Saturday, December 17, 2011

ਸ਼ਹਿਰਾਂ ਵਿੱਚ ਛੱਤ ਉੱਪਰ ਬਗੀਚੀ ਬੁਣਾਉਣਾ

ਜੇਕਰ ਤੁਹਾਡੇ ਕੋਲ ਕੰਪੋਸਟ ਦੀ ਚੰਗੀ ਪੂਰਤੀ ਹੈ ਤਾਂ ਤੁਹਾਡੇ ਲਈ ਆਪਣੀ ਛੱਤ 'ਤੇ ਬਗੀਚੀ ਬਣਾਉਣਾ ਬਹੁਤ ਆਸਾਨ ਹੈ। ਕੰਪੋਸਟ ਬਹੁਤ ਹੀ ਉੱਤਮ ਹੈ ਕਿਉਂਕਿ ਇਹ ਭਾਰ ਵਿੱਚ ਵੀ ਹਲਕੀ ਹੁੰਦੀ ਹੈ ਅਤੇ ਤੱਤਾਂ ਨਾਲ ਭਰਪੂਰ ਹੁੰਦੀ ਹੈ।
ਜੇਕਰ ਤੁਹਾਡੇ ਕੋਲ ਪਲਾਸਟਿਕ ਸ਼ੀਟ ਹੈ ਤਾਂ ਉਸਨੂੰ ਛੱਤ 'ਤੇ ਵਿਛਾ ਕੇ ਉਸ ਉੱਪਰ ਮਿੱਟੀ ਵਿਛਾ ਸਕਦੇ ਹੋ। ਇਹ ਪਾਣੀ ਨੂੰ ਛੱਤ ਵਿੱਚ ਸਿੰਮਣ ਤੋ ਬਚਾਏਗੀ।
ਜਿਸ ਤਰਾਂ ਆਮ ਗਾਰਡਨ ਵਿੱਚ ਸਬਜ਼ੀਆਂ ਲਈ ਬੈੱਡ ਬਣਾਉਂਦੇ ਹਾਂ, ਉਸੇ ਤਰਾਂ ਬੈੱਡ ਬਣਾਉ। ਇਹ ਕਿਸੇ ਵੀ ਆਕਾਰ ਅਤੇ ਲੰਬਾਈ ਦਾ ਬਣਾਇਆ ਜਾ ਸਕਦਾ ਹੈ।  ਇਸਨੂੰ ਆਇਤਾਕਾਰ ਬਣਾਉਣ ਦੀ ਜ਼ਰੂਰਤ ਨਹੀ ਹੈ। ਇਸਨੂੰ ਆਪਣੀ ਛੱਤ ਦੇ ਆਕਾਰ ਨੂੰ ਧਿਆਨ ਵਿੱਚ ਰੱਖ ਕੇ ਬਣਾਉ। ਇੱਕ ਕੋਨੇ ਵਿੱਚ ਵੀ ਬਣਾਇਆ ਜਾ ਸਕਦਾ ਹੈ। ਹਰ ਬੈੱਡ ਘੱਟੋ-ਘੱਟ ਡੇਢ ਮੀਟਰ ਦਾ ਹੋਣਾ ਚਾਹੀਦਾ ਹੈ। ਹਰ ਦੋ ਤੋਂ ਤਿੰਨ ਮੀਟਰ ਬਾਅਦ ਥੋੜ੍ਹਾ ਜਿਹਾ ਰਸਤਾ ਛੱਡੋ ਤਾਂਕਿ ਤੁਸੀ ਬਗੀਚੀ ਦੇ ਵਿਚਕਾਰ ਤੱਕ ਪਹੁੰਚ ਸਕੋ। ਖਾਲੀ ਥਾਂ ਦੀ ਵਧੀਆ ਵਰਤੋਂ ਕਰਨ ਦੀ ਕੋਸ਼ਿਸ਼ ਕਰੋ। ਤੁਸੀਂ 8 ਤੋਂ 20 ਸੈਂਮੀ ਤੱਕ ਗਹਿਰੀ ਜੜ੍ਹ ਵਾਲੇ ਪੌਦੇ ਬੈੱਡਾਂ ਉੱਪਰ ਲਗਾ ਸਕਦੇ ਹੋ।
