Wednesday, March 6, 2013

ਪੁਤਲੇ ਹਮ ਮਾਟੀ ਕੇ

ਅੱਜ ਅਸੀਂ ਮੰਗਲ ਗ੍ਰਹਿ ਦੇ ਭੂਗੋਲ ਦੇ ਕਰੀਬੀ ਚਿੱਤਰ ਦੇਖਦੇ ਹਾਂ, ਚੰਨ ਉੱਪਰ ਪਾਣੀ ਲੱਭਦੇ ਹਾਂ ਅਤੇ ਜੀਵਨ ਦੀ ਤਲਾਸ਼ ਵਿੱਚ ਵਾਇਜ਼ਰ ਯਾਨ ਨੂੰ ਸੌਰਮੰਡਲ ਤੋਂ ਬਾਹਰ ਭੇਜਣ ਦੀ ਤਾਕਤ ਰੱਖਦੇ ਹਾਂ। ਪਰ ਸਾਡੇ ਸ਼ਰੀਰ ਉੱਪਰ ਅਤੇ ਉਸਦੇ ਅੰਦਰ ਰਹਿਣ ਵਾਲੇ ਅਰਬਾਂ ਜੀਵ-ਜੀਵਾਣੂਆਂ ਦੇ ਬਾਰੇ ਵਿੱਚ ਅਸੀਂ ਬਹੁਤ ਹੀ ਘੱਟ ਜਾਣਦੇ ਹਾਂ। ਜਦਕਿ ਇਹਨਾਂ ਨਾਲ ਸਾਡਾ ਲੈਣ-ਦੇਣ ਹਰ ਰੋਜ਼, ਹਰ ਪਲ ਹੁੰਦਾ ਰਹਿੰਦਾ ਹੈ। ਵਿਗਿਆਨ ਇਸ ਆਦਿ-ਅਨੰਤ ਸੰਬੰਧ ਦਾ ਇੱਕ ਸੂਖ਼ਮ ਹਿੱਸਾ ਹੁਣ ਸਮਝਣ ਲੱਗਿਆ ਹੈ। ਇਸ ਸੰਬੰਧ ਦਾ ਸੁਭਾਅ ਮੁਕਾਬਲੇ ਵਾਲਾ ਘੱਟ, ਸਹਿਯੋਗ ਵਾਲਾ ਜ਼ਿਆਦਾ ਹੈ।  ਇਸ ਨਵੀਂ ਖੋਜ ਨਾਲ ਸਾਡੀ ਇੱਕ ਨਵੀਂ ਪਰਿਭਾਸ਼ਾ ਉੱਭਰਦੀ ਹੈ। 'ਮੈਂ ਕੌਣ ਹਾਂ?' ਜਿਹੇ ਸ਼ਾਸ਼ਵਤ ਅਤੇ ਅਧਿਆਤਮਕ ਪ੍ਰਸ਼ਨ ਦਾ ਵੀ ਕੁੱਝ ਉੱਤਰ ਮਿਲ ਸਕਦਾ ਹੈ।
--------------------------------------------------------------------------------
                                                                                                                                           ਸੋਪਾਨ ਜੋਸ਼ੀ

ਜੀਵ ਸ਼ਬਦ ਤੋਂ ਅਸੀਂ ਸਭ ਪਰਿਚਿਤ ਹਾਂ। ਅਣੂ ਤੋਂ ਵੀ ਅਸੀ ਸਾਰੇ ਨਹੀਂ ਤਾਂ ਸਾਡੇ ਵਿੱਚੋਂ ਜ਼ਿਆਦਾਤਰ ਪਰਿਚਿਤ ਹਾਂ ਹੀ। ਪਰ ਜਦ ਇਹ ਦੋਵੇਂ ਜੁੜ ਕੇ ਜੀਵਾਣੂ ਬਣਦੇ ਹਨ ਤਾਂ ਉਹਨਾਂ ਦੇ ਬਾਰੇ ਵਿੱਚ ਸਾਡੇ ਵਿੱਚੋਂ ਮੁੱਠੀ ਭਰ ਲੋਕ ਵੀ ਕੁੱਝ ਜ਼ਿਆਦਾ ਨਹੀਂ ਜਾਣਦੇ।
  ਇਹਨਾਂ ਸੂਖ਼ਮ ਜੀਵਾਣੂਆਂ ਨੂੰ ਸਮਝਣਾ ਸਾਡੇ ਲਈ ਹਾਲੇ ਵੀ ਟੇਢੀ ਖੀਰ ਹੈ। ਕੁੱਝ ਇਸ ਤਰ੍ਹਾ ਕਿ ਸੂਈ ਦੇ ਛੇਕ ਵਿੱਚੋਂ ਇੱਕ ਮੋਟੀ ਰੱਸੀ ਕੱਢਣਾ। ਕੁਦਰਤ ਨੇ ਸਾਨੂੰ ਜਿਹੋ ਜਿਹੀ ਅੱਖ ਦਿਸ ਜਾਂਦੀ ਹੈ ਉਸ ਤੋਂ ਮੰਗਲ ਗ੍ਰਹਿ ਦੀ ਲਾਲਿਮਾ ਤਾਂ ਦਿਖ ਜਾਂਦੀ ਹੈ ਪਰ ਉਹਨਾਂ ਕਰੋੜਾਂ ਜੀਵਾਂ ਦਾ ਰੰਗ ਨਹੀਂ ਦਿਖਦਾ ਜੋ ਸਾਡੀ ਆਪਣੀ ਚਮੜੀ ਉੱਪਰ ਰਹਿੰਦੇ ਹਨ। ਜੇਕਰ ਫੋੜਾ ਹੋ ਜਾਵੇ ਤਾਂ ਉਸਦੀ ਲਾਲੀ ਦੇਖ ਅਸੀਂ ਸੋਚਦੇ ਹਾਂ ਕਿ ਕਿਸੇ ਰੋਗਾਣੂ ਕਰਕੇ ਸੰਕ੍ਰਮਣ ਹੋ ਗਿਆ ਹੋਵੇਗਾ। ਪਰ ਉਹਨਾਂ ਹਜਾਰਾਂ ਜੀਵਾਣੂਆਂ ਨਾਲ ਸਾਡਾ ਪਰਿਚੈ ਵੀ ਨਹੀਂ ਹੁੰਦਾ ਜੋ ਜਖ਼ਮ ਨੂੰ ਜਲਦੀ ਨਾਲ ਭਰਨ ਦੇ ਲਈ ਆ ਬੈਠਦੇ ਹਨ ਅਤੇ ਕਿਸੇ ਨਵੇਂ ਰੋਗਾਣੂ ਨੂੰ ਘਰ ਬਣਾਉਣ ਤੋਂ ਰੋਕਦੇ ਵੀ ਹਨ।
 ਬਦਲੇ ਵਿੱਚ ਉਹਨਾਂ ਨੂੰ ਸਾਡੀ ਚਮੜੀ ਤੋਂ ਖਾਣਾ ਮਿਲਦਾ ਹੈ, ਮ੍ਰਿਤ ਕੋਸ਼ਿਕਾਵਾਂ ਦਾ। ਇਹ ਜੀਵਾਣੂ ਸਾਡੀ ਚਮੜੀ ਦੇ ਪਹਿਰੇਦਾਰ ਹੀ ਨਹੀਂ, ਸਗੋਂ ਚਮੜੀ ਦੇ ਸਫਾਈ ਕਰਮਚਾਰੀ ਵੀ ਹਨ। ਪਰ ਅਸੀ ਇਹਨਾਂ ਨੂੰ ਨਹੀਂ ਜਾਣ ਪਾਉਂਦੇ। ਜੇਕਰ ਇਹ ਸਾਨੂੰ ਸਫਾਈ ਅਤੇ ਪਹਿਰੇਦਾਰੀ ਦਾ ਬਿੱਲ ਭੇਜਣ ਤਾਂ ਸ਼ਾਇਦ ਸਾਨੂੰ ਇਹਨਾਂ ਦੀ ਅਸਲੀ ਕੀਮਤ ਦਾ ਪਤਾ ਲੱਗੇ ਜਾਂ ਉਦੋਂ ਜਦੋਂ ਇਹ ਹੜਤਾਲ ਕਰ ਦੇਣ। ਪਰ ਜੀਵਾਣੂ ਤਾਂ ਆਪਣਾ ਕੰਮ ਨਿਰੰਤਰ ਕਰਦੇ ਰਹਿੰਦੇ ਹਨ, ਚਾਹੇ ਅਸੀ ਇਹਨਾਂ ਨੂੰ ਜਾਣੀਏ ਜਾਂ ਨਾਂ ਜਾਣੀਏ। ਉਹ ਸਾਡੇ ਤੋਂ ਕਦੇ ਪ੍ਰਸ਼ੰਸਾ ਪੱਤਰ ਨਹੀਂ ਮੰਗਦੇ, ਕਦੇ ਆਪਣੇ ਅਧਿਕਾਰਾਂ ਦੇ ਲਈ ਕ੍ਰਾਂਤੀ ਦਾ ਬਿਗਲ ਨਹੀਂ ਵਜਾਉਂਦੇ, ਮਹਿੰਗਾਈ ਭੱਤਾ ਵੀ ਨਹੀਂ ਮੰਗਦੇ। ਚਾਹੇ ਕੰਮ ਕਿੰਨਾ ਵੀ ਮੁਸ਼ਕਿਲ ਹੋਵੇ ਉਹ ਸਹਿਜ ਰੂਪ ਨਾਲ ਉਸਨੂੰ ਕਰਦੇ ਰਹਿੰਦੇ ਹਨ।  ਕੰਮ ਵੀ ਏਨਾ ਮੁਸ਼ਕਿਲ ਕਰਦੇ ਹਨ ਕਿ ਅਸੀਂ ਉਸਨੂੰ ਕਰਨ ਲਈ ਬਹੁਤ ਮਹਿੰਗੇ ਕਾਰਖਾਨੇ ਵੀ ਬਣਾ ਲਈਏ ਤਾਂ ਵੀ ਉਸ ਕਿਫ਼ਾਇਤ, ਉਸ ਸਫ਼ਾਈ ਨਾਲ ਨਹੀਂ ਕਰ ਪਾਵਾਂਗੇ।
