ਡਾ. ਪ੍ਰੀਤੀ ਜੋਸ਼ੀ
ਸਾਡੀ ਪ੍ਰਾਪੰਰਿਕ ਖੇਤੀ ਵਿੱਚ
ਕਚਰਾ, ਗੋਬਰ, ਜਾਨਵਰਾਂ ਦਾ ਮਲਮੂਤਰ ਅਤੇ ਹੋਰ ਬਨਸਪਤੀ ਕਚਰੇ ਨੂੰ ਇਕੱਠਾ ਕਰਕੇ ਖਾਦ
ਬਣਾਉਣ ਦੀ ਪ੍ਰਥਾ ਪ੍ਰਚੱਲਿਤ ਸੀ ਜਿਸ ਵਿੱਚ ਪੌਦਿਆਂ ਦੇ ਲਈ ਜ਼ਰੂਰੀ ਸਾਰੇ ਪੋਸ਼ਕ ਤੱਤ ਅਤੇ
ਮਿੱਟੀ ਵਿੱਚ ਜੈਵਿਕ ਪਦਾਰਥਾਂ ਦਾ ਵਿਘਟਨ ਕਰਨ ਵਾਲੇ ਸਾਰੇ ਤਰ੍ਹਾ ਦੇ ਸੂਖ਼ਮਜੀਵੀ ਪ੍ਰਚੂਰ
ਮਾਰਤਰਾ ਵਿੱਚ ਹੁੰਦੇ ਹਨ। ਇਸ ਪ੍ਰਕਾਰ ਜੈਵਿਕ ਖਾਦ ਦੇ ਇਸਤੇਮਾਲ ਨਾਲ ਮਿੱਟੀ ਦੀ
ਕੁਦਰਤੀ ਉਪਜਾਊ ਸ਼ਕਤੀ ਦਾ ਵਿਕਾਸ ਹੁੰਦਾ ਸੀ ਅਤੇ ਮਿੱਟੀ ਜ਼ਿਆਦਾ ਸਮੇਂ ਤੱਕ ਚੰਗੀ ਫ਼ਸਲ
ਦੇਣ ਦੇ ਯੋਗ ਰਹਿੰਦੀ ਸੀ। ਖਾਦ ਬਣਾਉਣ ਦਾ ਕੱਚਾ ਮਾਲ ਸਾਰੇ ਕਿਸਾਨਾਂ ਦੇ ਖੇਤ ਵਿੱਚ ਹੀ
ਉਪਲਬਧ ਹੋਣ ਦੇ ਕਾਰਨ ਉਸਨੂੰ ਬਣਾਉਣ 'ਤੇ ਵਿਸ਼ੇਸ਼ ਖਰਚ ਨਹੀ ਹੁੰਦਾ। ਜੈਵਿਕ ਖਾਦ ਫ਼ਸਲ ਅਤੇ
ਮਿੱਟੀ ਦੋਵਾਂ ਦੇ ਲਈ ਲਾਭਕਾਰੀ ਹੈ, ਇਹ ਸਮਝਦੇ ਹੋਏ ਵੀ ਅੱਜਕੱਲ ਕਿਸਾਨ ਜੈਵਿਕ ਖਾਦ
ਬਣਾਉਣ ਅਤੇ ਉਸਦਾ ਇਸਤੇਮਾਲ ਖੇਤੀ ਵਿੱਚ ਕਰਨ ਦੇ ਪ੍ਰਤਿ ਉਦਾਸੀਨ ਹੈ। ਇਸਦੇ ਸੰਭਾਵਿਤ
ਕਾਰਨ ਹੇਠ ਲਿਖੇ ਹਨ- 1. ਜੈਵਿਕ ਖਾਦ ਬਣਾਉਣ ਵਿੱਚ ਮਿਹਨਤ ਅਤੇ ਸਮਾਂ ਖਰਚ ਹੁੰਦਾ ਹੈ, ਜਦੋਂਕਿ ਰਸਾਇਣਿਕ ਖਾਦ ਆਸਾਨੀ ਨਾਲ ਬਾਜ਼ਾਰ ਵਿੱਚ ਉਪਲਬਧ ਹੈ ਹਾਲਾਂਕਿ ਉਸਨੂੰ ਪ੍ਰਾਪਤ ਕਰਨ ਦੇ ਲਈ ਪੈਸਾ ਖਰਚ ਕਰਨਾ ਪੈਂਦਾ ਹੈ।
2. ਜੈਵਿਕ ਖਾਦ ਦਾ ਅਸਰ ਹੌਲੀ-ਹੌਲੀ ਪ੍ਰੰਤੂ ਲੰਬੇ ਸਮੇਂ ਲਈ ਹੁੰਦਾ ਹੈ, ਪਰ ਕਿਸਾਨ ਨੂੰ ਤੁਰੰਤ ਨਤੀਜੇ ਚਾਹੀਦੇ ਹਨ।
3. ਹਾਲਾਂਕਿ ਜੈਵਿਕ ਖਾਦ ਬਣਾਉਣ ਦੇ ਲਈ ਕਚਰਾ, ਗੋਬਰ ਆਦਿ ਤਾਂ ਕਿਸਾਨ ਦੇ ਖੇਤ ਵਿੱਚ ਹੀ ਉਪਲਬਧ ਹੁੰਦਾ ਹੈ ਪਰ ਉਸਤੋਂ ਵਧੀਆ ਖਾਦ ਬਣਾਉਣ ਦੇ ਨਿਯੋਜਿਤ ਤਰੀਕੇ ਅਤੇ ਤਕਨੀਕਾਂ ਬਾਰੇ ਕਿਸਾਨਾਂ ਨੂੰ ਜ਼ਰੂਰੀ ਜਾਣਕਾਰੀ ਨਹੀ ਹੁੰਦੀ। ਉੱਚਿਤ ਜਾਣਕਾਰੀ ਦੇ ਅਭਾਵ ਵਿੱਚ ਵਧੀਆ ਖਾਦ ਨਾ ਬਣ ਪਾਉਣ ਕਾਰਨ ਕਿਸਾਨਾਂ ਨੂੰ ਸੰਤੋਸ਼ਜਨਕ ਨਤੀਜੇ ਨਹੀ ਮਿਲ ਪਾਉਂਦੇ ਜਿਸ ਕਰਕੇ ਕਿਸਾਨ ਜੈਵਿਕ ਖਾਦ ਦੀ ਜਗ੍ਹਾ ਰਸਾਇਣਿਕ ਖਾਦ ਨੂੰ ਪਹਿਲ ਦਿੰਦੇ ਹਨ।