ਤੁਸੀਂ ਕਈ ਪ੍ਰਕਾਰ ਦੀਆਂ ਸਬਜ਼ੀਆਂ ਛੱਤ ਉੱਪਰ ਉਗਾ ਸਕਦੇ ਹੋ। ਜੜ੍ਹ  ਵਾਲੀਆਂ ਸਬਜ਼ੀਆਂ  ਅਤੇ ਕੱਦੂ ਆਦਿ  ਉਗਾਉਣ ਲਈ ਜ਼ਿਆਦਾ ਗਹਿਰੇ ਬੈੱਡ ਬਣਾਉਣ ਦੀ ਜ਼ਰੂਰਤ ਪਵੇਗੀ।  ਨਹੀਂ ਤਾਂ ਇਹਨਾਂ ਨੂੰ ਚੌੜੇ ਗਮਲਿਆਂ ਵਿੱਚ ਜਾਂ ਬੋਰਿਆਂ ਵਿੱਚ ਮਿੱਟੀ ਪਾ ਕੇ ਉਗਾਏ ਜਾ ਸਕਦੇ ਹਨ। ਤੁਹਾਨੂੰ ਇਹਨਾਂ ਨੂੰ ਰੋਜ਼ਾਨਾ ਪਾਣੀ ਦਿੰਦੇ ਰਹਿਣਾ ਹੋਵੇਗਾ। ਸਮੇਂ-ਸਮੇਂ ਸਿਰ ਅਤੇ ਜਦ ਤੁਸੀਂ ਜ਼ਰੂਰਤ ਸਮਝੋ  ਕੰਪੋਸਟ ਖਾਦ ਮਿਲਾਉਂਦੇ ਰਹੋ।
ਜੇਕਰ ਤੁਹਾਡੇ ਕੋਲ ਕੰਪੋਸਟ ਨਹੀਂ ਹੈ ਤਾਂ ਤੁਸੀ ਸਬਜ਼ੀਆਂ ਦਾ ਕਚਰਾ, ਘਾਹ-ਫੂਸ ਅਤੇ ਨਦੀਨਾਂ ਆਦਿ ਨੂੰ ਖਾਦ ਬਣਾਉਣ ਲਈ ਵਰਤ ਸਕਦੇ ਹੋ।
ਛੱਤ ਉੱਪਰ ਸਬਜ਼ੀਆਂ ਉਗਾਉਣ ਵਿੱਚ ਅਕਸਰ ਤੇਜ਼ ਹਵਾਵਾਂ ਅਤੇ ਤੇਜ਼ ਧੁੱਪ ਕਰਕੇ ਥੋੜ੍ਹੀ ਦਿੱਕਤ ਆਉਦੀ ਹੈ ਜਿਸਦੇ ਹੱਲ ਲਈ ਆਸੇ-ਪਾਸੇ ਜਾਲੀ ਲਗਾਈ ਜਾ ਸਕਦੀ ਹੈ। ਇਹ ਜਾਲੀ ਦੋ ਤਰਾਂ  ਨਾਲ ਕੰਮ ਕਰੇਗੀ - ਪਹਿਲਾਂ, ਇਹ ਤੇਜ਼ ਹਵਾਵਾਂ ਨੂੰ ਰੋਕੇਗੀ, ਦੂਸਰਾ ਵੇਲ ਵਾਲੀਆਂ ਸਬਜ਼ੀਆਂ ਨੂੰ ਇਹਨਾਂ ਦਾ ਸਹਾਰਾ ਦਿੱਤਾ ਜਾ ਸਕਦਾ ਹੈ ਅਤੇ ਇਹਨਾਂ ਨੂੰ ਇੱਕ ਛੱਤ ਵਾਂਗ ਬਣਾਇਆ ਜਾ ਸਕਦਾ ਹੈ। ਇਸ ਨਾਲ ਹੇਠਾਂ ਵਾਲੀਆਂ ਸਬਜ਼ੀਆਂ ਨੂੰ ਛਾਂ ਵੀ ਮਿਲ ਜਾਵੇਗੀ।