    ਕੁਦਰਤ ਦਾ ਵਪਾਰ ਸਹਿਜ ਲੈਣ-ਦੇਣ ਨਾਲ, ਪਰਸਪਰ ਸਹਿਯੋਗ ਨਾਲ ਚੱਲਦਾ ਹੈ, ਇਹ ਕਿਸੇ ਕਾਗਜ਼ ਦੇ ਸਮਝੌਤੇ ਉੱਪਰ ਦਸਤਖ਼ਤ ਕਰਨ ਨਾਲ ਨਹੀਂ ਚੱਲਦਾ। ਇਸ ਵਿੱਚ ਕੋਈ ਵਕੀਲ ਅਤੇ ਕਚਹਿਰੀ ਨਹੀਂ ਹੁੰਦੀ, ਕੋਈ ਹੁੰਡੀ ਜਾਂ ਕਰਜ਼ਾ ਨਹੀਂ ਹੁੰਦਾ। ਉਸਦਾ ਕੋਈ ਸੰਵਿਧਾਨ ਨਹੀਂ ਹੁੰਦਾ ਅਤੇ ਕਿਸੇ ਦੇ ਵੀ ਅਧਿਕਾਰ ਕਾਨੂੰਨ ਵਿੱਚ ਨਹੀਂ ਲਿਖੇ ਹੁੰਦੇ। ਇਸ ਦੁਨੀਆ ਦੀ ਸਹਿਜ ਆਪਸਦਾਰੀ ਸਾਡੇ ਫੈਸਲੇ, ਸਾਡੀ ਚੇਤਨਾ ਤੱਕ ਦੀ ਮੁਹਤਾਜ ਨਹੀਂ ਹੈ।
ਸਾਡੀ ਸਮਝ ਦ ਦਾਇਰਾ ਕੁੱਝ ਛੋਟਾ ਹੈ, ਇਸ ਸੂਖ਼ਮ ਦੁਨੀਆ ਨੂੰ ਸਮਝਣ ਦੇ ਲਈ। ਅਤੇ ਸਾਡੀ ਨਜ਼ਰ ਹੈ ਜਰਾ ਮੋਟੀ। ਵਰਨਾ ਕੀ ਕਾਰਨ ਹੈ ਕਿ ਅਸੀਂ ਆਪਣੀ ਨੱਕ 'ਤੇ ਬੈਠੇ ਜੀਵਨ ਦੇ ਮੂਲ ਨੂੰ ਸਮਝਣ ਦੀ ਬਜਾਏ ਮਹਿੰਗੇ ਤੋਂ ਮਹਿੰਗੇ ਅੰਤਰਿਕਸ਼ ਯਾਨ ਬਣਾ ਕੇ ਧਰਤੀ ਤੋਂ ਦੂਰ ਜੀਵਨ ਲੱਭਦੇ ਫਿਰਦੇ ਹਾਂ? ਕਰੀਏ ਵੀ ਕੀ? ਜੋ ਦਿਖਦਾ ਨਹੀਂ ਉਸ ਉੱਪਰ ਸਾਨੂੰ ਸਰਲ ਵਿਸ਼ਵਾਸ ਨਹੀਂ ਹੁੰਦਾ। ਸੰਤ ਸੂਰਦਾਸ ਨੂੰ ਬਿਨਾਂ ਦ੍ਰਿਸ਼ਟੀ ਦੇ ਜੋ ਦਿਖਿਆ ਸੀ ਉਹ ਤਾਂ ਉਹਨਾਂ ਦੇ ਕਵਿਤ ਤੋਂ ਹੀ ਮਹਿਸੂਸ ਕੀਤਾ ਜਾ ਸਕਦਾ ਹੈ। ਉਹਨਾਂ ਦੀ ਸ਼ਰਧਾ ਉੱਪਰ ਵਿਗਿਆਨਕ ਖੋਜ ਬੇਕਾਰ ਹੀ ਸਿੱਧ ਹੋਵੇਗੀ।
ਸੂਰਦਾਸ ਦੀਆਂ ਅੱਖਾਂ ਵਿੱਚ ਰੌਸ਼ਨੀ ਚਾਹੇ ਨਾ ਵੀ ਰਹੀ ਹੋਵੇ, ਸੰਭਾਵਨਾ ਇਹ ਹੈ ਕਿ ਉਹਨਾਂ ਦੀਆਂ ਪਲਕਾਂ ਉੱਪਰ ਡੇਮੋਡੈਕਸ ਮਾਈਟ ਨਾਮ ਦਾ ਜੀਵਾਣੂ ਜ਼ਰੂਰ ਰਿਹਾ ਹੋਵੇਗਾ। ਉਹ ਇਸ ਪੱਤ੍ਰਿਕਾ ਦੇ ਕਈ ਪਾਠਕਾਂ ਦੀਆਂ ਪਲਕਾਂ ਉੱਪਰ ਵੀ ਬੈਠਾ ਹੋਵੇਗਾ। ਅੱਠ ਪੈਰ ਵਾਲਾ ਇਹ ਸੂਖ਼ਮ ਜੀਵਾਣੂ ਸਾਡੀਆਂ ਪਲਕਾਂ ਦੀ ਜੜ੍ਹ ਦੇ ਆਸ-ਪਾਸ ਵਿੱਚਰਦਾ ਹੈ। ਸਾਡੀ ਉਮਰ ਵਧਣ ਦੇ ਨਾਲ ਡੇਮੋਡੈਕਸ ਦਾ ਸਾਥ ਵੀ ਵਧਦਾ ਜਾਂਦਾ ਹੈ। ਰਾਤ ਨੂੰ ਜਦ ਅਸੀਂ ਸੌ ਜਾਂਦੇ ਹਾਂ ਤਦ ਇਹ ਸਾਡੇ ਚਿਹਰੇ ਦੀ ਚਮੜੀ ਉੱਪਰ ਟਹਿਲਣ ਦੇ ਲਈ ਨਿਕਲਦਾ ਹੈ। ਲੰਬੀ ਦੌੜ ਦਾ ਇਹ ਕੀੜਾ ਇੱਕ ਘੰਟੇ ਵਿੱਚ ਕੋਈ ਇੱਕ ਸੈਂਟੀਮੀਟਰ ਦੀ ਦੂਰੀ ਤੈਅ ਕਰ ਲੈਂਦਾ ਹੈ। ਕਦੇ-ਕਦੇ ਇਹ ਉਤਪਾਤ (ਖਰੂਦ) ਵੀ ਕਰਦਾ ਹੈ, ਉਦੋਂ ਪੁਤਲੀ ਉੱਪਰ ਸੋਜ ਜਾਂ ਲਾਲੀ ਆ ਜਾਂਦੀ ਹੈ। ਪਰ ਜ਼ਿਆਦਾਤਰ ਇਸਦੀ ਉਪਸਥਿਤੀ ਦਾ ਸਾਨੂੰ ਅਹਿਸਾਸ ਨਹੀਂ ਹੁੰਦਾ।
            ਸਾਡੇ ਸ਼ਰੀਰ ਦੇ ਉੱਪਰ ਅਤੇ ਅੰਦਰ ਰਹਿਣ ਵਾਲੇ ਇਹਨਾਂ ਸਚਮੁੱਚ ਅਣਗਿਣਤ ਪ੍ਰਾਣੀਆਂ ਵਿੱਚੋਂ ਡੇਮੋਡੈਕਸ ਦਾ ਆਕਾਰ ਕਾਫ਼ੀ ਵੱਡਾ ਹੈ। ਫਿਰ ਵੀ ਇਹਨਾਂ ਵਿੱਚੋਂ ਜ਼ਿਆਦਾਤਰ ਤਾਂ ਮਾਈਕ੍ਰੋਸਕੋਪ ਦੇ ਹੇਠਾਂ ਵੀ ਮੁਸ਼ਕਿਲ ਨਾਲ ਹੀ ਦਿਖਦੇ ਹਨ। ਇਹਨਾਂ ਦੀ ਸੰਖਿਆ ਸਾਡੇ ਸ਼ਰੀਰ ਦੀਆਂ ਆਪਣੀਆਂ ਕੋਸ਼ਿਕਾਵਾਂ ਨਾਲੋਂ ਦਸ ਗੁਣਾ ਜ਼ਿਆਦਾ ਹੁੰਦੀ ਹੈ। ਵਿਗਿਆਨਕ ਅਨੁਮਾਨ ਲਗਾਉਂਦੇ ਹਨ ਕਿ ਸਾਡੇ ਵਿੱਚੋਂ ਹਰ ਇੱਕ ਦਾ ਸ਼ਰੀਰ ਕੋਈ 90 ਲੱਖ ਕਰੋੜ, ਭਾਵ 9,00,00,00,00,00,000 ਜੀਵਾਣੂਆਂ ਦਾ ਘਰ ਹੈ। ਜੇਕਰ ਤੁਹਾਡਾ ਵਜ਼ਨ 90 ਕਿਲੋਗ੍ਰਾਮ ਮੰਨ ਲਈਏ  ਤਾਂ ਇਸ ਵਿੱਚੋਂ ਇੱਕ ਤੋਂ ਤਿੰਨ ਕਿਲੋਗ੍ਰਾਮ ਵਜ਼ਨ ਤਾਂ ਕੇਵਲ ਤੁਹਾਡੇ ਸ਼ਰੀਰ ਉਪਰ ਜਿਉਣ ਵਾਲੇ ਜੀਵਾਣੂਆਂ ਦਾ ਹੋਵੇਗਾ। ਪਰ ਇਹ ਬੋਝ ਕੋਈ ਬੋਝ ਨਹੀਂ ਹੈ। ਇੱਕਦਮ ਉਠਾਉਣ ਲਾਇਕ ਹੈ ਕਿਉਂਕਿ ਇਸ ਇੱਕ ਕਿਲੋ ਨਾਲ ਬਾਕੀ 89 ਕਿਲੋ ਦਾ ਕੰਮ ਚੱਲਦਾ ਹੈ।
ਜੇਕਰ ਸਾਡੇ-ਤੁਹਾਡੇ ਸ਼ਰੀਰ ਵਿੱਚ, ਹਰ ਸ਼ਰੀਰ ਵਿੱਚ ਜੀਵਾਣੂ ਏਨੀ ਵੱਡੀ ਗਿਣਤੀ ਵਿੱਚ ਹਨ ਤਾਂ ਸਾਨੂੰ ਭਲਾ ਇਹਨਾਂ ਦੀ ਮੌਜ਼ੂਦਗੀ ਦਾ ਅਹਿਸਾਸ ਕਿਉਂ ਨਹੀਂ ਹੁੰਦਾ? ਸਿੱਧਾ ਜਿਹਾ ਕਾਰਨ ਹੈ। ਜੋ ਜੀਵ ਮਾਈਕ੍ਰੋਸਕੋਪ ਦੇ ਹੇਠਾਂ ਵੀ ਮੁਸ਼ਕਿਲ ਨਾਲ ਦਿਖੇ ਉਹਨਾਂ ਨਾਲ ਪਰਿਚੈ ਭਲਾ ਕਿਵੇਂ ਹੋਵੇ? ਉਹਨਾਂ ਦਾ ਕੋਈ ਜਨਸੰਪਰਕ ਵਿਭਾਗ ਵੀ ਤਾਂ ਨਹੀਂ ਹੁੰਦਾ ਜਿਸਦੇ ਬੁਲਾਰੇ ਟੀ.ਵੀ. ਉੱਪਰ ਆ ਕੇ ਬਿਆਨ ਦੇਣ। ਇਹ ਸਨ ਤਾਂ ਸਾਡੇ ਨਾਲ ਵਰਿਆਂ ਤੋਂ ਪਰ ਪਹਿਲੀ ਵਾਰ ਇਹਨਾਂ ਨੂੰ ਅਸੀਂ ਮਾਈਕ੍ਰੋਸਕੋਪ ਦੇ ਹੇਠਾਂ ਅੱਜ ਤੋਂ 336 ਸਾਲ ਪਹਿਲਾਂ ਦੇਖਿਆ ਸੀ। ਪਰ ਇਹਨਾਂ ਦੀ ਜਾਣਕਾਰੀ ਮਿਲਣੀ ਤਾਂ ਸਾਨੂੰ 150 ਸਾਲ ਪਹਿਲਾਂ ਹੀ ਸ਼ੁਰੂ ਹੋਈ। ਇਹਨਾਂ ਜੀਵਾਣੂਆਂ ਦਾ ਪਤਾ ਚੱਲਣ ਤੋਂ ਬਾਅਦ ਵੀ ਇਹਨਾਂ ਨਾਲ ਸਾਡਾ ਪਰਿਚੈ ਇੱਤਰਫ਼ਾ ਹੀ ਰਿਹਾ।