ਵਧੀਆ ਜੈਵਿਕ ਖਾਦ ਦੇ ਨਿਰਮਾਣ ਦੀਆਂ ਤਕਨੀਕਾਂ ਅਤੇ ਉਸਦੇ ਫਸਲਾਂ ਅਤੇ ਮਿੱਟੀ ਉੱਪਰ ਪਰਿਣਾਮ ਲਈ ਕਈ ਅਨੁਭਵੀ ਕਿਸਾਨਾਂ, ਵਿਗਿਆਨਕਾ, ਖੋਜ ਕੇਂਦਰਾਂ ਅਤੇ ਸਵੈ-ਸੇਵੀ ਸੰਸਥਾਵਾਂ ਦੁਆਰਾ ਪ੍ਰਯੋਗ ਕੀਤੇ ਗਏ ਅਤੇ ਕਈ ਤਕਨੀਕਾਂ ਵਿਕਸਿਤ ਕੀਤੀਆ। ਪ੍ਰੰਤੂ ਇਹਨਾਂ ਤਕਨੀਕਾਂ ਦੀ ਜਾਣਕਾਰੀ ਤੋਂ ਪਹਿਲਾਂ ਉਪਲਬਧ ਜੈਵਿਕ ਪਦਾਰਥਾਂ ਅਤੇ ਖਾਦ ਬਣਾਉਣ ਦੀ ਮੁੱਖ ਪ੍ਰਕ੍ਰਿਆ ਨੂੰ ਜਾਣ ਲੈਣਾ ਜ਼ਰੂਰੀ ਹੈ।
ਖਾਦ ਬਣਾਉਣ ਲਈ ਉਪਲਬਧ ਜੈਵਿਕ ਪਦਾਰਥ
ਕਿਸੇ ਵੀ ਪ੍ਰਕਾਰ ਦੇ ਪਸ਼ੂਆਂ ਤੋਂ ਅਤੇ ਬਨਸਪਤੀ ਤੋਂ ਪ੍ਰਾਪਤ ਪਦਾਰਥ ਜਾਂ ਗਲਣਯੋਗ ਕਚਰੇ ਤੋਂ ਜੈਵਿਕ ਖਾਦ ਬਣਾਈ ਜਾ ਸਕਦੀ ਹੈ।
ਖੇਤਰ ਅਤੇ ਮੌਸਮ ਦੇ ਅਨੁਸਾਰ ਕਚਰੇ ਦੇ ਪ੍ਰਕਾਰ, ਉਸਦੀ ਗੁਣਵੱਤਾ ਅਤੇ ਉਸਦੀ ਮਾਤਰਾ ਵਿੱਚ ਪਰਿਵਰਤਨ ਹੁੰਦਾ ਹੈ। ਜਿਵੇਂ ਪਿੰਡ ਅਤੇ ਖੇਤ ਵਿੱਚ ਉਤਪੰਨ ਹੋਣ ਵਾਲਾ ਕਚਰਾ ਉੱਥੋਂ ਦੇ ਵਾਤਾਵਰਣ, ਖੇਤ ਦੇ ਖੇਤਰਫਲ, ਉਸ ਖੇਤ ਵਿੱਚ ਹੋਣ ਵਾਲੀਆਂ ਫਸਲਾਂ, ਉਸ ਵਿੱਚ ਰਹਿਣ ਵਾਲੇ ਆਦਮੀਆਂ ਅਤੇ ਜਾਨਵਰਾਂ ਦੀ ਸੰਖਿਆ ਅਤੇ ਉਹਨਾਂ ਦੇ ਭੋਜਨ ਦੇ ਪ੍ਰਕਾਰ ਉੱਪਰ ਨਿਰਭਰ ਕਰੇਗਾ। ਇਸੇ ਪ੍ਰਕਾਰ ਉਸ ਪਿੰਡ ਵਿੱਚ ਈਂਧਨ ਦੇ ਲਈ ਉਪਲਬਧ ਸਾਧਨ, ਉਸ ਪਿੰਡ ਦੀ ਆਰਥਿਕ-ਸਾਮਾਜਿਕ ਅਵਸਥਾ ਅਤੇ ਕਚਰੇ ਦੀ ਸੰਭਾਲ ਦੇ ਤਰੀਕਿਆਂ ਉਪਰ ਕਚਰੇ ਦੀ ਉਪਲਬਧਤਾ ਨਿਰਭਰ ਕਰੇਗੀ। ਇਸੇ ਪ੍ਰਕਾਰ ਸ਼ਹਿਰਾਂ ਵਿੱਚ ਜੈਵਿਕ ਕਚਰੇ ਦੇ ਨਾਲ-ਨਾਲ ਨਾ-ਗਲਣਯੋਗ ਕਚਰਾ ਜਿਵੇਂ ਪਲਾਸਟਿਕ ਆਦਿ ਵੀ ਹੋਵੇਗਾ।
ਸੋ ਇਸ ਤਰ੍ਹਾ ਅਲੱਗ-ਅਲੱਗ ਖੇਤਰਾਂ ਲਈ ਕਚਰੇ ਦੇ ਪ੍ਰਕਾਰ, ਗੁਣਵੱਤਾ ਅਤੇ ਉਪਲਬਧਤਾ ਦੇ ਆਧਾਰ 'ਤੇ ਖਾਦ ਬਣਾਉਣ ਦੀ ਪ੍ਰਕ੍ਰਿਆ ਦਾ ਇੱਕ ਹੀ ਹੋਣਾ ਸੰਭਵ ਨਹੀ ਹੈ। ਫਿਰ ਵੀ ਕਚਰੇ ਦੇ ਵਿਘਟਨ ਦੀ ਪ੍ਰਕ੍ਰਿਆ ਨਾਲ ਸੰਬੰਧਿਤ ਕੁੱਝ ਮੂਲਭੂਤ ਜਾਣਕਾਰੀ, ਸਥਾਨ ਅਤੇ ਕਚਰੇ ਦੀ ਮਾਤਰਾ ਅਤੇ ਗੁਣਵੱਤਾ ਦੇ ਆਧਾਰ ਤੇ ਖਾਦ/ਕੰਪੋਸਟ ਦੀ ਪ੍ਰਕ੍ਰਿਆ ਨਿਰਧਾਰਿਤ ਕਰਨ ਵਿੱਚ ਮੱਦਦਗਾਰ ਹੋ ਸਕਦੀ ਹੈ।
ਕੰਪੋਸਟਿਗ/ਜੈਵਿਕ ਖਾਦ ਦੀ ਪ੍ਰਕ੍ਰਿਆ
