ ਬੀਜ ਜਿਵੇਂ ਪਾਲਕ, ਮੇਥੇ ਅਤੇ ਸਰੋਂ ਛਿੱਟੇ ਨਾਲ ਲੱਗਦੇ ਹਨ। ਅਜਿਹੇ ਬੀਜਾਂ ਨੂੰ ਖ਼ੁਸ਼ਕ ਕਿਆਰੀਆਂ ਵਿੱਚ ਲਗਾ ਕੇ ਪਾਣੀ ਦਿਉ।
• ਕੁੱਝ ਬੀਜ ਜਿਵੇਂ ਮੂਲੀ, ਗਾਜਰਾਂ ਅਤੇ ਮਟਰ ਚੁਟਕੀ ਨਾਲ ਲੱਗਦੇ ਹਨ । ਅਜਿਹੇ ਬੀਜਾਂ ਨੂੰ ਕਿਆਰੀਆਂ ਵੱਤਰ ਕਰਕੇ ਫਿਰ ਚੁਟਕੀ ਨਾਲ ਲਗਾਉ।
• ਗੋਭੀ ਅਤੇ ਪਿਆਜ਼ ਦੀ ਪਨੀਰੀ ਤਿਆਰ ਕਰਕੇ ਵੱਟਾ ਉੱਪਰ ਲਗਾਉ।
• ਬੀਜ ਲਗਾਉਣ ਤੋਂ ਬਾਅਦ ਮਲਚਿੰਗ ਕਰਨੀ ਨਾ ਭੁੱਲੋ।
• ਬਗੀਚੀ ਨੂੰ ਕੀੜਿਆਂ ਦੇ ਹਮਲੇ ਤੋਂ ਬਚਾਉਣ ਲਈ ਇੱਕ ਬੂਟਾ ਅਰਿੰਡ ਅਤੇ ਕੁੱਝ ਬੂਟੇ ਗੇਂਦੇਂ ਦੇ ਫੁੱਲਾਂ ਦੇ ਲਗਾਉ।
• ਬਗੀਚੀ ਵਿੱਚ ਜਿਆਦਾ ਪਾਣੀ ਨਾ ਲਗਾਉ। ਸਿਰਫ ਇਹਨਾਂ ਹੀ ਪਾਣੀ ਦਿਉ ਜਿਸ ਨਾਲ ਬਗੀਚੀ ਵਿੱਚ ਨਮੀਂ ਬਣੀ ਰਹੇ।
ਰੋਜ਼ਾਨਾ 10 ਤੋਂ 15 ਮਿਨਟ ਆਪਣੀ ਬਗੀਚੀ ਵਿੱਚ ਬਿਤਾਉ ਅਤੇ ਪੌਦਿਆਂ ਦੇ ਪੱਤੇ ਪਲਟ ਕੇ ਜ਼ਰੂਰ ਚੈੱਕ ਕਰੋ ਕਿ ਕਿਤੇ ਕਿਸੇ ਕੀੜੇ  ਨੇ ਆਂਡੇ ਤਾਂ ਨਹੀਂ ਦਿੱਤੇ ਹੋਏ। ਅਜਿਹੇ ਪੱਤੇ ਨੂੰ ਤੋੜ ਕੇ ਨਸ਼ਟ ਕਰ ਦਿਉ।

 ਪੰਜਾਬੀ ਜਾਗਰਣ ਵਿਚ ਘਰੇਲੂ ਬਗੀਚੀ ਤੇ ਆਰਟੀਕਲ
 http://epaper.punjabijagran.com/17230/Bathinda/Bathinda-Punjabi-jagran-News-21th-November-2011#p=page:n=10:z=2   

No comments:

Post a Comment

Thanks for your feedback