ਜ਼ਿਆਦਾਤਰ ਖੋਜ ਬਿਮਾਰੀ ਫੈਲਾਉਣ ਵਾਲੇ ਰੋਗਾਣੂਆਂ ਉੱਪਰ ਹੀ ਹੋਈ ਹੈ। ਉਹ ਵੀ ਐਂਟੀਬਾਇਓਟਿਕ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੇ ਹੀ ਕੀਤੀ ਹੈ ਕਿਉਂਕਿ ਜਿੰਨੀ ਜਾਣਕਾਰੀ ਰੋਗਾਣੂ ਦੀ ਹੋਵੇ, ਉਨੀ ਹੀ ਦਵਾਈਆਂ ਬਣਾਉਣ ਵਿੱਚ ਆਸਾਨੀ ਹੋ ਜਾਂਦੀ ਹੈ। ਜੋ ਜੀਵਾਣੂ ਕੋਈ ਬਿਮਾਰੀ ਨਹੀਂ ਫੈਲਾਉਂਦੇ ਜਾਂ ਕਹੀਏ ਕਿ ਸਾਡਾ ਫਾਇਦਾ ਹੀ ਕਰਦੇ ਹਨ, ਦਵਾਈਆਂ ਬਣਾਉਣ ਵਾਲਿਆਂ ਨੇ ਉਹਨਾਂ ਦੀ ਅਵਹੇਲਣਾ ਹੀ ਕੀਤੀ ਹੈ। ਖੋਜ ਕਰਨ ਵਾਲਿਆਂ ਦੀ ਦ੍ਰਿਸ਼ਟੀ ਵਿੱਚ ਅਜਿਹਾ ਕੁੱਝ ਹੁੰਦਾ ਹੈ ਕਿ ਉਹਨਾਂ ਨੂੰ ਚੰਗਿਆਈ ਆਸਾਨੀ ਨਾਲ ਨਹੀਂ ਦਿਸਦੀ। ਨਿਰੋਗ ਉੱਪਰ ਖੋਜ ਕਰਨ ਨਾਲ ਮੁਨਾਫ਼ਾ ਕੁੱਝ ਨਹੀਂ ਹੁੰਦਾ। ਮੁਨਾਫ਼ੇ ਦੇ ਲਈ ਬਿਹਤਰ ਹੈ ਕਿ ਰੋਗ ਲੱਭੀਏ ਅਤੇ ਫਿਰ ਉਸ ਰੋਗ ਦਾ ਇਲਾਜ ਲੱਭੀਏ। ਦਵਾਈਆਂ ਵੇਚਣ ਵਾਲੇ ਸਾਡੇ ਸਾਹਮਣੇ ਹਰ ਤਰ੍ਹਾ ਨਾਲ ਜੀਵਾਣੂਆਂ ਨੂੰ ਹਊਆ ਹੀ ਬਣਾ ਕੇ ਪੇਸ਼ ਕਰਦੇ ਹਨ। ਬੈਕਟੀਰੀਆ ਅਤੇ ਵਾਇਰਸ ਦੇ ਨਾਮ ਇਸ ਤਰ੍ਹਾ ਲਏ ਜਾਂਦੇ ਹਨ ਕਿ ਜਿਵੇਂ ਉਹ ਕੋਈ ਆਤੰਕਵਾਦੀ ਸੰਗਠਨ ਹੋਣ। ਇਸ ਨਾਲ ਸਿਹਤਮੰਦ ਵਿਚਾਰ ਫੈਲੇ, ਨਾ ਫੈਲੇ, ਘੋਰ ਅਗਿਆਨ ਜਰੂਰ ਫੈਲਦਾ ਹੈ।
ਵਿਗਿਆਨ ਅਤੇ ਖੋਜ ਦੀ ਦੁਨੀਆ ਵਿੱਚ ਸਾਡੇ ਇਹਨਾਂ ਮਿੱਤਰ ਜੀਵਾਣੂਆਂ ਦੇ ਪ੍ਰਤਿ ਪਿਆਰ ਅਤੇ ਰੁਚੀ ਹਾਲ ਹੀ ਵਿੱਚ ਵਧੀ ਹੈ। ਉਹ ਵੀ ਇਸਲਈ ਕਿ ਐਂਟੀਬਾਇਓਟਿਕ ਦਵਾਈਆਂ ਦਾ ਅਸਰ ਘੱਟ ਹੋਣ ਲੱਗਿਆ ਹੈ। ਰੋਗਾਣੂ ਇਹਨਾਂ ਨੂੰ ਸਹਿਣ ਕਰਨ ਦੀ ਤਾਕਤ ਵਿਕਸਿਤ ਕਰ ਲੈਂਦੇ ਹਨ ਅਤੇ ਮਜ਼ਬੂਤ ਹੋ ਜਾਂਦੇ ਹਨ। ਫਿਰ ਹੋਰ ਨਵੀਂਆਂ ਅਤੇ ਮਹਿੰਗੀਆਂ ਐਂਟੀਬਾਇਓਟਿਕ  ਦਵਾਈਆਂ ਉੱਪਰ ਖੋਜ ਕੀਤੀ ਜਾਂਦੀ ਹੈ। ਇਹਨਾਂ ਖੋਜਾਂ ਦੇ ਦੌਰਾਨ ਵਿਗਿਆਨਕਾਂ ਨੂੰ ਸਮਝ ਆਇਆ ਕਿ ਸ਼ਰੀਰ ਵਿੱਚ ਕਈ ਹੋਰ ਜੀਵਾਣੂ ਹਨ ਅਤੇ ਇਹਨਾਂ ਨਾਲ ਸਾਡਾ ਸੰਬੰਧ ਧਰਤੀ ਉੱਪਰ ਜੀਵਨ ਦੀ ਉਤਪਤੀ ਦੇ ਸਮੇਂ ਤੋਂ ਹੈ।
ਇਹ ਕਹਿਣਾ ਜ਼ਿਆਦਾ ਸਹੀ ਹੋਵੇਗਾ ਕਿ ਇਹ ਸਾਡੇ ਪੁਰਖੇ ਹੀ ਹਨ। ਧਰਤੀ ਉੱਪਰ ਜੀਵਨ ਦਾ ਸਭਤੋਂ ਵਿਆਪਕ ਪ੍ਰਕਾਰ ਸੂਖ਼ਮ ਜੀਵਾਣੂ ਹੀ ਹਨ। ਚਾਹੇ ਬਨਸਪਤੀ ਹੋਵੇ ਜਾਂ ਪਸ਼ੂ- ਜੀਵਾਣੂਆਂ ਦੇ ਬਿਨਾਂ ਕਿਸੇ ਦਾ ਜੀਵਨ ਇੱਕ ਪਲ ਵੀ ਨਹੀਂ ਚੱਲ ਸਕਦਾ।  ਮਿੱਟੀ ਵਿੱਚ ਮੌਜ਼ੂਦ ਜੀਵਾਣੂਆਂ ਦੇ ਬਿਨਾਂ ਪੌਦੇ ਜ਼ਮੀਨ ਤੋਂ ਆਪਣਾ ਖਾਣਾ ਨਹੀਂ ਕੱਢ ਸਕਦੇ। ਬਿਨਾਂ ਜੀਵਾਣੂਆਂ ਦੇ ਮਰੇ ਹੋਏ ਪੌਦੇ ਅਤੇ ਪਸ਼ੂ ਵਾਪਸ ਖਾਦ ਬਣ ਕੇ ਨਵੇਂ ਜੀਵਨ ਵਿੱਚ ਨਹੀਂ ਪਹੁੰਚ ਸਕਦੇ। ਜੀਵਨ ਦੀ ਲੀਲਾ ਦੀ ਸਭਤੋਂ ਪੁਰਾਣੀ, ਸਭਤੋਂ ਬੁਨਿਆਦੀ ਇਕਾਈ ਜੀਵਾਣੂ ਹੀ ਹੈ।
   ਸਾਡੇ ਸ਼ਰੀਰ ਵਿੱਚ ਇਹਨਾਂ ਦਾ ਖ਼ਾਸ ਟਿਕਾਣਾ ਹੈ ਸਾਡਾ ਪਾਚਨ ਤੰਤਰ। ਭਾਵ ਮੂੰਹ, ਪੇਟ ਅਤੇ ਸਾਡੀ ਅੰਤੜੀ। ਇੱਥੇ ਕਰੋੜਾਂ ਜੀਵਾਣੂ ਸਾਡੇ ਭੋਜਨ ਦੇ ਇੱਕ ਸੂਖ਼ਮ ਹਿੱਸੇ ਉੱਪਰ ਪਲਦੇ ਹਨ। ਇਹਨਾਂ ਦੇ ਰਹਿਣ ਨਾਲ ਸਾਨੂੰ ਤਿੰਨ ਵੱਡੇ ਫ਼ਾਇਦੇ ਹਨ।
ਇੱਕ, ਇਹਨਾਂ ਦੀ ਉਪਸਥਿਤੀ ਭੋਜਨ ਨੂੰ ਪਚਾਉਣ ਲਈ ਬਹੁਤ ਅਹਿਮ ਹੈ। ਭੋਜਨ ਵਿੱਚ ਮੌਜ਼ੂਦ ਕਈ ਤਰ੍ਹਾ ਦੇ ਜਟਿਲ ਰਸਾਂ ਨੂੰ ਇਹ ਸਰਲ ਬਣਾਉਂਦੇ ਹਨ, ਇਸ ਰੂਪ ਵਿੱਚ ਲਿਆਉਂਦੇ ਹਨ ਕਿ ਸਾਡੀ ਅੰਤੜੀ ਤੋਂ ਇਹ ਰਸ ਖੂਨ ਵਿੱਚ ਸੋਖਿਆ ਜਾ ਸਕੇ, ਜਿੱਥੋਂ ਉਹ ਸਾਡੇ ਸ਼ਰੀਰ ਦੇ ਹਰ ਹਿੱਸੇ ਵਿੱਚ ਪਹੁੰਚਦਾ ਹੈ। ਜਿਵੇਂ ਫਸਲ ਨੂੰ ਕੱਟ ਕੇ, ਸਾਫ਼ ਕਰਕੇ ਬੋਰੀਆਂ ਵਿੱਚ ਬੰਨਿਆਂ ਜਾਵੇ ਤਾਂਕਿ ਅਨਾਜ ਦੀ ਜਿੱਥੇ ਜਰੂਰਤ ਹੋਵੇ, ਉੱਥੇ ਮਿਲ ਜਾਵੇ। ਕੰਮ ਇਹ ਮਿਹਨਤ ਦਾ ਹੈ, ਜਿਵੇਂ ਕੱਚੀ ਸਮੱਗਰੀ ਤੋਂ ਭੋਜਨ ਤਿਆਰ ਕਰਨਾ। ਜਿਵੇਂ ਕੋਈ ਰਸੋਈਆ ਕੱਚੀ ਸਬਜੀ ਤੋਂ ਸਬਜੀ, ਚੌਲਾਂ ਤੋਂ ਭਾਤ ਅਤੇ ਕਣਕ ਤੋਂ ਰੋਟੀ ਬਣਾਉਂਦਾ ਹੈ, ਉਸੇ ਤਰ੍ਹਾ ਹੀ ਇਹ ਕਰੋੜਾਂ ਜੀਵਾਣੂ ਸਾਡੇ ਖਾਣੇ ਨੂੰ ਪਚਣ ਯੋਗ ਅਤੇ ਸਰਲ ਬਣਾਉਂਦੇ ਹਨ।