ਕੰਪੋਸਟਿੰਗ ਜੈਵਿਕ ਪਦਾਰਥਾਂ ਦੇ ਵਿਘਟਨ ਦੁਆਰਾ ਖਾਦ ਬਣਨ ਦੀ ਪ੍ਰਕ੍ਰਿਆ ਨੂੰ ਕਹਿੰਦੇ ਹਨ। ਇਹ ਪ੍ਰਕ੍ਰਿਆ ਅਣਗਿਣਤ ਸੂਖ਼ਮ ਜੀਵਾਣੂਆਂ ਦੁਆਰਾ ਅਨੁਕੂਲ ਪ੍ਰਸਥਿਤੀਆਂ ਵਿੰਚ ਹੁੰਦੀ ਹੈ। ਜੇਕਰ ਇਹ ਪ੍ਰਕ੍ਰਿਆ ਹਵਾ ਦੀ ਉਪਸਥਿਤੀ ਵਿੱਚ ਹੁੰਦੀ ਹੈ ਤਾਂ ਇਸਨੂੰ ਸਵਾਤੀ ਵਿਘਟਨ ਕਹਿੰਦੇ ਹਨ। ਹਵਾ ਦੀ ਅਨੁਪਸਥਿਤੀ ਵਿੱਚ ਹੋਣ ਵਾਲੀ ਪ੍ਰਕ੍ਰਿਆ ਨੂੰ ਅਵਾਤੀ ਵਿਘਟਨ ਕਹਿੰਦੇ ਹਨ। ਸਵਾਤੀ ਵਿਘਟਨ ਵਿੱਚ, ਜੋ ਆਮ ਤੌਰ 'ਤੇ ਜਮੀਨ ਦੇ ਉੰਪਰ ਢੇਰ ਵਿੱਚ, ਟੈਂਕ ਵਿੱਚ ਜਾਂ 2-3 ਫੁੱਟ ਡੂੰਘੇ ਟੋਏ ਵਿੱਚ ਹੁੰਦਾ ਹੈ, 1 ਤੋਂ ਲੈ ਕੇ 3 ਮਹੀਨੇ ਦਾ ਸਮਾਂ ਲੱਗਦਾ ਹੈ। ਇਸ ਵਿੱਚ ਕਾਰਬਨ ਡਾਈਆਕਸਾਈਡ ਅਤੇ ਪਾਣੀ ਅੰਤਿਮ ਉਤਪਾਦ ਦੇ ਰੂਪ ਵਿੱਚ ਨਿਕਲਦੇ ਹਨ, ਨਾਲ ਹੀ ਊਰਜਾ ਦਾ ਨਿਰਮਾਣ ਹੁੰਦਾ ਹੈ। ਇਸ ਪ੍ਰਕ੍ਰਿਆ ਵਿੱਚ ਜਟਿਲ ਅਘੁਲਣਸ਼ੀਲ ਕਾਰਬਨਿਕ ਪਦਾਰਥ ਪਾਣੀ ਵਿੱਚ ਘੁਲਣਸ਼ੀਲ ਅਕਾਰਬਨਿਕ ਪਦਾਰਥਾਂ ਵਿੱਚ ਬਦਲਦੇ ਹਨ। ਇਸਦੇ ਉਲਟ ਅਵਾਤੀ ਵਿਘਟਨ ਦੀ ਪ੍ਰਕ੍ਰਿਆ ਡੂੰਘੇ ਟੋਏ ਵਿੱਚ ਹਵਾ ਦੀ ਅਨੁਪਸਥਿਤੀ ਵਿੱਚ ਹੁੰਦੀ ਹੈ। ਇਸ ਪ੍ਰਕ੍ਰਿਆ ਨੂੰ ਪੂਰਾ ਹੋਣ ਵਿੱਚ 6 ਤੋਂ 12 ਮਹੀਨੇ ਦਾ ਸਮਾਂ ਲੱਗਦਾ ਹੈ। ਪਾਣੀ ਦੀ ਅਧਿਕਤਾ ਨਾਲ ਆਕਸੀਜਨ ਦੇ ਪਾਣੀ ਵਿੱਚ ਘੁਲ ਜਾਣ ਨਾਲ ਵੀ ਕੰਪੋਸਟਿੰਗ ਦੀ ਪ੍ਰਕ੍ਰਿਆ ਅਵਾਤੀ ਹੋ ਜਾਂਦੀ ਹੈ। ਇਸ ਵਿੱਚ ਅਮੋਨੀਆ ਅਤੇ ਹਾਈਡ੍ਰੋਜਨ ਸਲਫਾਈਡ ਆਦਿ ਗੈਸਾਂ ਬਣਨ ਨਾਲ ਦੁਰਗੰਧ ਵੀ ਉਤਪੰਨ ਹੁੰਦੀ ਹੈ। ਇਸ ਪ੍ਰਕ੍ਰਿਆ ਵਿੱਚ ਕਾਰਬਨ ਡਾਈਆਕਸਾਈਡ ਅਤੇ ਪਾਣੀ ਦੇ ਇਲਾਵਾ ਕਾਫੀ ਸਾਰੇ ਅਲਕੇਲਾਈਡਸ ਸਹਿ-ਉਤਪਾਦ ਦੇ ਰੂਪ ਵਿੱਚ ਬਦਦੇ ਹਨ।
ਕੰਪੋਸਟਿੰਗ ਦੇ ਲਈ ਜ਼ਰੂਰੀ ਤੱਤ
ਕੰਪੋਸਟਿੰਗ ਦੀ ਪ੍ਰਕ੍ਰਿਆ ਇੱਕ ਸੂਖ਼ਮ ਜੀਵੀ ਪ੍ਰਕ੍ਰਿਆ ਹੈ। ਇਸ ਲਈ ਇਸ ਪ੍ਰਕ੍ਰਿਆ ਵਿੱਚ ਸੂਖ਼ਮ ਜੀਵਾਂ ਦੇ ਵਿਕਾਸ ਦੇ ਲਈ ਅਨੁਕੂਲ ਵਾਤਾਵਰਣ ਤਿਆਰ ਕਰਨਾ ਬਹੁਤ ਜ਼ਰੂਰੀ ਹੈ। ਕੰਪੋਸਟਿੰਗ ਦੇ ਲਈ ਕਿਸੇ ਵੀ ਵਿਧੀ ਦੀ ਚੋਣ ਕਰਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ-