ਸਬਜ਼ੀਆਂ ਲਗਾਉਣ ਲਈ ਟਿਨ ਦੇ ਡੱਬਿਆਂ ਦਾ, ਵੱਡੇ ਕੰਟੇਨਰਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
ਕਈ ਘਰ ਮਿਲ ਕੇ ਘਰ ਦੇ ਕੋਲ ਜਾਂ ਨੇੜੇ ਦੇ ਪਾਰਕ ਵਿੱਚ ਖਾਲੀ ਪਈ ਜਗਾ ਵਿੱਚ ਸਬਜ਼ੀਆਂ ਉਗਾ ਸਕਦੇ ਹਨ। ਇਸ ਤਰਾਂ  ਕਰਨ ਨਾਲ ਜਗਾ ਦਾ ਉੱਤਮ ਉਪਯੋਗ ਕੀਤਾ ਜਾ ਸਕਦਾ ਹੈ।
ਬਗੀਚੀ ਵਿੱਚ ਸਹਾਇਕ ਪੌਦਿਆਂ ਨੂੰ ਲਗਾਉਣਾ
ਸਿਹਤਮੰਦ ਪੌਦਿਆ ਲਈ ਅਤੇ ਉਹਨਾਂ ਨੂੰ ਰੋਗਾਂ ਅਤੇ ਕੀੜਿਆਂ ਤੋ ਬਚਾਉਣ ਲਈ ਸਹਾਇਕ ਪੌਦਿਆਂ ਨੂੰ ਬਗੀਚੀ ਵਿੱਚ ਜ਼ਰੂਰ ਲਗਾਉਣਾ ਚਾਹੀਦਾ ਹੈ। ਜੜ੍ਹੀ -ਬੂਟੀਆਂ ਲਗਾਉਣ ਨਾਲ ਨਾ ਸਿਰਫ ਕੀੜੇ ਕੰਟਰੋਲ ਹੋਣਗੇ ਬਲਕਿ ਸਾਨੂੰ ਵੀ ਰੋਜ਼ਾਨਾ ਜੀਵਨ ਵਿੱਚ ਕੰਮ ਆਉਣ ਵਾਲੀਆਂ ਜੜ੍ਹੀ -ਬੂਟੀਆਂ ਉਪਲਬਧ ਰਹਿਣਗੀਆਂ। ਹੇਠਾਂ ਕੁੱਝ ਜੜ੍ਹੀ -ਬੂਟੀਆਂ ਬਾਰੇ ਦੱਸਿਆ ਜਾ ਰਿਹਾ ਹੈ ਜੋ ਬਗੀਚੀ ਵਿੱਚ ਲਗਾਈਆ ਜਾ ਸਕਦੀਆ ਹਨ।
ਤੁਲਸੀ - ਟਮਾਟਰ ਦਾ ਸਵਾਦ ਵਧਾਉਦੀ ਹੈ ਅਤੇ ਨਾਲ ਹੀ ਉਸਨੂੰ ਰੋਗਾਂ ਅਤੇ ਕੀੜਿਆਂ ਤੋਂ ਬਚਾਉਦੀ ਹੈ।
ਲਹੁਸਣ - ਚੇਪੇ ਨੂੰ ਕਾਬੂ ਕਰਦੀ ਹੈ ਅਤੇ ਟਮਾਟਰ ਦੀਆਂ ਸੁੰਡੀਆਂ ਨੂੰ ਵੀ ਕੰਟਰੋਲ ਕਰਨ ਵਿੱਚ ਮੱਦਦ ਕਰਦੀ ਹੈ।