ਇਸਨੂੰ ਕਰਨ ਦੇ ਲਈ ਕਈ ਤਰ੍ਹਾ ਦੇ ਰਸਾਇਣ ਚਾਹੀਦੇ ਹਨ। ਸਾਡਾ ਸ਼ਰੀਰ ਏਨੇ ਰਸਾਇਣ ਖ਼ੁਦ ਨਹੀਂ ਬਣਾ ਸਕਦਾ ਸੋ ਉਹ ਇਹਨਾਂ ਜੀਵਾਣੂਆਂ ਨੂੰ ਆਪਣੇ ਅੰਦਰ ਪਾਲਦਾ ਹੈ। ਜੀਵਾਣੂ ਇਹ ਕੰਮ ਵਿਸ਼ਵ ਸਿਹਤ ਸੰਗਠਨ ਜਾਂ ਸਿਹਤ ਮੰਤਰਾਲੇ ਦੇ ਆਦੇਸ਼ ਉੱਪਰ ਨਹੀਂ ਕਰਦੇ। ਉਹਨਾਂ ਨੂੰ ਰੋਟੀ, ਕੱਪੜਾ ਅਤੇ ਮਕਾਨ ਮਿਲਦੇ ਹਨ ਸਾਡੀ ਅੰਤੜੀ ਵਿੱਚ। ਸਾਨੂੰ ਸਭ ਨੂੰ ਇਹ ਅਨੁਭਵ ਹੋ ਚੁੱਕਿਆ ਹੈ ਕਿ ਜਦ ਕਿਸੇ ਰੋਗਾਣੂ ਨੂੰ ਮਾਰਨ ਦੇ ਲਈ ਅਸੀਂ ਐਂਟੀਬਾਇਓਟਿਕ ਦਵਾਈਆਂ ਲੈਂਦੇ ਹਾਂ ਤਾਂ ਸਾਡਾ ਪਾਚਨ ਅਤੇ ਸਵਾਦ, ਦੋਵੇਂ ਵਿਗੜ ਜਾਂਦੇ ਹਨ। ਅਜਿਹਾ ਇਸਲਈ ਹੁੰਦਾ ਹੈ ਕਿਉਂਕਿ ਇਹ ਦਵਾਈਆਂ ਰੋਗਾਣੂਆਂ ਨੂੰ ਮਾਰਨ ਜਾਂ ਨਾ ਮਾਰਨ, ਸਾਡੇ ਮਿੱਤਰ ਜੀਵਾਣੂਆਂ ਨੂੰ ਤਾਂ ਜਰੂਰ ਹੀ ਮਾਰ ਦਿੰਦੀਆਂ ਹਨ। ਜਦੋਂ ਤੱਕ ਇਹ ਸੂਖ਼ਮ ਮਿੱਤਰ ਸਾਡੇ ਸ਼ਰੀਰ ਵਿੱਚ ਮੁੜ ਕੇ ਵਾਪਸ ਨਹੀਂ ਆਉਂਦੇ, ਖਾਣਾ ਪਚਾਉਣਾ ਤਾਂ ਕਠਿਨ ਹੁੰਦਾ ਹੀ ਹੈ, ਮੂੰਹ ਵਿੱਚ ਸਵਾਦ ਵੀ ਨਹੀਂ ਰਹਿੰਦਾ। ਜਿਸਨੂੰ ਅਸੀਂ ਦਵਾਈ ਮੰਨ ਕੇ ਖਾਂਦੇ ਹਾਂ ਉਹ ਨਵੇਂ ਰੋਗਾਂ ਦਾ ਕਾਰਨ ਵੀ ਬਣ ਜਾਂਦੀ ਹੈ।
ਇਹ ਨਵੀਂ ਖੋਜ ਸਮਝਾ ਰਹੀ ਹੈ ਕਿ ਸਾਡਾ ਮੋਟਾ ਹੋਣਾ ਜਾਂ ਨਾ ਹੋਣਾ ਸਾਡੇ ਪੇਟ ਵਿੱਚ ਰਹਿਣ ਵਾਲੇ ਜੀਵਾਣੂਆਂ ਉੱਪਰ ਨਿਰਭਰ ਕਰਦਾ ਹੈ। ਸ਼ਾਇਦ ਤੁਸੀ ਅਜਿਹੇ ਲੋਕਾਂ ਨੂੰ ਜਾਣਦੇ ਹੋਵੋਗੇ  ਜੋ ਬਹੁਤ ਜ਼ਿਆਦਾ ਖਾਂਦੇ ਹਨ ਪਰ ਫਿਰ ਵੀ ਪਤਲੇ ਹੀ ਬਣੇ ਰਹਿੰਦੇ ਹਨ। ਫਿਰ ਅਜਿਹੇ ਲੋਕ ਵੀ ਮਿਲਦੇ ਹਨ ਜਿੰਨਾਂ ਦਾ ਭੋਜਨ ਬਹੁਤ ਜ਼ਿਆਦਾ ਨਹੀਂ ਹੁੰਦਾ ਪਰ ਸ਼ਰੀਰ ਭਾਰੀ ਹੁੰਦਾ ਹੈ। ਸ਼ੂਗਰ ਰੋਗ ਵਿੱਚ ਵੀ ਜੀਵਾਣੂਆਂ ਦਾ ਸੰਤੁਲਨ ਵਿਗੜਣ ਦਾ ਹੱਥ ਦੇਖਿਆ ਜਾਣ ਲੱਗਿਆ ਹੈ। ਸਾਡੇ ਮਨ ਉੱਪਰ, ਖੁਸ਼ੀ-ਗਮੀ ਵਿੱਚ, ਸੁੱਖ-ਦੁੱਖ ਵਿੱਚ ਤਾਂ ਜੀਵਾਣੂਆਂ ਦਾ ਹੱਥ ਹੁੰਦਾ ਹੀ ਹੈ, ਸਾਡੇ ਫੈਸਲੇ ਅਤੇ ਵਿਵੇਕ ਉੱਪਰ ਵੀ ਇਹਨਾਂ ਦਾ ਦਖ਼ਲ ਰਹਿੰਦਾ ਹੈ। ਸਾਡੇ ਪੇਟ ਵਿੱਚ ਰਹਿਣ ਵਾਲਾ ਇੱਕ ਜੀਵਾਣੂ ਹੇਲਿਕੋਬੈਕਟਰ ਪਾਇਲੋਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਕਦੇ-ਕਦੇ ਇਸ ਨਾਲ ਪੇਟ ਦੇ ਕੁੱਝ ਰੋਗ ਹੋ ਜਾਂਦੇ ਹਨ ਜੋ ਕੈਂਸਰ ਜਿਹਾ ਖਤਰਨਾਕ ਰੂਪ ਵੀ ਲੈ ਸਕਦੇ ਹਨ। ਐਂਟੀਬਾਇਓਟਿਕ ਦਵਾਈਆਂ ਨਾਲ ਇਸਨੂੰ ਬਹੁਤ ਘੱਟ ਕਰਨ 'ਤੇ ਪਤਾ ਲੱਗਿਆ ਕਿ ਇਸਦੀ ਮੌਜ਼ੂਦਗੀ ਪੇਟ ਦੀ ਸਿਹਤ ਦੇ ਲਈ ਜਰੂਰੀ ਵੀ ਹੁੰਦੀ ਹੈ ਕਿਉਂਕਿ ਇਹ ਪੇਟ ਦੇ ਤੇਜ਼ਾਬ ਨੂੰ ਕਾਬੂ ਵਿੱਚ ਰੱਖਦਾ ਹੈ ਅਤੇ ਪੇਟ ਦੇ ਬਾਰੀਕ ਰਸਾਇਣ ਸ਼ਾਸ਼ਤਰ ਵਿੱਚ ਵੀ ਚੰਗਾ ਦਖਲ ਰੱਖਦਾ ਹੈ। ਇੱਕ ਤਰ੍ਹਾ ਦੇ ਰੋਗ ਨੂੰ ਘੱਟ ਕਰਨ ਦੇ ਚੱਕਰ ਵਿੱਚ ਅਸੀ ਕਿਸੇ ਹੋਰ ਤਰ੍ਹਾ ਦੇ ਰੋਗ ਵਧਾਉਣ ਲੱਗੇ ਹਾਂ। ਦਵਾਈਆਂ ਉੱਪਰ ਜੋ ਖਰਚ ਵਧਿਆ, ਸੋ ਅਲੱਗ।
ਵਿਗਿਆਨ ਤਾਂ ਹੁਣ ਸਾਡੇ ਵਿੱਚੋਂ ਹਰ ਕਿਸੇ ਦੇ ਸ਼ਰੀਰ ਨੂੰ ਇੱਕ ਅਲੱਗ ਗ੍ਰਹਿ ਦੇ ਰੂਪ ਵਿੱਚ ਦੇਖਦਾ ਹੈ, ਜਿਸ ਉੱਪਰ ਕਈ ਕਰੋੜਾਂ ਪ੍ਰਾਣੀ ਜਿਉਂਦੇ ਹਨ। ਕੁੱਝ ਉਸੇ ਤਰ੍ਹਾ ਹੀ ਜਿਵੇਂ ਧਰਤੀ ਉੱਪਰ ਅਸੀ ਕਈ ਤਰ੍ਹਾ ਦੇ ਰੁੱਖਾਂ-ਪੌਦਿਆਂ ਦੇ ਨਾਲ ਜਿਉਂਦੇ ਹਾਂ। ਅੰਤਰਿਕਸ਼ ਤੋਂ ਦੇਖਣ 'ਤੇ ਜਿੰਨਾਂ  ਮਹੱਤਵ ਸਾਡੇ ਵਜ਼ੂਦ ਦਾ ਹੈ, ਜੀਵਾਣੂਆਂ ਦਾ ਸਾਡੇ ਸ਼ਰੀਰ ਉੱਪਰ ਮਹੱਤਵ ਉਸਤੋਂ ਕਿਤੇ ਜ਼ਿਆਦਾ ਹੈ।  ਅਤੇ ਅੰਤਰਿਕਸ਼ ਤੋਂ ਦੇਖਦੇ ਹੋਏ ਕਿਸੇ ਨੂੰ ਪਛਾਣ ਲੈਣਾ ਜਿੰਨਾ ਮੁਸ਼ਕਿਲ ਹੈ, ਉਨਾਂ ਹੀ ਮੁਸ਼ਕਿਲ ਸਾਡੇ ਸ਼ਰੀਰ ਉੱਪਰ ਰਹਿਣ ਵਾਲੇ ਜੀਵਾਣੂਆਂ ਨੂੰ ਪਛਾਣਨਾ ਹੈ। ਅਲਗ-ਅਲਗ ਇਲਾਕਆਂ ਵਿੱਚ ਰਹਿਣ ਵਾਲੇ ਲੋਕਾਂ ਦੇ ਪੇਟ ਵਿੱਚ ਜੀਵਾਣੂ ਵੀ ਅਲਗ-ਅਲਗ ਤਰ੍ਹਾ ਦੇ ਹੁੰਦੇ ਹਨ। ਹਿਸਦਾ ਇੱਕ ਸੰਬੰਧ ਖਾਣ-ਪੀਣ ਨਾਲ ਵੀ ਹੈ। ਜਿਸ ਤਰ੍ਹਾ ਦਾ ਭੋਜਨ ਇੱਕ ਜਗ੍ਹਾ ਖਾਧਾ ਜਾਂਦਾ ਹੈ, ਉਸਨੂੰ ਪਚਾਉਣ ਵਾਲੇ ਜੀਵਾਣੂ ਵੀ ਖ਼ਾਸ ਹੀ ਹੁੰਦੇ ਹਨ।