1. ਕਚਰੇ ਨੂੰ ਅਲੱਗ ਕਰਨਾ- ਕਚਰਾ ਚਾਹੇ ਸ਼ਹਿਰ ਦਾ ਹੋਵੇ ਜਾਂ ਪਿੰਡ ਦਾ, ਉਸ ਵਿੱਚ ਕਈ ਅਜੈਵਿਕ ਪਦਾਰਥ ਜਿਵੇਂ ਰਬੜ, ਪਲਾਸਟਿਕ, ਧਾਤੂ, ਕੱਚ ਆਦਿ ਮਿਲੇ ਹੁੰਦੇ ਹਨ। ਇਹਨਾਂ ਵਿੱਚ ਕਦੇ-ਕਦੇ ਜ਼ਹਿਰੀਲੇ, ਨੁਕਸਾਨਦੇਹ ਰਸਾਇਣ ਯੁਕਤ ਪਦਾਰਥ ਵੀ ਆ ਜਾਂਦੇ ਹਨ ਜੋ ਸੂਖ਼ਮ ਜੀਵੀ (ਜੈਵਕੀ) ਪ੍ਰਕ੍ਰਿਆ ਵਿੱਚ ਮੁਸ਼ਕਲ ਖੜ੍ਹੀ ਕਰਦੇ ਹਨ। ਇਸ ਲਈ ਅਜੈਵਿਕ ਪਦਾਰਥਾਂ ਨੂੰ ਕੰਪੋਸਟਿੰਗ ਤੋਂ ਪਹਿਲਾਂ ਅਲੱਗ ਕਰ ਦੇਣਾ ਜ਼ਰੂਰੀ ਹੈ।
ਸਾਰੇ ਪ੍ਰਕਾਰ ਦਾ ਜੈਵਿਕ ਕਚਰਾ ਭਲੇ ਹੀ ਉਹ ਪੌਦਿਆਂ, ਬਨਸਪਤੀ ਤੋਂ ਮਿਲਿਆ ਹੋਵੇ ਜਾਂ ਪਸ਼ੂਆਂ ਤੋਂ, ਇਕੱਠਾ ਵਿਘਟਿਤ ਕੀਤਾ ਜਾ ਸਕਦਾ ਹੈ। ਪਸ਼ੂਆਂ ਦਾ ਮਲਮੂਤਰ ਨਾਂ ਸਿਰਫ਼ ਵਿਘਟਨ ਲਈ ਉਪਯੂਕਤ ਹੈ ਸਗੋਂ ਉਹ ਪੌਦਿਆਂ ਤੋਂ ਪ੍ਰਾਪਤ ਕਾਰਬਨਿਕ ਪਦਾਰਥ ਜਿਵੇਂ ਫ਼ਸਲਾਂ ਦਾ ਕਚਰਾ, ਰੁੱਖਾਂ-ਪੌਦਿਆਂ ਦੀਆਂ ਪੱਤੀਆਂ, ਟਹਿਣੀਆਂ, ਸਬਜੀਆਂ ਦਾ ਅਤੇ ਰਸੋਈ ਘਰ ਦਾ ਕਚਰਾ, ਇਹਨਾਂ ਸਭ ਦੇ ਵਿਘਟਨ ਦੇ ਲਈ ਅਣਗਿਣਤ ਸੂਖ਼ਮ ਜੀਵਾਣੂ ਵੀ ਪ੍ਰਦਾਨ ਕਰਦਾ ਹੈ। ਇਸਲਈ ਕਚਰੇ ਵਿੱਚ ਥੋੜ੍ਹਾ ਗੋਬਰ ਅਤੇ ਗੋਮੂਤਰ ਮਿਲਾਉਣਾ ਜ਼ਰੂਰੀ ਹੈ। ਇਹ ਦਹੀ ਦੇ ਜਾਗ ਦੀ ਤਰ੍ਹਾ ਸੂਖ਼ਮ ਜੀਵਾਣੂਆਂ ਦੇ ਕਲਚਰ ਦਾ ਕੰਮ ਕਰਦਾ ਹੈ।
2. ਕਚਰੇ ਦਾ ਆਕਾਰ- ਵਿਘਟਨ ਦੀ ਪ੍ਰਕ੍ਰਿਆ ਵਿੱਚ ਕਚਰੇ ਦੇ ਆਕਾਰ ਦਾ ਵੀ ਬਹੁਤ ਯੋਗਦਾਨ ਹੈ। ਫ਼ਸਲਾਂ ਦੀ ਕਟਾਈ ਤੋਂ ਬਾਅਦ ਨਿਕਲਿਆ ਵੱਡਾ-ਵੱਡਾ ਕਚਰਾ ਜਿਵੇਂ ਗੰਨੇ ਦੇ ਪੱਤੇ, ਜਵਾਰ ਦੇ ਪੱਤੇ, ਮੱਕੀ ਦੇ ਪੱਤੇ ਆਦਿ ਆਪਣੇ ਵੱਡੇ ਆਕਾਰ ਦੇ ਕਾਰਣ ਵੀ ਜਲਦੀ ਵਿਘਟਿਤ ਨਹੀ ਹੁੰਦੇ ਕਿਉਂਕਿ ਇਹਨਾਂ ਵਿੱਚ ਪਾਣੀ ਨਹੀ ਰੁਕਦਾ ਅਤੇ ਜ਼ਿਆਦਾ ਹਵਾ ਦਾ ਵਹਿਣ ਹੋਣ ਕਰਕੇ ਕਚਰਾ ਜਲਦੀ ਸੁੱਕ ਜਾਂਦਾ ਹੈ। ਕਚਰੇ ਦਾ ਆਕਾਰ ਜਿੰਨਾਂ ਛੋਟਾ ਹੋਵੇ, ਓਨੀ ਹੀ ਕੰਪੋਸਟਿੰਗ ਦੀ ਪ੍ਰਕ੍ਰਿਆ ਵਧੀਆ ਹੋਵੇਗੀ, ਪ੍ਰੰਤੂ ਬਹੁਤ ਛੋਟਾ (2 ਸੈ.ਮੀ. ਤੋਂ ਘੱਟ) ਕਚਰਾ ਵੀ ਕੰਪੋਸਟਿੰਗ ਦੇ ਲਈ ਅਨੁਪਯੁਕਤ ਹੈ ਕਿਉਂਕਿ ਇਸਦੇ ਕੰਪੈਕਟ ਹੋ ਜਾਣ ਕਰਕੇ ਪਾਣੀ ਅਤੇ ਹਵਾ ਦਾ ਵਹਿਣ ਠੀਕ ਤਰ੍ਹਾ ਨਹੀ ਹੋ ਪਾਉਂਦਾ ਅਤੇ ਆਵਾਤੀ ਪਰਿਸਥਿਤੀ ਦਾ ਨਿਰਮਾਣ ਹੁੰਦਾ ਹੈ। ਕੰਪੋਸਟਿੰਗ ਦੇ ਲਈ ਆਦਰਸ਼ ਕਚਰੇ ਦਾ ਆਕਾਰ 2 ਇੰਚ ਭਾਵ 5-6 ਸੈ.