ਅਜਵਾਇਣ - ਬੰਦ ਗੋਭੀ ਦੇ ਨੇੜੇ ਬੀਜਣ ਤੇ ਇਹ ਬੰਦ ਗੋਭੀ ਨੂੰ ਚਿੱਟੀ ਮੱਖੀ ਅਤੇ ਬੰਦ ਗੋਭੀ ਦੇ ਕੀੜੇ ਤੋ ਬਚਾਉਂਦੀ ਹੈ। ਅਜਵਾਇਣ ਮਧੂ ਮੱਖੀਆਂ ਨੂੰ ਟਮਾਟਰ, ਆਲੂ ਅਤੇ ਬੈਂਗਣ ਵੱਲ ਆਕਰਸ਼ਿਤ ਕਰਦੀ ਹੈ ਜਿਸ ਨਾਲ ਪਰਾਗਣ ਵਿੱਚ ਮੱਦਦ ਮਿਲਦੀ ਹੈ।
ਗੇਂਦਾਂ - ਜੜ੍ਹ  ਵਿੱਚੋ ਇੱਕ ਤਰਲ ਛੱਡਦਾ ਹੈ ਜਿਸ ਨਾਲ ਜੜ੍ਹਾਂ ਨੂੰ ਖਾਣ ਵਾਲੇ ਕੀੜੇ ਖਤਮ ਹੁੰਦੇ ਹਨ।


ਘਰੇਲੂ ਬਗੀਚੀ ਲਗਾਉਣ ਦੇ ਫਾਇਦੇ
ਜਲਵਾਯੂ ਪਰਿਵਰਤਨ ਵਿੱਚ ਫਾਇਦੇ:-

• ਛੱਤ ਵਾਲੀ ਬਗੀਚੀ ਇਮਾਰਤ ਨੂੰ ਅੰਦਰੋ ਜ਼ਿਆਦਾ ਸ਼ਾਂਤ ਅਤੇ ਗਰਮੀਆਂ ਵਿੱਚ ਠੰਡੀ ਅਤੇ ਸਰਦੀਆਂ ਵਿੱਚ ਗਰਮ ਰੱਖ ਕੇ ਊਰਜਾ  ਦੀ ਬੱਚਤ ਵਿੱਚ ਮੱਦਦ ਕਰਦੀ ਹੈ।
• ਬਗੀਚੀ ਸ਼ਹਿਰ ਦੀ ਗੈਰ-ਕੁਦਰਤੀ ਕਾਰਨਾਂ ਕਰਕੇ ਗਰਮ ਹੋਈ ਹਵਾ ਨੂੰ ਠੰਡਾ ਅਤੇ ਸਾਫ ਕਰਦੀ ਹੈ। ਹਵਾ ਵਿਚਲੇ ਧੂਏ ਦੇ ਕਣਾਂ ਨੂੰ ਵੀ ਸਾਫ ਕਰਦੀ ਹੈ।
• ਛੱਤ ਵਾਲੀ ਬਗੀਚੀ ਮੀਂਹ ਦੇ ਪਾਣੀ ਨੂੰ ਅਜਾਂਈ ਜਾਣ ਤੋ ਰੋਕਦੀ ਹੈ। ਬਗੀਚੀ ਦੀ ਮਿੱਟੀ ਵਰਖਾ ਦੇ ਪਾਣੀ ਨੂੰ ਸੋਖਦੀ ਹੈ ਅਤੇ ਸਾਫ ਕਰਦੀ ਹੈ। ਪੌਦੇ ਇਸ ਪਾਣੀ ਨੂੰ ਫਿਰ ਤੋਂ ਵਾਤਾਵਰਨ ਵਿੱਚ ਵਾਪਸ ਭੇਜਦੇ ਹਨ।