ਮਿੱਤਰ ਜੀਵਾਣੂਆਂ ਦਾ ਦੂਸਰਾ ਫਾਇਦਾ ਸਾਨੂੰ ਇਹ ਹੁੰਦਾ ਹੈ ਕਿ ਇਹ ਰੋਗਾਣੂਆਂ ਨੂੰ ਦਬਾ ਕੇ ਰੱਖਦੇ ਹਨ। ਕੁੱਝ ਉਸੇ ਤਰ੍ਹਾ ਹੀ ਜਿਵੇਂ ਕਰੋੜਾਂ ਸੈਨਿਕ ਸਾਡੇ ਸ਼ਰੀਰ ਦੀ ਪਹਿਰੇਦਾਰੀ ਕਰ ਰਹੇ ਹੋਣ। ਕਿਉਂ ਕਰਦੇ ਹਨ ਇਹ ਅਜਿਹਾ? ਕਿਉਂਕਿ ਰੋਗਾਣੂ ਵੀ ਉਸੇ ਭੋਜਨ ਦਾ ਪਿੱਛਾ ਕਰਦੇ ਹਨ ਜਿਸ ਉੱਪਰ ਸਾਡੇ ਇਹ ਸ਼ਾਂਤੀ ਸੈਨਿਕ ਪਲਦੇ ਹਨ। ਜੇਕਰ ਖਾਣਾ ਰੋਗਾਣੂ ਨੂੰ ਮਿਲ ਗਿਆ ਤਾਂ ਇਹ ਕੀ ਖਾਣਗੇ? ਅਤੇ ਫਿਰ ਜੇਕਰ ਰੋਗਾਣੂ ਨੇ ਸਾਨੂੰ ਬਿਮਾਰ ਕਰ ਦਿੱਤਾ ਤਾਂ ਉਸ ਬਿਮਾਰੀ ਦਾ ਅਸਰ ਇਹਨਾਂ ਉੱਪਰ ਵੀ ਹੁੰਦਾ ਹੈ। ਸਾਡੇ ਸਿਹਤਮੰਦ ਰਹਿਣ ਵਿੱਚ ਹੀ ਇਹਨਾਂ ਦੀ ਸਿਹਤ ਹੁੰਦੀ ਹੈ।
ਇਹਨਾਂ ਨਾਲ ਸਾਡਾ ਸੰਬੰਧ ਕਰੋੜਾਂ ਸਾਲਾਂ ਅਤੇ ਲੱਖਾਂ ਪੀੜ੍ਹੀਆਂ ਦਾ ਹੈ। ਸਾਡੀ ਦੋਸਤੀ ਜਨਮਜਾਤ ਹੈ, ਚਾਹੇ ਸਾਨੂੰ ਪਤਾ ਹੋਵੇ ਜਾਂ ਨਾ ਪਤਾ ਹੋਵੇ। ਆਪਣੇ ਦੋਸਤ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਇਹ ਅੱਡੇ ਹਥੀ ਲੈਂਦੇ ਹਨ। ਹਰ ਰੋਜ਼, ਹਰ ਪਲ। ਸਰਲ ਗੱਲ ਨੂੰ ਕਠਿਨ ਬਣਾ ਕੇ ਕਹਿਣ ਨਾਲ ਜੇਕਰ ਜ਼ਿਆਦਾ ਅਸਰ ਪੈਂਦਾ ਹੈ ਤਾਂ ਕਿਹਾ ਜਾ ਸਕਦਾ ਹੈ ਕਿ ਇਹਨਾਂ ਦਾ ਘੋਸ਼ ਵਾਕ ਹੈ- ਅਰਹਨਿਸ਼ੰਸੇਵਾਮਹੇ। ਕਿਉਂਕਿ ਇਹਨਾਂ ਦੀ ਰੁਚੀ ਸਾਡੇ ਵਿੱਚ ਹੈ, ਸਾਨੂੰ ਦਵਾਈਆਂ ਵੇਚਣ ਵਾਲੀਆਂ ਕੰਪਨੀਆਂ ਵਿੱਚ ਨਹੀਂ। ਤਾਂ ਮਿੱਤਰ ਰੋਗਾਣੂਆਂ ਉੱਪਰ ਖੋਜ ਘੱਟ ਹੀ ਹੋਈ ਹੈ। ਬਾਜ਼ਾਰੀ ਚਿਕਿਤਸਾ ਤਾਂ ਹਾਲੇ ਸੌ ਸਾਲ ਪੁਰਾਣੀ ਵੀ ਨਹੀਂ ਹੈ, ਪਰ ਮਨੁੱਖ ਨੂੰ ਵਿਗਿਆਨ ਕੋਈ ਦੋ ਲੱਖ ਸਾਲ ਪੁਰਾਣਾ ਗਿਣਦਾ ਹੈ। ਉਸਤੋਂ ਪਹਿਲਾਂ ਵੀ ਤਾਂ ਸਾਡੇ ਪੂਰਵਜ਼ ਕਿਸੇ ਨਾ ਕਿਸੇ ਰੂਪ ਵਿੱਚ ਰਹੇ ਹੀ ਹੋਣਗੇ। ਸ਼ਰੀਰ ਵਿੱਚ ਰੋਗ ਪ੍ਰਤਿਰੋਧ ਦੇ ਬਿਨਾਂ ਉਹਨਾਂ ਦਾ ਖੁਸ਼ਹਾਲ ਹੋਣਾ ਨਾਮੁਮਕਿਨ ਸੀ। ਜੇਕਰ ਮਨੁੱਖ ਜਾਤੀ ਬਚੀ ਹੈ ਤਾਂ ਇਸਲਈ ਕਿ ਜਿੰਨੇ ਰੋਗ ਫੈਲਾਉਣ ਵਾਲੇ ਕੀਟਾਣੂ ਰਹੇ ਹਨ ਉਸਤੋਂ ਕਿਤੇ ਜ਼ਿਆਦਾ ਮਿੱਤਰ ਜੀਵਾਣੂ ਰਹੇ ਹਨ ਜਿੰਨਾਂ ਦੀ ਖੁਸ਼ਹਾਲੀ ਸਾਡੀ ਖੁਸ਼ਹਾਲੀ ਉੱਪਰ ਹੀ ਟਿਕੀ ਹੋਈ ਸੀ।
ਰੋਗਾਣੂ ਅਤੇ ਮਿੱਤਰ ਜੀਵਾਣੂਆਂ ਦਾ ਸੰਬਧ ਜਾਣਨ ਦੇ ਲਈ ਇੱਕ ਬਿਮਾਰੀ ਦਾ ਕਿੱਸਾ ਦੇਖੋ। ਇਸਨੂੰ ਅੰਗ੍ਰੇਜ਼ੀ ਵਿੱਚ ਕੋਲਾਈਟਸ ਕਹਿੰਦੇ ਹਨ ਅਤੇ ਇਹ ਕਲਾਸਟ੍ਰੋਡਿਅਮ ਡਿਫੀਸਾਇਲ ਨਾਮ ਦੇ ਬੈਕਟੀਰੀਆ ਨਾਲ ਹੁੰਦਾ ਹੈ। ਇਹ ਬੈਕਟੀਰੀਆ ਪਤਾ ਨਹੀਂ ਕਦੋਂ ਤੋਂ ਮਨੁੱਖ ਦੀ ਹੇਠਲੀ ਅੰਤੜੀ ਵਿੱਚ ਘਰ ਕਰੀ ਬੈਠਾ ਸੀ ਪਰ ਉੱਥੇ ਰਹਿਣ ਵਾਲੇ ਮਿੱਤਰ ਜੀਵਾਣੂ ਇਸ ਢੀਠ ਨੂੰ ਕਾਬੂ ਵਿੱਚ ਰੱਖਦੇ ਹਨ, ਇਸਨੂੰ ਖਰੂਦ ਨਹੀਂ ਮਚਾਉਣ ਦਿੰਦੇ। ਇਸ ਰੋਗਾਣੂ ਨੇ ਐਂਟੀਬਾਇਓਟਿਕ ਦਵਾਈਆਂ ਨੂੰ ਸਹਿਣ ਕਰਨਾ ਸਿੱਖ ਲਿਆ ਹੈ। ਪਰ ਇਸਨੂੰ ਕਾਬੂ ਵਿੱਚ ਰੱਖਣ ਵਾਲੇ ਜੀਵਾਣੂ ਇਹਨਾਂ ਦਵਾਈਆਂ ਨਾਲ ਮਾਰੇ ਜਾਂਦੇ ਹਨ। ਨਤੀਜਾ ਇਹ ਹੁੰਦਾ ਹੈ ਕਿ ਐਂਟੀਬਾਇਓਟਿਕ ਲੈਣ ਤੋਂ ਬਾਅਦ ਇਸ ਰੋਗਾਣੂ ਦਾ ਪ੍ਰਕੋਪ ਵਧ ਜਾਂਦਾ ਹੈ। ਇਸਦੇ ਅਜਿਹੇ ਪ੍ਰਕਾਰ ਵੀ ਬਣ ਗਏ ਹਨ ਜਿੰਨਾਂ ਉੱਪਰ ਸਾਡੀ ਕਿਸੇ ਵੀ ਦਵਾਈ ਦਾ ਅਸਰ ਨਹੀਂ ਹੁੰਦਾ ਹੈ। ਹਾਲ ਹੀ ਵਿੱਚ ਇਸਦਾ ਇੱਕ ਨਵਾਂ ਇਲਾਜ ਲੱਭਿਆ ਗਿਆ ਹੈ। ਕਿਸੇ ਸਿਹਤਮੰਦ ਵਿਅਕਤੀ ਦੇ ਮਲ ਦਾ ਇੱਕ ਛੋਟਾ ਜਿਹਾ ਹਿੱਸਾ ਰੋਗੀ ਦੀ ਅੰਤੜੀ ਤੱਕ ਪਹੁੰਚਾ ਦਿੱਤਾ ਜਾਂਦਾ ਹੈ। ਬਸ, ਮਿੱਤਰ ਜੀਵਾਣੂਆਂ ਦੇ ਪਹੁੰਚਦੇ ਹੀ ਇਸਦਾ ਪ੍ਰਕੋਪ ਘਟ ਜਾਂਦਾ ਹੈ।