ਮੀ. (3 ਉਂਗਲ) ਤੱਕ ਹੋ ਸਕਦਾ ਹੈ। ਸਖ਼ਤ ਅਤੇ ਵੱਡੇ ਕਚਰੇ ਨੂੰ ਕੱਟ ਕੇ ਛੋਟਾ ਕਰ ਲੈਣਾ ਚਾਹੀਦਾ ਹੈ। ਵੱਡੇ ਕਚਰੇ ਵਿੱਚ ਹਰੀ ਘਾਹ ਜਾਂ ਪਰਾਲੀ ਆਦਿ ਮਿਲਾ ਕੇ ਇਸਨੂੰ ਸੰਤੁਲਿਤ ਕੀਤਾ ਜਾ ਸਕਦਾ ਹੈ। ਕਚਰੇ ਦਾ ਆਕਾਰ ਉਪਯੁਕਤ ਹੋਣ ਨਾਲ ਪੂਰੇ ਕਚਰੇ ਵਿੱਚ ਚੰਗੀ ਤਰ੍ਹਾ ਹਵਾ ਦਾ ਵਹਾਅ ਹੁੰਦਾ ਹੈ, ਨਮੀ ਵਧਦੀ ਹੈ, ਤਾਪਮਾਨ ਸਮਾਨ ਰੂਪ ਨਾਲ ਵਧਦਾ ਹੈ, ਤਾਪਮਾਨ ਅਤੇ ਨਮੀ ਦਾ ਨੁਕਸਾਨ ਘੱਟ ਹੁੰਦਾ ਹੈ ਅਤੇ ਸੂਖ਼ਮ ਜੀਵਾਣੂਆਂ ਨੂੰ ਕੰਮ ਕਰਨ ਦੇ ਲਈ ਜ਼ਿਆਦਾ ਖੇਤਰ ਮਿਲਦਾ ਹੈ ਜਿਸ ਨਾਲ ਵਿਘਟਨ ਦੀ ਪ੍ਰਕ੍ਰਿਆ ਗਤੀਮਾਨ ਹੁੰਦੀ ਹੈ।
3. ਭੋਜਨ- ਕਾਰਬਨ/ਨਾਈਟ੍ਰੋਜਨ ਅਨੁਪਾਤ- ਜੈਵਿਕ ਪਦਾਰਥ ਸੂਖ਼ਮ ਜੀਵਾਣੂਆਂ ਦਾ ਭੋਜਨ ਹਨ। ਜੈਵਿਕ ਪਦਾਰਥਾਂ ਦੇ ਵਿਘਟਨ ਨਾਲ ਸੂਖ਼ਮ ਜੀਵਾਣੂਆਂ ਦੀ ਊਰਜਾ ਅਤੇ ਕਾਰਬਨ ਦੀ ਜ਼ਰੂਰਤ ਪੂਰੀ ਹੁੰਦੀ ਹੈ। ਕਾਰਬਨ ਦੇ 10 ਭਾਗ ਅਤੇ ਨਾਈਟ੍ਰੋਜਨ ਦਾ ਇੱਕ ਭਾਗ ਲੈ ਕੇ ਸੂਖ਼ਮ ਜੀਵਾਣੂ ਆਪਣੀ ਕੋਸ਼ਿਕਾ ਦੇ ਪ੍ਰੋਟੋਪਲਾਜ਼ਮ ਦਾ ਨਿਰਮਾਣ ਕਰਦੇ ਹਨ ਇਸਲਈ ਕਾਰਬਨ ਦਾ ਨਾਈਟ੍ਰੋਜਨ ਦੀ ਤੁਲਨਾ ਵਿੱਚ ਜੀਵਾਣੂ ਕੋਸ਼ਿਕਾ ਵਿੱਚ ਜ਼ਿਆਦਾ ਸੰਗ੍ਰਹਿਣ ਹੁੰਦਾ ਹੈ। ਕੁੱਝ ਕਾਰਬਨ ਦਾ ਕਾਰਬਨਡਾਈਆਕਸਾਈਡ ਦੇ ਰੂਪ ਵਿੱਚ ਜੀਵਾਣੂਆਂ ਦੇ ਸਵਸਨ ਵਿੱਚ ਵੀ ਉਪਯੌਗ ਹੁੰਦਾ ਹੈ। ਇਸ ਤਰ੍ਹਾ ਨਾਈਟ੍ਰੋਜਨ ਤੋਂ 30 ਗੁਣਾ ਜ਼ਿਆਦਾ ਕਾਰਬਨ ਦੀ ਜੀਵਾਣੂਆਂ ਨੂੰ ਜ਼ਰੂਰਤ ਹੁੰਦੀ ਹੈ। ਇਸਲਈ ਜੈਵਿਕ ਪਦਾਰਥ ਜਾਂ ਕੰਪੋਸਟਿੰਗ ਦੇ ਲਈ ਉਪਯੁਕਤ ਕਚਰੇ ਦਾ ਕਾਰਬਨ/ਨਾਈਟ੍ਰੋਜਨ ਅਨੁਪਾਤ 30 ਦੇ ਆਸਪਾਸ ਹੋਣਾ ਆਦਰਸ਼ ਹੈ। ਜ਼ਿਆਦਾ ਸੀ/ਐਨ ਅਨੁਪਾਤ ਵਾਲੇ ਕਚਰੇ ਜਿਵੇਂ ਗੰਨੇ ਦੇ ਪੱਤੇ (150), ਝੋਨੇ ਦੀ ਪਰਾਲੀ (70), ਕਣਕ ਦਾ ਨਾੜ (80) ਆਦਿ ਦਾ ਵਿਘਟਨ ਥੋੜ•ਾ ਕਠਿਨ ਹੁੰਦਾ ਹੈ। ਹਰਾ ਕਚਰਾ, ਘਾਹ, ਪੱਤੀਆਂ, ਆਦਿ ਦਾ ਸੀ:ਐਨ ਅਨੁਪਾਤ (20-45) ਹੁੰਦਾ ਹੈ। ਇਸਲਈ ਇਹਨਾਂ ਦਾ ਵਿਘਟਨ ਆਸਾਨ ਹੈ। ਜਾਨਵਰਾਂ ਦੇ ਮਲਮੂਤਰ ਦਾ ਸੀ:ਐਨ ਅਨੁਪਾਤ ਬਹੁਤ ਘੱਟ (8-10) ਹੁੰਦਾ ਹੈ। ਇਸਲਈ ਜ਼ਿਆਦਾ ਸੀ:ਐਨ ਅਨੁਪਾਤ ਵਾਲੇ ਸੁੱਕੇ ਕਚਰੇ ਵਿੱਚ ਘੱਟ ਸੀ:ਐਨ ਟਨੁਪਾਤ ਵਾਲੇ ਹਰੇ ਕਚਰੇ, ਜਾਨਵਰਾਂ ਦੇ ਮਲਮੂਤਰ ਆਦਿ ਨੂੰ ਮਿਲਾਉਣ ਨਾਲ ਸੰਤੁਲਨ ਬਣ ਜਾਂਦਾ ਹੈ। ਸਿਰਫ ਜਾਨਵਰਾਂ ਦੇ ਮਲਮੂਤਰ ਵਿੱਚ ਸੀ:ਐਨ ਅਨੁਪਾਤ ਘੱਟ ਹੁੰਦਾ ਹੈ ਇਸਲਈ ਇਹਨਾਂ ਦੀ ਸੂਖ਼ਮ ਜੈਵਕੀ ਪ੍ਰਕ੍ਰਿਆ ਦੇ ਕਾਰਨ ਨਾਈਟ੍ਰੋਜਨ ਦਾ ਹਵਾ ਵਿੱਚ ਨੁਕਸਾਨ ਹੁੰਦਾ ਹੈ। ਕੰਪੈਕਟ ਹੋਣ ਦੀ ਵਜ੍ਹਾ ਕਰਕੇ ਅਵਾਤੀ ਸਥਿਤੀ ਵੀ ਪੈਦਾ ਹੋ ਜਾਂਦੀ ਹੈ। ਇਸਲਈ ਇਸ ਦੇ ਨਾਲ ਫਸਲਾਂ ਦਾ ਸੁੱਕਿਆ ਅਤੇ ਹਰਾ ਕਚਰਾ ਮਿਲਾਉਣ ਨਾਲ ਪ੍ਰਕ੍ਰਿਆ ਸੰਤੁਲਿਤ ਹੋ ਜਾਂਦੀ ਹੈ ਅਤੇ ਸਾਰੇ ਪ੍ਰਕਾਰ ਦੇ ਪੋਸ਼ਕ ਤੱਤਾਂ ਵਾਲੀ ਸੰਤੁਲਿਤ ਅਤੇ ਵਧੀਆ ਖਾਦ ਬਣਦੀ ਹੈ।
4. ਸਹੀ ਜਗ੍ਹਾ ਦੀ ਚੋਣ- ਕੰਪੋਸਟ ਲਈ ਜਗ੍ਹਾ ਦੀ ਚੋਣ ਹਵਾ ਦੇ ਵਹਾਅ ਨੂੰ ਧਿਆਨ ਵਿੱਚ ਰੱਖ ਕੇ ਕਰਨੀ ਚਾਹੀਦੀ ਹੈ। ਕੰਪੋਸਟ ਜਮੀਨ ਦੇ ਉੱਪਰ ਜਾਂ ਟੈਂਕ ਵਿੱਚ ਜਾਂ ਜਮੀਨ ਅੰਦਰ ਟੋਆ ਬਣਾ ਕੇ ਤਿਆਰ ਕੀਤੀ ਜਾ ਸਕਦੀ ਹੈ। ਪ੍ਰੰਤੂ ਕੰਪੋਸਟਿੰਗ ਦੇ ਦੌਰਾਨ ਪੂਰੇ ਕਚਰੇ ਵਿੱਚ ਹਵਾ ਦਾ ਵਹਿਣ ਜ਼ਰੂਰੀ ਹੈ। ਇਸਲਈ ਟੋਏ ਦੀ ਗਹਿਰਾਈ 3 ਫੁੱਟ ਤੋਂ ਜ਼ਿਆਦਾ ਨਹੀ ਹੋਣੀ ਚਾਹੀਦੀ ਅਤੇ ਉਚਾਈ ਵੀ 3 ਫੁੱਟ ਤੋਂ ਜ਼ਿਆਦਾ ਨਹੀ ਹੋਣੀ ਚਾਹੀਦੀ। । ਢੇਰ ਦੀ ਉਚਾਈ 3-5 ਫੁੱਟ ਤੱਕ ਹੋ ਸਕਦੀ ਹੈ। ਟੋਏ, ਟੈਂਕ ਜਾਂ ਢੇਰ ਦੀ ਚੌੜਾਈ 5 ਫੁੱਟ ਤੋਂ ਜ਼ਿਆਦਾ ਨਹੀ ਹੋਣੀ ਚਾਹੀਦੀ। ਇਸਲਈ ਕੰਪੋਸਟਿੰਗ ਯੂਨਿਟ ਦਾ ਆਕਾਰ 12' ਗੁਣਾ 5' ਗੁਣਾ 3' ਵਧੀਆ ਮੰਨਿਆ ਗਿਆ ਹੈ। ਢੇਰ ਜਾਂ ਟੈਂਕ ਦਾ ਜਮੀਨ ਦੇ ਤਲ ਤੋਂ ਥੋੜ੍ਹਾ ਉਚਾਈ ਤੇ ਹੋਣਾ ਜ਼ਰੂਰੀ ਹੈ ਤਾਂਕਿ ਚਾਰੇ ਪਾਸਿਆਂ ਦਾ ਪਾਣੀ ਵਹਿ ਕੇ ਉਸ ਵਿੱਚ ਨਾ ਪਏ। ਟੋਆ, ਟੈਂਕ ਜਾਂ ਢੇਰ ਰੁੱਖ ਦੀ ਛਾਂ ਹੇਠ ਹੋਣਾ ਜ਼ਰੂਰੀ ਹੈ ਤਾਂਕਿ ਮੌਸਮ ਪਰਿਵਰਤਨ ਜਿਵੇਂ ਜ਼ਿਆਦਾ ਧੁੱਪ, ਬਾਰਿਸ਼ ਅਤੇ ਠੰਡ ਦਾ ਸਿੱਧਾ ਅਸਰ ਉਸ ਉੱਪਰ ਨਾ ਪਏ ਅਤੇ ਸੂਖ਼ਮ ਜੈਵਕੀ ਪ੍ਰਕ੍ਰਿਆ ਦੇ ਲਈ ਵਾਤਾਵਰਣ ਬਣਿਆ ਰਹੇ।
ਕੰਪੋਸਟਿੰਗ ਵਿੱਚ ਨਮੀ ਬਣਾਏ ਰੱਖਣ ਦੇ ਲਈ ਪਾਣੀ ਦੀ ਜ਼ਰੂਰਤ ਵਾਰ-ਵਾਰ ਪੈਂਦੀ ਹੈ। ਇਸਲਈ ਕੰਪੋਸਟਿੰਗ ਯੂਨਿਟ ਦਾ ਪਾਣੀ ਦੇ ਸ੍ਰੋਤ ਦੇ ਕੋਲ ਹੋਣਾ ਜ਼ਰੂਰੀ ਹੈ। ਜੇਕਰ ਖੇਤ ਬਹੁਤ ਵੱਡਾ ਹੋਵੇ ਤਾਂ ਸਾਰਾ ਕਚਰਾ ਇੱਕ ਜਗ੍ਹਾ ਇਕੱਠਾ ਕਰਨ ਦੀ ਬਜਾਏ 2-3 ਜਗ੍ਹਾਵਾਂ 'ਤੇ ਕੰਪੋਸਟ ਦੀਆਂ ਅਲੱਗ-ਅਲੱਗ ਇਕਾਈਆਂ ਬਣਾਈਆਂ ਜਾ ਸਕਦੀਆਂ ਹਨ। ਕੰਪੋਸਟਿੰਗ ਲਈ ਜਗ੍ਹਾ ਰਸਤੇ ਤੋਂ ਪਾਸੇ ਹੋਵੇ ਤਾਂ ਵਧੀਆ ਹੈ ਤਾਂਕਿ ਜਾਨਵਰਾਂ ਅਤੇ ਵਾਹਨਾਂ ਕਾਰਨ ਉਸਦਾ ਨੁਕਸਾਨ ਨਾ ਹੋਵੇ।