• ਘਰ ਦੇ ਗਲਣ ਵਾਲੇ ਕਚਰੇ ਤੋ ਕੰਪੋਸਨ ਤਿਆਰ ਕੀਤੀ ਜਾ ਸਕਦੀ ਹੈ ਜਿਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਧਾਈ ਜਾ ਸਕਦੀ ਹੈ ਅਤੇ ਬਗੀਚੀ ਨੂੰ ਲੋੜੀਂਦੇ ਤੱਤ ਮੁਹੱਈਆ ਕਰਵਾਏ ਜਾ ਸਕਦੇ ਹਨ। ਇਸ ਤਰਾਂ ਨਾਲ ਕਚਰੇ ਦੇ ਪ੍ਰਬੰਧਨ ਵਿੱਚ ਵੀ ਸਹਾਇਤਾ ਮਿਲੇਗੀ ਕਿਉਂਕਿ ਅੱਜਕੱਲ ਸ਼ਹਿਰਾਂ ਵਿੱਚ ਕਚਰੇ ਦੇ ਪ੍ਰਬੰਧਨ ਲਈਜਗਾ ਦੀ ਕਮੀ ਦੀ ਮੁਸ਼ਕਿਲ ਆ ਰਹੀ ਹੈ। ਅਤੇ ਕੰਪੋਸਟ ਬਣਾਉਣ ਨਾਲ ਸ਼ਹਿਰਾਂ ਵੱਲੋਂ ਪੈਦਾ ਕੀਤੀਆਂ ਗ੍ਰੀਨ ਹਾਊਸ ਗੈਸਾਂ ਵਿੱਚੋ ਕਾਰਬਨ ਦੀ ਮਾਤਰਾ ਨੂੰ ਘੱਟ ਕੀਤਾ ਜਾ ਸਕਦਾ ਹੈ।
• ਸ਼ਹਿਰ ਨੂੰ ਹਰਿਆ-ਭਰਿਆ ਬਣਾਉਣ ਨਾਲ ਸਾਡੇ ਵੱਲੋਂ ਪੈਦਾ ਕੀਤੇ ਕਾਰਬਨ ਭਰੇ ਨਵੇਂ ਵਾਤਾਵਰਨ ਵਿੱਚ ਸੰਤੁਲਨ ਬਣਾਉਣ ਵਿੱਚ ਮੱਦਦ ਮਿਲੇਗੀ।

ਆਰਥਿਕ ਫਾਇਦੇ
• ਸ਼ਹਿਰਾਂ ਵਿੱਚ ਬਗੀਚੀ ਲਗਾ ਕੇ ਸਬਜ਼ੀਆਂ ਅਤੇ ਫਲ ਪੈਦਾ ਕਰਨ ਨਾਲ ਸ਼ਹਿਰ ਵਾਸੀਆਂ ਨੂੰ ਵਧੀਆ ਗੁਣਵੱਤਾ ਵਾਲਾ ਭੋਜਨ ਮਿਲੇਗਾ ਅਤੇ ਭੋਜਨ ਕੀਮਤਾਂ ਵੀ ਕਾਬੂ ਵਿੱਚ ਰਹਿਣਗੀਆਂ।
• ਸ਼ਹਿਰਾਂ ਵਿੱਚ ਬਗੀਚੀ ਲਗਾਉਣ ਨਾਲ ਔਰਤਾਂ ਨੂੰ ਸ਼ਹਿਰਾਂ ਦੀ ਗੈਰ-ਰਸਮੀ ਆਰਥਿਕਤਾ ਦਾ ਹਿੱਸਾ ਬਣਨ ਦਾ ਮੌਕਾ ਮਿਲੇਗਾ। ਘਰ ਦੇ ਕੰਮਾਂ  ਅਤੇ ਬੱਚਿਆਂ ਦੀ ਦੇਖਭਾਲ ਦੇ ਨਾਲ ਖੇਤੀ ਅਤੇ ਖੇਤੀ ਉਤਪਾਦਾਂ ਦੇ ਬਾਜ਼ਾਰੀਕਰਨ ਦਾ ਕੰਮ ਆਸਾਨੀ ਨਾਲ ਜੋੜਿਆ ਜਾ ਸਕਦਾ ਹੈ।