 ਜੀਵਾਣੂਆਂ ਦਾ ਤੀਸਰਾ ਫਾਇਦਾ ਮਿਲਦਾ ਹੈ ਸਾਡੇ ਰੋਗਪ੍ਰਤਿਰੋਧ ਤੰਤਰ ਨੂੰ। ਕੁਦਰਤ ਨੇ ਸਾਨੂੰ ਸਹਿਜ ਹੀ ਰੋਗਾਂ ਨਾਲ ਲੜਨ ਦੀ ਜੋ  ਸ਼ਕਤੀ ਦਿੱਤੀ ਹੈ ਉਹ ਕਦੇ ਕਮਜ਼ੋਰ ਵੀ ਪੈਂਦੀ ਹੈ। ਤਦ ਉਸਨੂੰ ਸਬਲ ਮਿਲਦਾ ਹੈ ਜੀਵਾਣੂਆਂ ਤੋਂ। ਜਿਵੇਂ ਜੀਵਾਣੂਆਂ ਉੱਪਰ ਖੋਜ ਘੱਟ ਹੀ ਹੋਈ ਹੈ, ਠੀਕ ਉਸੇ ਤਰ੍ਹਾ ਹੀ ਮਾਂ ਦੇ ਦੁੱਧ ਉੱਪਰ ਵੀ ਖੋਜ ਘੱਟ ਹੀ ਹੋਈ ਹੈ। ਜੋ ਥੋੜ੍ਹੀ ਖੋਜ ਹੋਈ ਵੀ ਹੈ, ਉਹ ਸ਼ਿਸ਼ੂ ਆਹਾਰ ਬਣਾਉਣ ਵਾਲੀਆਂ ਕੰਪਨੀਆਂ ਨੇ ਹੀ ਕੀਤੀ ਹੈ ਜੋ ਮਾਂ ਦੇ ਦੁੱਧ ਦਾ ਬਦਲ ਬਣ ਚੁੱਕੇ ਪੈਕਟ ਜਾਂ ਡਿੱਬੇ ਵਿੱਚ ਦੁੱਧ ਦਾ ਪਾਊਡਰ ਵੇਚਦੀ ਹੈ। ਇਹ ਤਾਂ ਸਭ ਨੂੰ ਪਤਾ ਹੀ ਰਿਹਾ ਹੈ ਕਿ ਮਾਂ ਦੇ ਦੁੱਧ ਉੱਪਰ ਪਲੇ ਬੱਚਿਆਂ ਦੀ ਰੋਗਪ੍ਰਤਿਰੋਧ ਦੀ ਤਾਕਤ ਜ਼ਿਆਦਾ ਹੁੰਦੀ ਹੈ, ਸ਼ਰੀਰ ਕਿਤੇ ਮਜ਼ਬੂਤ ਹੁੰਦਾ ਹੈ। ਪਰ ਇਹ ਕਿਉਂ ਹੁੰਦਾ ਹੈ ਇਹ ਰਹੱਸ ਹੀ ਸੀ।
ਮਾਂ ਦੇ ਦੁੱਧ ਵਿੱਚ ਅਜਿਹੇ ਕਈ ਰਸਾਇਣ ਹੁੰਦੇ ਹਨ ਜੋ ਸ਼ਿਸ਼ੂ ਦਾ ਪੇਟ ਕਿਸੇ ਵੀ ਸੂਰਤ ਵਿੱਚ ਪਚਾ ਹੀ ਨਹੀਂ ਸਕਦਾ। ਵਿਗਿਆਨ ਨੂੰ ਪਤਾ ਨਹੀਂ ਸੀ ਕਿ ਮਾਂ ਦਾ ਸ਼ਰੀਰ ਆਪਣੀ ਏਨੀ ਊਰਜਾ ਕਿਉਂ ਖਰਚ ਕਰਦਾ ਹੈ ਅਜਿਹੇ ਰਸ ਬਣਾਉਣ ਵਿੱਚ ਜਿੰਨਾਂ ਦਾ ਸ਼ਿਸ਼ੂ ਨੂੰ ਕੋਈ ਲਾਭ ਹੀ ਨਹੀਂ। ਇਸਦਾ ਜਵਾਬ ਹਾਲ ਹੀ ਵਿੱਚ ਕੁੱਝ ਵਿਗਿਆਨਕਾਂ ਨੇ ਖੋਜਿਆ ਹੈ। ਉਹਨਾਂ ਨੇ ਪਾਇਆ ਕਿ ਇਹ ਰਸ ਉਹਨਾਂ ਜੀਵਾਣੂਆਂ ਨੂੰ ਪਾਲਦਾ ਹੈ ਜੋ ਸ਼ਿਸ਼ੂ ਦੇ ਪੇਟ ਵਿੱਚ ਰੋਗਾਣਾਂ ਨਾਲ ਲੜਦੇ ਹਨ ਅਤੇ ਸ਼ਿਸ਼ੂ ਦੇ  ਆਪਣੇ ਰੋਗਪ੍ਰਤਿਰੋਧ ਨੂੰ ਸਹਾਰਾ ਦਿੰਦੇ ਹਨ। ਮਾਂ ਦਾ ਦੁੱਧ ਇਹਨਾਂ ਸੁਰੱਖਿਅਕਾਂ ਨੂੰ ਵੀ ਪਾਲਦਾ ਹੈ। ਮਾਂ ਦਾ ਦੁੱਧ ਮਿਲਣ ਤੋਂ ਪਹਿਲਾਂ ਹੀ ਸ਼ਿਸ਼ੂ ਨੂੰ ਫਾਇਦੇਮੰਦ ਜੀਵਾਣੂ ਮਾਂ ਦੇ ਸ਼ਰੀਰ ਤੋਂ ਜਨਮ ਦੇ ਸਮੇਂ ਤੋਂ ਹੀ ਮਿਲਣੇ ਸ਼ੁਰੂ ਹੋ ਜਾਂਦੇ ਹਨ।
ਪਰ ਇਸ ਵਿਸ਼ੇ ਉੱਪਰ ਖੋਜ ਕਰਨ ਨਾਲ ਮਾਂ ਦਾ ਕਰਜ਼ ਨਹੀ ਖਤਮ ਹੋ ਜਾਂਦਾ। ਉਸਦੇ ਲਈ ਤਾਂ ਸਾਨੂੰ ਆਪਣੇ ਆਚਰਣ ਵਿੱਚ ਸ਼ਰਧਾ ਲਿਆਉਣੀ ਪਏਗੀ। ਅੱਜਕੱਲ ਜਦ ਕੁੱਝ ਲੋਕ ਆਪਣੇ ਬੁੱਢੇ ਮਾਤਾ-ਪਿਤਾ ਨੂੰ ਭੁੱਲ ਜਾਂਦੇ ਹਨ ਤਾਂ ਉਹਨਾਂ ਵਿੱਚ ਕਮੀ ਖੋਜ ਦੀ ਨਹੀਂ, ਸ਼ਰਧਾ ਦੀ ਹੁੰਦੀ ਹੈ। ਧਰਤੀ ਨੂੰ ਵੀ ਹਰ ਸੰਸਕ੍ਰਿਤੀ ਨੇ ਮਾਂ ਦਾ ਹੀ ਰੂਪ ਮੰਨਿਆ ਹੈ।
ਅਸੀ ਪਵਿੱਤਰਤਾ ਦੇ ਨਾਮ 'ਤੇ ਹਰ ਉਹ ਕੰਮ ਕਰਨ ਲੱਗੇ ਹਾਂ ਜਿਸ ਨਾਲ ਮਿੱਟੀ ਦਾ ਸੁਭਾਅ ਵਿਗੜੇ। ਇਸਦਾ ਸਭਤੋਂ ਵੱਡਾ ਉਦਾਹਰਣ ਹੈ ਸੀਵਰੇਜ ਅਤੇ ਬਣਾਵਟੀ ਖਾਦ। ਕੁਦਰਤ ਦਾ ਨਿਯਮ ਹੈ ਕਿ ਜੋ ਜੀਵਨ ਮਿੱਟੀ ਤੋਂ ਰੁੱਖ-ਪੌਦਿਆਂ ਦੇ ਰੂਪ ਵਿੱਚ ਉੱਗਦਾ ਹੈ ਉਹ ਪ੍ਰਾਣੀਆਂ ਦੇ ਪੇਟ ਤੋਂ ਹੁੰਦਾ ਹੋਇਆ ਵਾਪਸ ਮਿੱਟੀ ਵਿੱਚ ਮਲ-ਮੂਤਰ ਦੇ ਰੂਪ ਵਿੱਚ ਜਾਵੇ। ਮਿੱਟੀ ਵਿੱਚ ਅਜਿਹੇ ਕਰੋੜਾਂ ਜੀਵਾਣੂ ਬੈਠੇ ਰਹਿੰਦੇ ਹਨ ਜੋ ਸਾਡੇ ਮਲ-ਮੂਤਰ ਉੱਪਰ ਜਿਉਂਦੇ ਹਨ ਅਤੇ ਉਸਨੂੰ ਵਾਪਸ ਪੌਦਿਆਂ ਦਾ ਖਾਣਾ ਬਣਾ ਦਿੰਦੇ ਹਨ। ਇਹ ਜੀਵਨ ਦੀ ਸਹਿਜ ਲੀਲਾ ਹੈ ਅਤੇ ਸਾਡਾ ਜੀਵਨ ਇਸੇ ਨਾਲ ਚਲਦਾ ਹੈ। ਹਜਾਰਾਂ ਪੀੜ੍ਹੀਆਂ ਤੋਂ ਮਨੁੱਖ ਦਾ ਮਲ-ਮੂਤਰ ਇਸ ਸੁੰਦਰ ਲੀਲਾ ਦੀ ਇੱਕ ਕੜੀ ਰਿਹਾ ਹੈ। ਮਿੱਟੀ ਦੀ ਉਪਜਾਊ ਸ਼ਕਤੀ ਦਾ ਇੱਕ ਸ੍ਰੋਤ ਇਹ ਵੀ ਰਿਹਾ ਹੈ।
 ਪਰ ਯੂਰਪ ਦੇ ਸ਼ਹਿਰਾਂ ਵਿੱਚ ਅੱਜ ਤੋਂ 150 ਸਾਲ ਪਹਿਲਾਂ ਉੱਥੋਂ ਦੀ ਘੋਰ ਗੰਦਗੀ ਘੱਟ ਕਰਨ ਦੇ ਲਈ ਵੱਡੇ-ਵੱਡੇ ਸੀਵਰੇਜ ਬਣੇ। ਪਹਿਲਾਂ ਯੂਰਪ ਦੇ ਸ਼ਹਿਰਾਂ ਵਿੱਚ ਮਲ-ਮੂਤਰ ਸੜਕਾਂ ਉੱਪਰ ਵਹਿੰਦਾ ਸੀ। ਕੁੱਝ ਲੋਕ ਤਾਂ ਇਹ ਮੰਨਦੇ ਹਨ ਕਿ ਉੱਚੀ ਅੱਡੀ ਦੇ ਜੁੱਤਿਆਂ ਦਾ ਇਸਤੇਮਾਲ ਇਸ ਨਰਕ ਤੋਂ ਬਚਣ ਦੇ ਲਈ ਹੀ ਹੋਇਆ ਸੀ, ਜੋ ਬਾਅਦ ਵਿੱਚ ਫੈਸ਼ਨ ਬਣ ਗਿਆ। ਯੂਰਪ ਦੀਆਂ ਨਦੀਆਂ ਦੀ ਹਾਲਤ ਉਦੋਂ ਸਾਡੀ ਅੱਜ ਦੀ ਗੰਗਾ-ਯਮੁਨਾ ਤੋਂ ਬਹੁਤ ਬਿਹਤਰ ਨਹੀਂ ਸੀ। ਸੀਵਰੇਜ ਬਣਾ ਕੇ ਅਤੇ ਆਪਣੇ ਲੋਕਾਂ ਨੂੰ ਅਮਰੀਕਾ ਜਿਹੇ ਦੂਸਰੇ ਮਹਾਂਦੀਪਾਂ ਉੱਪਰ ਭੇਜ ਕੇ ਆਪਣੀ ਆਬਾਦੀ ਘਟਾ ਕੇ ਯੂਰਪ ਨੇ ਆਪਣੇ ਸ਼ਹਿਰ ਸਾਫ ਜਰੂਰ ਕਰ ਲਏ ਹਨ। ਪਰ ਇਸਦੀ ਕੀਮਤ ਉਹਨਾਂ ਦੀਆਂ ਨਦੀਆਂ ਨੇ ਚੁਕਾਈ ਹੈ। ਦੁਨੀਆਂ ਵਿੱਚ ਹੁਣ ਤੱਕ ਅਜਿਹਾ ਕੋਈ ਸੀਵਰੇਜ ਤੰਤਰ ਨਹੀਂ ਬਣਿਆ ਜੋ ਜਲ ਸ੍ਰੋਤਾਂ ਨੂੰ ਦੂਸ਼ਿਤ ਨਾ ਕਰੇ। ਅੱਜ ਸ਼ਹਿਰ ਆਪਣੇ ਜਲ ਸ੍ਰੋਤ ਆਪਣੇ ਮਲ-ਮੂਤਰ ਨਾਲ ਵਿਗਾੜ ਦਿੰਦੇ ਹਨ, ਫਿਰ ਦੂਰ-ਦੂਰ ਤੋਂ ਕਿਸੇ ਹੋਰ ਦਾ ਪਾਣੀ ਖੋਹ ਕੇ ਲਿਆਉਂਦੇ ਹਨ।