5. ਨਮੀ- ਸੂਖ਼ਮ ਜੀਵਾਣੂਆਂ ਨੂੰ ਨਮੀ ਦੀ ਜ਼ਰੂਰਤ ਹੁੰਦੀ ਹੈ। 50-60 ਪ੍ਰਤੀਸ਼ਤ ਨਮੀ ਵਿਘਟਨ ਦੀ ਪ੍ਰਕ੍ਰਿਆ ਲਈ ਜ਼ਰੂਰੀ ਹੈ। ਜ਼ਿਆਦਾ ਸੁੱਕਿਆ ਕਚਰਾ ਪਾਣੀ ਨਹੀ ਸੋਖਦਾ ਹੈ। ਅਜਿਹੀ ਪਰਿਸਥਿਤੀ ਵਿੱਚ ਉਸ ਵਿੱਚ ਹਰਾ ਕਚਰਾ, ਗੋਬਰ ਅਤੇ ਮਿੱਟੀ ਮਿਲਾ ਦੇਣੀ ਚਾਹੀਦੀ ਹੈ। ਜੇਕਰ ਕਚਰਾ ਜ਼ਿਆਦਾ ਨਮੀ ਵਾਲਾ ਹੋਵੇ ਤਾਂ ਸੁੱਕਿਆ ਕਚਰਾ ਮਿਲਾ ਕੇ ਸੰਤੁਲਨ ਬਣਾ ਲੈਕਾ ਚਾਹੀਦਾ ਹੈ। ਜ਼ਰੂਰੀ ਨਮੀ ਬਣਾਏ ਰੱਖਣ ਲਈ ਗਰਮੀਆਂ ਵਿੱਚ ਹਫ਼ਤੇ ਵਿੱਚ ਇੱਕ ਵਾਰ ਪਾਣੀ ਦੇਣਾ ਚਾਹੀਦਾ ਹੈ। ਬਰਸਾਤ ਅਤੇ ਸਰਦੀ ਵਿੱਚ ਵਾਰ-ਵਾਰ ਪਾਣੀ ਦੇਣ ਦੀ ਜ਼ਰੂਰਤ ਨਹੀ। ਜ਼ਰੂਰਤ ਮੁਤਾਬਿਕ ਹੀ ਦੇਣਾ ਚਾਹੀਦਾ ਹੈ।
6. ਹਵਾ ਦਾ ਵਹਿਣ- ਇੱਕ ਹੀ ਪ੍ਰਕਾਰ ਦੇ ਵੱਡੇ ਅਤੇ ਛੋਟੇ ਕਚਰੇ ਤੋਂ ਖਾਦ ਬਣਾਉਣ ਦਾ ਵੀ ਹਵਾ ਦੇ ਵਹਿਣ 'ਤੇ ਅਸਰ ਪੈਂਦਾ ਹੈ। ਵੱਡੇ ਕਚਰੇ ਜਿਵੇਂ ਗੰਨੇ ਦਾ ਕਚਰਾ ਆਦਿ ਦੇ ਢੇਰ ਵਿੱਚ ਬਹੁਤ ਜ਼ਿਆਦਾ ਖਾਲੀ ਸਥਾਨ ਛੁੱਟਣ ਕਾਰਨ ਹਵਾ ਦਾ ਵਹਿਣ ਬਹੁਤ ਜ਼ਿਆਦਾ ਹੁੰਦਾ ਹੈ ਜਿਸ ਨਾਲ ਨਮੀ ਹਵਾ ਵਿੱਚ ਉੱਡ ਜਾਂਦੀ ਹੈ। ਉਸੀ ਪ੍ਰਕਾਰ ਬਹੁਤ ਛੋਟੇ ਕਚਰੇ ਜਿਵੇਂ ਕਣਕ ਜਾਂ ਝੋਨੇ ਦੇ ਨਾੜ ਦਾ ਢੇਰ, ਗੋਬਰ ਦਾ ਢੇਰ ਆਦਿ ਕੰਪੈਕਟ ਹੋ ਜਾਂਦਾ ਹੈ ਅਤੇ ਉਸ ਵਿੱਚ ਹਵਾ ਦਾ ਵਹਿਣ ਸਹੀ ਤਰ੍ਹਾ ਨਹੀ ਹੋ ਪਾਉਂਦਾ ਜਿਸ ਨਾਲ ਕੰਪੋਸਟਿੰਗ ਦੀ ਪ੍ਰਕ੍ਰਿਆ ਸਹੀ ਤਰ੍ਹਾ ਨਹੀ ਹੋ ਪਾਉਂਦੀ। 15-20 ਦਿਨਾਂ ਦੇ ਅੰਤਰ 'ਤੇ ਟੋਏ ਜਾਂ ਢੇਰ ਨੂੰ ਪਲਟਣ ਨਾਲ ਹਵਾ ਦਾ ਵਹਿਣ ਵਧਦਾ ਹੈ ਅਤੇ ਕੰਪੋਸਟ ਦੀ ਪ੍ਰਕ੍ਰਿਆ ਜਲਦੀ ਹੁੰਦੀ ਹੈ।
7. ਤਾਪਮਾਨ- ਸੂਖ਼ਮ ਜੀਵਾਣੂਆਂ ਦੁਆਰਾ ਜੈਵਿਕ ਪਦਾਰਥਾਂ ਦੇ ਵਿਘਟਨ ਦੀ ਸਵਾਤੀ ਪ੍ਰਕ੍ਰਿਆ ਵਿੱਚ ਊਰਜਾ ਦਾ ਨਿਰਮਾਣ ਹੁੰਦਾ ਹੈ ਜਿਸ ਨਾਲ ਕੰਪੋਸਟ ਦੇ ਢੇਰ ਦਾ ਤਾਪਮਾਨ ਵਧਦਾ ਹੈ। ਤਾਪਮਾਨ ਦੇ ਵਧਣ ਅਤੇ ਘਟਣ ਨਾਲ ਸੂਖ਼ਮ ਜੈਵਕੀ ਪ੍ਰਕ੍ਰਿਆ ਦਾ ਸੰਚਾਲਨ ਹੁੰਦਾ ਹੈ। ਸ਼ੁਰੂ ਵਿੱਚ 