• ਸ਼ਹਿਰਾਂ ਵਿੱਚ ਭੋਜਨ ਉਗਾਉਣ ਨਾਲ ਰੁਜ਼ਗਾਰ, ਆਮਦਨ ਅਤੇ ਸ਼ਹਿਰੀ ਆਬਾਦੀ ਦੀ ਭੋਜਨ ਤੱਕ ਅਸਾਨ ਪਹੁੰਚ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ। ਇਹ ਸਭ ਮਿਲ ਕੇ ਲੰਬੀ ਅਤੇ ਐਮਰਜੈਂਸੀ ਭੋਜਨ ਅਸੁਰੱਖਿਆ ਨੂੰ ਦੂਰ ਕਰਨ ਵਿੱਚ ਮੱਦਦ ਕਰ ਸਕਦੇ ਹਨ। ਲੰਬੀ ਭੋਜਨ ਅਸੁਰੱਖਿਆ ਦਾ ਭਾਵ ਹੈ ਕਿ ਭੋਜਨ ਤੱਕ ਪਹੁੰਚ ਘੱਟ ਹੋਣਾ ਅਤੇ ਵਧਦੀ ਸ਼ਹਿਰੀ ਆਬਾਦੀ ਅਤੇ ਐਮਰਜੈਂਸੀ ਭੋਜਨ ਅਸੁਰੱਖਿਆ ਦਾ ਭਾਵ ਹੈ ਕਿ ਭੋਜਨ ਵਿਤਰਣ ਪ੍ਰਣਾਲੀ ਦੇ ਟੁੱਟ ਜਾਣ ਕਰਕੇ ਭੋਜਨ ਤਕ ਪਹੁੰਚ ਨਾ ਹੋਣਾ।  ਸ਼ਹਿਰੀ ਖੇਤੀ ਭੋਜਨ ਤੱਕ ਪਹੁੰਚ ਅਤੇ ਭੋਜਨ ਦੀ ਐਮਰਜੈਂਸੀ ਪੂਰਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ।

ਸਮਾਜਿਕ ਫਾਇਦੇ
• ਸ਼ਹਿਰਾਂ ਵਿੱਚ ਘਰੇਲੂ ਬਗੀਚੀ ਲਗਾਉਣ ਨਾਲ ਕਈ  ਤਰਾਂ ਦੇ ਸਮਾਜਿਕ ਫਾਇਦੇ ਹੁੰਦੇ ਹਨ ਜਿਵੇਂ - ਵਧੀਆ ਸਿਹਤਮੰਦ ਖਾਣਾ, ਖਰਚ ਦੀ ਬੱਚਤ, ਘਰ ਦੇ ਵਿੱਚ ਭੋਜਨ ਸੁਰੱਖਿਆ ਅਤੇ ਸਮੂਹਿਕ ਸਮਾਜਿਕ ਜਿੰਦਗੀ।

ਭੋਜਨ ਦੀ ਗੁਣਵੱਤਾ
ਸਥਾਂਨਕ ਉਗਾਏ ਭੋਜਨ ਦੀ ਗੁਣਵੱਤਾ ਅਤੇ ਸਵਾਦ ਵੀ ਸਥਾਨਕ ਹੋਣਗੇ।
ਊਰਜਾ ਦੀ ਬੱਚਤ
ਜਦ ਭੋਜਨ ਸਥਾਨਕ ਪੱਧਰ ਤੇ ਉਗਾਇਆ ਜਾਵੇਗਾ ਤਾਂ ਬਾਹਰ ਤੋ ਮੰਗਵਾਏ ਜਾਣ ਵਾਲੇ ਭੋਜਨ ਦੇ ਟ੍ਰਾਂਸਪੋਰਟ ਤੇ ਖਰਚ ਹੋਣ ਵਾਲੀ ਊਰਜਾ ਨੂੰ ਬਚਾਇਆ ਜਾ ਸਕਦਾ ਹੈ।



ਹੋਰ ਫਾਇਦੇ

ਸ਼ਹਿਰਾਂ ਵਿੱਚ ਸਬਜ਼ੀਆਂ ਲਗਾਉਣ ਨਾਲ ਹੋਣ ਵਾਲੇ ਫਾਇਦੇ ਬਹੁਤ ਸਾਰੇ ਹਨ। ਸ਼ਹਿਰਾਂ ਦੇ ਸਿਰਫ ਭੋਜਨ ਖਾਣ ਵਾਲਿਆਂ ਤੋਂ ਭੋਜਨ ਉਗਾਉਣ ਵਾਲਿਆਂ ਵਿੱਚ ਬਦਲਣ ਕਾਰਨ ਟਿਕਾਊਪਣ, ਸਿਹਤ ਵਿੱਚ ਸੁਧਾਰ ਅਤੇ ਗਰੀਬੀ ਘਟਾਉਣ ਵਿੱਚ ਮੱਦਦ ਮਿਲ ਸਕਦੀ ਹੈ।
• ਜਾਇਆ ਕੀਤੇ ਪਾਣੀ ਨੂੰ ਸਿੰਚਾਈ ਲਈ ਅਤੇ ਜੈਵਿਕ ਠੋਸ ਕਚਰੇ ਨੂੰ ਕੰਪੋਸਟ ਬਣਾ ਕੇ ਖਾਦ ਦੇ ਤੌਰ ਤੇ ਬਗੀਚੀ ਵਿੱਚ ਪੈਦਾਵਾਰ ਕਰਨ ਲਈ ਵਰਤਿਆ ਜਾ ਸਕਦਾ ਹੈ।
• ਸ਼ਹਿਰਾਂ ਵਿੱਚ ਖਾਲੀ ਪਈਆਂ ਥਾਵਾਂ ਨੂੰ ਖੇਤੀ ਲਈ ਵਰਤਿਆ ਜਾ ਸਕਦਾ ਹੈ।
• ਹੋਰ ਕੁਦਰਤੀ ਸੋਮਿਆਂ ਨੂੰ ਵੀ ਬਚਾਇਆ ਜਾ ਸਕਦਾ ਹੈ। ਜਾਇਆ ਕੀਤੇ ਪਾਣੀ ਨੂੰ ਸਿੰਚਾਈ ਲਈ ਵਰਤਣ ਨਾਲ ਪਾਣੀ ਤੇ ਉਚਿੱਤ ਪ੍ਰਬੰਧਨ ਵਿੱਚ ਮੱਦਦ ਮਿਲੇਗੀ ਅਤੇ ਇਸਦੇ ਨਾਲ ਹੀ ਘਰਾਂ ਵਿੱਚ ਵਰਤੋਂ ਅਤੇ ਪੀਣ ਲਈ ਪਾਣੀ ਦੀ ਉਪਲਬਧਤਾ ਵੀ ਵਧੇਗੀ।
• ਭੋਜਨ ਨੂੰ ਸਥਾਨਕ ਪੱਧਰ ਤੇ ਉਗਾਉਣ ਨਾਲ ਟ੍ਰਾਂਸਪੋਰਟ ਦੇ ਖਰਚੇ ਅਤੇ ਸਟੋਰ ਕਰਨ ਦੇ ਖਜਚੇ ਵੀ ਘਟਾਏ ਜਾ ਸਕਦੇ ਹਨ।
• ਇਸ ਨਾਲ ਸ਼ਹਿਰ ਨੂੰ ਹਰਿਆ-ਭਰਿਆਂ ਰੱਖਣ ਵਿੱਚ ਅਤੇ ਪ੍ਰਦੂਸ਼ਣ ਘੱਟ ਕਰਨ ਵਿੱਚ ਵੀ ਮੱਦਦ ਮਿਲੇਗੀ।

No comments:

Post a Comment

Thanks for your feedback