ਦੂਜੇ ਪਾਸੇ ਖਾਦ ਦੀ ਕਮੀ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਘਟੀ ਤਾਂ ਬਣਾਵਟੀ ਖਾਦ (ਯੂਰੀਆ, ਡੀ ਏ ਪੀ) ਬਣਾ ਲਈ ਗਈ। ਇਸ ਖਾਦ ਨਾਲ ਮਿੱਟੀ ਦਾ ਠੀਕ ਉਹੀ ਹਾਲ ਹੋ ਰਿਹਾ ਹੈ ਜੋ ਸਾਡੇ ਸ਼ਰੀਰ ਵਿੱਚ ਐਂਟੀਬਾਇਓਟਿਕ ਦਵਾਈਆਂ ਨਾਲ ਹੋ ਰਿਹਾ ਹੈ। ਮਿੱਤਰ ਜੀਵਾਣੂ ਘਟ ਰਹੇ ਹਨ ਅਤੇ ਰੋਗਾਣੂ ਦਿਨ ਪ੍ਰਤਿ ਦਿਨ ਅਤੇ ਜ਼ਿਆਦਾ ਤਾਕਤਵਰ ਬਣਦੇ ਜਾ ਰਹੇ ਹਨ। ਬਣਾਵਟੀ ਖਾਦ ਵਿੱਚ ਕੁੱਲ ਜਿੰਨੇ ਤੱਤ ਹੁੰਦੇ ਹਨ, ਉਹਨਾਂ ਦਾ ਇੱਕ ਛੋਟਾ ਅੰਸ਼ ਭਰ ਪੌਦੇ ਨੂੰ ਮਿਲਦਾ ਹੈ। ਕਿਉਂਕਿ ਉਸਨੂੰ ਪਚਾ ਕੇ ਪੌਦੇ ਦੇ ਇਸਤੇਮਾਲ ਲਾਇਕ ਬਣਾਉਣ ਦੇ ਲਈ ਜੀਵਾਣੂ ਉਸ ਵਿੱਚ ਨਹੀਂ ਹੁੰਦੇ। ਜੀਵਾਣੂਆਂ ਨੂੰ ਰਹਿਣ ਦੇ ਲਈ ਘਰ ਅਤੇ ਖਾਣ ਦੇ ਲਈ ਭੋਜਨ ਚਾਹੀਦਾ ਹੈ। ਉਹ ਉਹਨਾਂ ਨੂੰ ਜੀਵਿਤ ਚੀਜਾਂ ਦੇ ਸੜਨ-ਗਲਣ ਨਾਲ ਹੀ ਮਿਲਦਾ ਹੈ। ਠੀਕ ਜਿਵੇਂ ਸਾਡੇ ਪੇਟ ਦੇ ਅੰਦਰ ਹੁੰਦਾ ਹੈ।
ਬਣਾਵਟੀ ਖਾਦ ਦਾ ਵੱਡਾ ਹਿੱਸਾ ਜਲ ਸ੍ਰੋਤਾਂ ਵਿੱਚ ਵਹਿ ਜਾਂਦਾ ਹੈ, ਜਿੱਥੇ ਉਹ ਸਾਡੇ ਮਲ-ਮੂਤਰ ਨਾਲ ਮਿਲਕੇ ਪ੍ਰਦੂਸ਼ਣ ਕਰਦਾ ਹੈ। ਸੀਵਰੇਜ ਨੂੰ ਸਾਫ ਕਰਨ ਦੇ ਲਈ ਸੰਯੰਤ੍ਰ ਤਾਂ ਹੋਰ ਵੀ ਵੱਡੇ ਖਤਰੇ ਬਣਦੇ ਜਾ ਰਹੇ ਹਨ। ਇੱਥੇ ਰੋਗਾਣੂਆਂ ਨੂੰ ਘੱਟ ਮਾਤਰਾ ਵਿੱਚ ਉਹ ਐਂਟੀਬਾਇਓਟਿਕ ਮਿਲਦੇ ਹਨ ਜੋ ਪੇਸ਼ਾਬ ਦੇ ਰਸਤੇ ਉੱਥੇ ਪਹੁੰਚਦੇ ਹਨ। ਰੋਗਾਣੂਆਂ ਨੂੰ ਇਹਨਾਂ ਵਿਰੁੱਧ ਸ਼ਕਤੀ ਵਿਕਸਿਤ ਕਰਨ ਦਾ ਜਿਹੋ ਜਿਹਾ ਮੌਕਾ ਇੱਥੇ ਮਿਲਦਾ ਹੈ, ਉਹ ਹੋਰ ਕਿੱਧਰੇ ਨਹੀਂ ਮਿਲਦਾ। ਹੁਣ ਇਹ ਗੱਲ ਵੀ ਸਾਹਮਣੇ ਆਉਣ ਲੱਗੀ ਹੈ ਕਿ ਸੀਵਰੇਜ ਸਾਫ਼ ਕਰਨ ਦੇ ਸੰਯੰਤ੍ਰ ਮਹਾਂਬਲੀ ਜਾਂ ਬਾਹੂਬਲੀ ਰੋਗਾਣੂ (ਅੰਗ੍ਰੇਜੀ ਵਿੱਚ 'ਸੁਪਰ ਬੱਗ) ਬਣਾਉਣ ਦੇ ਕਾਰਖਾਨੇ ਬਣਦੇ ਜਾ ਰਹੇ ਹਨ। ਇਹਨਾਂ ਰੋਗਾਣੂਆਂ ਨਾਲ ਹੋਦ ਵਾਲੇ ਰੋਗ ਲਾਇਲਾਜ ਹਨ। ਹਾਲ ਹੀ ਵਿੱਚ ਅਜਿਹਾ ਇੱਕ ਰੋਗਾਣੂ ਮਿਲਿਆ ਸੀ ਜਿਸਦਾ ਨਾਮ 'ਨਵੀਂ ਦਿੱਲੀ' ਉੱਪਰ ਰੱਖਿਆ ਗਿਆ। ਫਿਰ ਖੂਬ ਵਿਵਾਦ ਹਇਆ। ਵਿਵਾਦ ਵੀ ਨਾਮ ਉੱਪਰ ਹੀ ਹੋਇਆ, ਸਾਡੇ ਆਚਰਣ ਉੱਪਰ ਨਹੀਂ।
ਯੂਰਪ ਦੀ ਇਸੀ ਸੀਵਰੇਜ ਮਾਨਸਿਕਤਾ ਨੂੰ ਅਸੀਂ ਵਿਕਾਸ ਦੀ ਉਚਾਈ ਮੰਨ ਲਿਆ ਹੈ। ਅੱਜ ਕੱਲ ਸਾਡੀ ਸਰਕਾਰ ਦੇਸ਼ ਨੂੰ ਖੁੱਲ੍ਹੇ ਵਿੱਚ ਮਲ-ਮੁਤਰ ਤਿਆਗਣ ਜਾਣ ਤੋਂ ਮੁਕਤ ਕਰਨ ਦੀ ਅਥਾਹ ਕੋਸ਼ਿਸ਼ ਕਰ ਰਹੀ ਹੈ। ਜੇਕਰ ਹਰ ਕਿਸੇ ਦੇ ਕੋਲ ਸੀਵਰੇਜ ਜਾਂ ਟਾਇਲਟ ਹੋਵੇਗਾ ਤਾਂ ਸਾਡੇ ਜਲ ਸ੍ਰੋਤਾਂ ਦਾ ਕੀ ਹੋਵੇਗਾ ਇਹ ਗੱਲ ਸਰਕਾਰ ਕਦੇ ਵੀ ਨਹੀਂ ਸੋਚਣਾ ਚਾਹੁੰਦੀ। ਸ਼ਾਇਦ ਇਸਲਈ ਕਿ ਨਿਰਮਲ ਭਾਰਤ ਪਰਿਯੋਜਨਾ ਸਾਡੀ ਸ਼ਰਮ ਤੋਂ ਉਪਜੀ ਹੈ, ਸਾਡੇ ਵਿਵੇਕ ਤੋਂ ਨਹੀਂ। ਸਾਨੂੰ ਖੁੱਲ੍ਹੇ ਵਿੱਚ ਮੂਤਰ ਤਿਆਗ ਲਈ ਜਾਣ ਵਿੱਚ ਤਾਂ ਸ਼ਰਮ ਦਿਖਦੀ ਹੈ ਪਰ ਆਪਣੀਆਂ ਨਦੀਆਂ ਅਤੇ ਤਾਲਾਬਾਂ ਨੂੰ ਸੀਵਰੇਜ ਬਣਾਉਣ ਵਿੱਚ ਕੋਈ ਸ਼ਰਮ ਨਹੀਂ ਲੱਗਦੀ। ਜਿੰਨਾਂ ਸ਼ਹਿਰਾਂ ਵਿੱਚ ਸਾਡੀਆਂ ਸਰਕਾਰਾਂ ਬੈਠਦੀਆਂ ਹਨ ਉਹ ਸ਼ਹਿਰ ਦੂਰ ਦੇ ਪਿੰਡਾਂ ਦਾ ਸਾਫ਼ ਪਾਣੀ ਖੋਹ ਲਿਆਉਂਦੇ ਹਨ। ਜੋ ਦਿਖਦਾ ਨਹੀਂ ਹੈ ਉਸਦੀ ਚਿੰਤਾ ਵੀ ਨਹੀਂ ਹੁੰਦੀ। ਪਰ ਬੇਸ਼ਰਮੀ ਤਾਂ ਸਾਡੇ ਸ਼ਹਿਰਾਂ ਵਿੱਚ ਜੋ ਦਿਖਦਾ ਹੈ ਉਸਦੀ ਵੀ ਹੁੰਦੀ ਹੈ। ਖੁੱਲ੍ਹੇ ਵਿੱਚ ਮੂਤਰ ਤਿਆਗ ਲਈ ਜਾਣਾ ਸ਼ਰਮ ਦਾ ਕਾਰਨ ਬਣਦਾ ਹੈ। ਸ਼ਹਿਰ ਭਰ ਦਾ ਮੈਲਾ, ਗੰਦ ਨਦੀ-ਤਲਾਬ ਵਿੱਚ ਸੁੱਟਣ ਵਿੱਚ ਸਾਨੂੰ ਕੋਈ ਸ਼ਰਮ ਨਹੀਂ ਆਉਂਦੀ।
ਇਸ ਵਿੱਚ ਵੀ ਖੋਜ ਅਤੇ ਸ਼ਰਧਾ ਦਾ ਫਰਕ ਦਿਖਦਾ ਹੈ, ਮਾਂ ਦੇ ਕਰਜ਼ ਦੇ ਪ੍ਰਤਿ। ਗੰਗਾ ਨੂੰ ਅਸੀਂ ਆਪਣੀ ਮਾਂ ਮੰਨਿਆਂ ਹੈ ਪਰ ਖੋਜ ਤੋਂ ਹੀ ਉਸਦੇ ਪਾਣੀ ਦੇ ਬਾਰੇ ਵਿੱਚ ਜੋ ਸੌ ਸਾਲ ਪਹਿਲਾਂ ਪਤਾ ਚੱਲਿਆ ਸੀ, ਉਸਤੋਂ ਅਸੀ ਮੂੰਹ ਫੇਰੀ ਬੈਠੇ ਹਾਂ। ਗੰਗਾ ਦਾ ਜਲ ਘਰ ਵਿੱਚ ਵਰਿਆਂ ਤੱਕ ਰੱਖੇ ਰੱਖਣ 'ਤੇ ਵੀ ਖਰਾਬ ਕਿਉਂ ਨਹੀਂ ਹੁੰਦਾ- ਇਹ ਸਮਝਣ ਦੀ ਕੋਸ਼ਿਸ਼ ਸੰਨ 1896 ਵਿੱਚ ਇੱਕ ਅੰਗਰੇਜ਼ ਡਾਕਟਰ ਹਨਬਰੀ ਹਨਕਿਨ ਨੇ ਕੀਤੀ ਸੀ। ਉਹ ਜਾਣਨਾ ਚਾਹੁੰਦੇ ਸਨ ਕਿ ਗੰਗਾ ਜਲ ਵਿੱਚ ਹੈਜ਼ੇ ਦੇ ਰੋਗਾਣੂ ਤਿੰਨ ਘੰਟੇ ਵਿੱਚ ਹੀ ਖਤਮ ਕਿਵੇਂ ਹੋ ਜਾਂਦੇ ਹਨ। ਇਹ ਗੱਲ ਸਾਡੇ ਪਿੰਡਾਂ ਦੇ ਲੋਕ ਹੀ ਨਹੀਂ, ਸਗੋਂ ਈਸਟ ਇੰਡੀਆ ਕੰਪਨੀ ਦੇ ਕਾਰਿੰਦੇ ਵੀ ਜਾਣਦੇ ਸਨ। ਇਸਲਈ ਲੰਦਨ ਵਾਪਸ ਜਾਂਦੇ ਸਮੇਂ ਉਹ ਪਾਣੀ ਦੇ ਜਹਾਜ਼ ਵਿੱਚ ਗੰਗਾ ਦਾ ਪਾਣੀ ਹੀ ਰੱਖਦੇ ਸਨ। ਸ਼੍ਰੀ ਹਨਬਰੀ ਦੀ ਖੋਜ ਤੋਂ ਵਿਗਿਆਨ ਦੀ ਇੱਕ ਨਵੀਂ ਵਿਧਾ ਬਣੀ। ਇਸਤੋਂ ਅਜਿਹੇ ਵਾਇਰਸ ਦੀ ਖੋਜ ਹੋਈ ਜੋ ਬੈਕਟੀਰੀਆ ਨੂੰ ਖਤਮ ਕਰਦੇ ਹਨ। ਵਿਗਿਆਨ ਇਹਨਾਂ ਨੂੰ 'ਫੈਜ਼' ਜਾਂ 'ਬੈਕਟੀਰੀਓਫੈਜ਼' ਕਹਿੰਦਾ ਹੈ।
ਗੰਗਾ ਜਲ ਵਿੱਚ 'ਫੈਜ਼' ਦੀ ਮਾਤਰਾ ਬਹੁਤ ਜ਼ਿਆਦਾ ਰਹੀ ਹੈ। ਸਾਡੇ ਪੂਰਵਜ਼ਾਂ ਨੇ ਚਾਹੇ ਖੋਜ ਨਾ ਕੀਤੀ ਹੋਵੇ, ਗੰਗਾ ਜਲ ਦਾ ਇਹ ਕਮਾਲ ਤਾਂ ਦੇਖਿਆ ਹੀ ਹੋਵੇਗਾ। ਇਸਲਈ ਗੰਗਾ ਜਲ ਨੂੰ ਮਾਂ ਦੇ ਦੁੱਧ ਦੀ ਤਰ੍ਹਾ ਦੇਖਿਆ ਜਾਂਦਾ ਰਿਹਾ ਹੈ। ਕੀ ਪਤਾ, ਇਸੇ ਲਈ ਲੋਕ ਗੰਗਾ ਜਲ ਲਿਆ ਕੇ ਆਪਣੇ ਤਲਾਬਾਂ ਅਤੇ ਖੂਹਾਂ ਵਿੱਚ ਪਾਉਂਦੇ ਸਨ ਤਾਂਕਿ ਗੰਗਾ ਜਲ ਨੂੰ ਸਾਫ਼ ਰੱਖਣ ਵਾਲੇ ਤੱਤ ਉਹਨਾਂ ਦੇ ਤਲਾਬਾਂ ਅਤੇ ਖੂਹਾਂ ਵਿੱਚ ਫੈਲਣ ਅਤੇ ਉਸ ਪਾਦੀ ਨੂੰ ਵੀ ਨਿਰਦੋਸ਼ ਬਣਾਈ ਰੱਖਣ। ਪਰ ਜਿਸ ਵਿਗਿਆਨ ਦੀ ਖੋਜ ਤੋਂ ਗੰਗਾ ਦੇ ਬਾਰੇ ਵਿੱਚ ਸਾਨੂੰ ਇਹ ਜਾਣਕਾਰੀ ਮਿਲੀ ਹੈ, ਉਸੀ ਵਿਗਿਆਨ ਨੇ ਸਾਨੂੰ ਗੰਗਾ ਵਿੱਚ ਆਪਣਾ ਸੀਵਰੇਜ ਵਹਾਉਣ ਦੇ ਲਈ ਵੀ ਰਾਜੀ ਕਰ ਲਿਆ ਹੈ। ਸਰਕਾਰਾਂ ਤਾਂ ਇਸੇ ਨੂੰ ਵਿਕਾਸ ਮੰਨਦੀਆਂ ਹਨ।
 ਇਹ ਅਜ਼ਬ ਖੋਜ ਹੈ ਜੋ ਪਹਿਲਾਂ ਸਾਡੀ ਸ਼ਰਧਾ ਨੂੰ ਪਾਟਦੀ ਹੈ ਅਤੇ ਫਿਰ ਸਾਨੂੰ ਦੱਸਦੀ ਹੈ ਕਿ ਸਾਡੀ ਸ਼ਰਧਾ ਦਾ ਵਿਗਿਆਨਕ ਕਾਰਨ ਕੀ ਹੈ! ਜੀਵਾਣੂਆਂ ਦੇ ਜੋ ਥੋੜ੍ਹੇ  ਬਹੁਤ ਗੁਣ ਸਾਨੂੰ ਪਤਾ ਚੱਲੇ ਹਨ ਉਹ ਉਦੋਂ ਪਤਾ ਚੱਲੇ ਹਨ ਜਦ ਅਸੀਂ ਆਪਣੇ ਸ਼ਰੀਰ ਐਂਟੀਬਾਇਓਟਿਕ ਦਵਾਈਆਂ ਦੇ ਹਵਾਲੇ ਕਰ ਦਿੱਤੇ ਹਨ। ਵਿਗਿਆਨ ਦੀ ਇੱਕ ਹੋਰ ਵਿਧਾ (ਸ਼ਾਖਾ) ਹੈ ਜੋ ਕਹਿੰਦੀ ਹੈ ਕਿ ਜੀਵਾਣੂ ਅਤੇ ਰੋਗਾਣੂ ਦੀ ਇਸ ਲੀਲਾ ਨੂੰ ਮਿਟਾਉਣ ਦੀ ਕੋਸ਼ਿਸ਼ ਵਿੱਚ ਅਸੀਂ ਨਵੇਂ ਤਰ੍ਹਾ ਦੇ ਰੋਗਾਂ ਵਿੱਚ ਫਸ ਰਹੇ ਹਾਂ। ਇਹਨਾਂ ਨੂੰ ਅਲਰਜੀ ਕਿਹਾ ਜਾਂਦਾ ਹੈ ਅਤੇ ਇਸਦਾ ਇੱਕ ਰੂਪ ਦਮਾ ਹੈ, ਜੋ ਸਾਡੇ ਸਮਾਜ ਵਿੱਚ ਹੁਣ ਸਭ ਪਾਸੇ, ਸਭ ਉਮਰ ਦੇ ਲੋਕਾਂ ਵਿੱਚ ਵਧ ਰਿਹਾ ਹੈ। ਅਜਿਹਾ ਮੰਨਿਆਂ ਜਾਂਦਾ ਹੈ ਕਿ ਮਿੱਟੀ ਵਿੱਚ ਪਲਣ-ਖੇਡਣ ਵਾਲੇ ਬੱਚਿਆਂ ਨੂੰ ਦਮਾ ਹੋਣ ਦੀ ਆਸ਼ੰਕਾ ਘੱਟ ਹੀ ਹੁੰਦੀ ਹੈ ਕਿਉਂਕਿ ਉਹਨਾਂ ਦਾ ਸ਼ਰੀਰ ਉਸ ਮਿੱਟੀ ਦੇ ਕੋਲ ਰਹਿੰਦਾ ਹੈ ਜਿਸਤੋਂ ਅਸੀਂ ਬਣੇ ਹਾਂ।
ਸਾਡੇ ਇਸ ਸ਼ਰੀਰ ਨੂੰ ਬਣਾਉਣ ਵਿੱਚ ਕਰੋੜਾਂ ਜੀਵਾਣੂਆਂ ਦੀ ਸੇਵਾ ਲੱਗੀ ਹੈ। ਪਰ ਵਿਗਿਆਨ ਜੋ ਸਾਡਾ ਇਹ ਨਵਾਂ ਸਵਰੂਪ ਦਿਖਾ ਰਿਹਾ ਹੈ, ਉਹ ਏਨਾ ਨਵਾਂ ਵੀ ਨਹੀਂ ਹੈ। ਕਈ ਸੰਸਕ੍ਰਿਤੀਆਂ ਨੇ ਇਸ ਦਰਸ਼ਨ ਨੂੰ ਹੋਰ ਵੀ ਸੁੰਦਰ ਰੂਪ ਵਿੱਚ ਸਮਝਿਆ ਹੈ। ਉਹ ਵੀ ਹਜਾਰਾਂ ਵਰ੍ਹੇ ਪਹਿਲਾਂ।
'ਆਦਮੀ' ਸ਼ਬਦ ਬਣਿਆ ਹੈ ਪੁਰਾਣੇ ਯਹੂਦੀ ਸ਼ਬਦ 'ਅਦਾਮਾ' ਤੋਂ ਜਿਸਦਾ ਅਰਥ ਹੈ ਮਿੱਟੀ। ਅੰਗਰੇਜ਼ੀ ਦਾ 'ਹਿਊਮਨ' ਵੀ ਲੈਟਿਨ ਦੇ 'ਹਿਊਮਸ' ਤੋਂ ਬਣਿਆ ਹੈ ਅਤੇ ਇਸਦਾ ਵੀ ਅਰਥ ਹੈ ਮਿੱਟੀ। ਜਿਸ ਮਿੱਟੀ ਤੋਂ ਅਸੀਂ ਬਣੇ ਹਾਂ ਉਸਦੇ ਪ੍ਰਤਿ ਕੇਵਲ ਖੋਜ ਦਾ ਭਾਵ ਰੱਖਣਾ ਸਾਡਾ ਉਥਲਾਪਣ ਹੀ ਹੋਵੇਗਾ। ਉਸ ਵਿੱਚ ਥੋੜ੍ਹੀ ਜਿਹੀ ਖਾਦ ਸ਼ਰਧਾ ਦੀ ਵੀ ਪਾਉਣੀ ਪਏਗੀ, ਫਿਰ ਤੋਂ।
ਅਸੀ ਕਦੇ ਨਾ ਭੁੱਲੀਏ ਕਿ ਅਸੀਂ ਹਾਂ ਤਾਂ ਮਿੱਟੀ ਦੇ ਹੀ ਪੁਤਲੇ।
ਗਾਂਧੀ ਮਾਰਗ- ਨਵੰਬਰ-ਦਸੰਬਰ 2012 ਵਿਚੋ