25 ਤੋਂ ਲੈ ਕੇ 30 ਡਿਗਰੀ ਤਾਪਮਾਨ ਉੱਤੇ ਸਮਤਾਪੀ ਜੀਵਾਣੂ ਕੰਮ ਕਰਦੇ ਹਨ ਫਿਰ ਹੌਲੀ-ਹੌਲੀ ਜਿਵੇਂ-ਜਿਵੇਂ ਤਾਪਮਾਨ ਵਧਦਾ ਜਾਂਦਾ ਹੈ (45 ਤੋਂ 55 ਡਿਗਰੀ) ਊਸ਼ਣ ਤਾਪੀ ਜੀਵਾਣੂਆਂ ਦੀ ਪ੍ਰਕ੍ਰਿਆ ਸ਼ੁਰੂ ਹੋ ਜਾਂਦੀ ਹੈ। ਤਾਪਮਾਨ ਵਧ ਕੇ 60 ਤੋਂ 70 ਡਿਗਰੀ ਤੱਕ ਹੋ ਜਾਂਦਾ ਹੈ। ਉੱਚ ਤਾਪਮਾਨ 'ਤੇ ਬਿਮਾਰੀ ਪੈਦਾ ਕਰਨ ਵਾਲੇ ਕੀਟਾਣੂ ਅਤੇ ਨਦੀਨਾਂ ਦੇ ਬੀਜ ਮਰ ਜਾਂਦੇ ਹਨ। ਊਸ਼ਣ ਤਾਪੀ ਅਵਸਥਾ ਵਿੱਚ ਕਈ ਜੈਵ-ਰਸਾਇਣਿਕ ਪ੍ਰਕ੍ਰਿਆਵਾਂ ਹੁੰਦੀਆਂ ਹਨ ਅਤੇ ਕਚਰੇ ਦਾ ਖਾਦ ਦੇ ਰੂਪ ਵਿੱਚ ਪਰਿਵਰਤਨ ਹੁੰਦਾ ਹੈ। ਇਹ ਅਵਸਥਾ 8-10 ਦਿਨਾਂ ਤੱਕ ਬਣੀ ਰਹਿੰਦੀ ਹੈ ਜੋ ਕੰਪੋਸਟਿੰਗ ਦੀ ਪ੍ਰਕ੍ਰਿਆ ਪੂਰੀ ਹੋਣ ਦੇ ਲਈ ਜ਼ਰੂਰੀ ਹੈ। 10-15 ਦਿਨਾਂ ਬਾਅਦ ਹੌਲੀ-ਹੌਲੀ ਤਾਪਮਾਨ ਘੱਟ ਹੋ ਜਾਂਦਾ ਹੈ ਅਤੇ ਦੁਬਾਰਾ ਸਮਤਾਪੀ ਸੂਖ਼ਮ ਜੀਵਾਂ ਦੀਆਂ ਗਤੀਵਿਧੀਆਂ ਵਧਦੀਆਂ ਹਨ। ਇਸ ਤਰ੍ਹਾ ਕਚਰੇ ਦੇ ਢੇਰ ਜਾਂ ਟੋਏ ਵਿੱਚ ਤਾਪਮਾਨ ਦਾ ਘਟਣਾ ਅਤੇ ਵਧਣਾ ਹੀ ਵਿਘਟਨ ਦੀ ਪ੍ਰਕ੍ਰਿਆ ਦਾ ਸੁਚਾਰੂ ਰੂਪ ਨਾਲ ਚੱਲਣ ਦਾ ਸੂਚਕ ਹੈ।
8. ਖਾਦ ਦਾ ਤਿਆਰ ਹੋਣਾ- ਕੰਪੋਸਟ ਦੇ ਤਿਆਰ ਹੋਣ ਦਾ ਸਮਾਂ ਕਚਰੇ ਦੇ ਪ੍ਰਕਾਰ ਉੱਪਰ ਨਿਰਭਰ ਕਰਦਾ ਹੈ। ਜੇਕਰ ਕਚਰਾ ਹਰਾ ਹੈ ਤਾਂ ਇੱਕ ਜਾਂ ਦੋ ਮਹੀਨੇ ਵਿੱਚ ਖਾਦ ਬਣ ਜਾਂਦਾ ਹੈ ਜਦੋਂਕਿ ਜੇਕਰ ਕਚਰਾ ਸੁੱਕਾ ਹੈ ਤਾਂ ਖਾਦ 3 ਤੋਂ 6 ਮਹੀਨੇ ਵਿੱਚ ਤਿਆਰ ਹੁੰਦਾ ਹੈ। ਖਾਦ ਦਾ ਤਿਆਰ ਹੋਣਾ ਕਚਰੇ ਦੇ ਢੇਰ ਵਿੱਚ ਨਮੀ, ਹਵਾ ਦੇ ਵਹਿਣ ਅਤੇ ਢੇਰ ਦੇ ਤਾਪਮਾਨ ਉੱਪਰ ਨਿਰਭਰ ਕਰਦਾ ਹੈ।
9. ਪੀ ਐੱਚ ਸਤਰ- ਵਿਘਅਨ ਦੀ ਪ੍ਰਕ੍ਰਿਆ ਦੇ ਦੌਰਾਨ ਕਚਰੇ ਦਾ ਪੀ ਐੱਚ ਵੀ ਬਦਲਦਾ ਹੈ, ਇਸ ਪ੍ਰਕ੍ਰਿਆ ਦੇ ਆਰੰਭ ਵਿੱਚ ਜੈਵ-ਰਸਾਇਣਿਕ ਕ੍ਰਿਆਵਾਂ ਦੇ ਦੌਰਾਨ ਕਈ ਅਮਲ ਬਣਦੇ ਹਨ ਇਸਲਈ ਉਦੋਂ ਪੀ ਐੱਚ ਤੇਜਾਬੀ ਹੁੰਦਾ ਹੈ (6-7)। ਬਾਅਦ ਵਿੱਚ ਵਿਘਟਨ ਦੀ ਪ੍ਰਕ੍ਰਿਆ ਦੇ ਦੌਰਾਨ ਇਹ ਵਧਦਾ ਹੈ ਅਤੇ ਖਾਦ ਦੇ ਤਿਆਰ ਹੋਣ ਤੱਕ ਖਾਰ (8-9) ਹੋ ਜਾਂਦਾ ਹੈ। ਇਸ ਪ੍ਰਕਾਰ ਕੰਪੋਸਟ ਦਾ ਪੀ ਐੱਚ ਮਾਨ (7-9) ਵੀ ਖਾਦ ਦੇ ਤਿਆਰ ਹੋਣ ਦਾ ਸੂਚਕ ਹੈ।
10. ਵਾਤਾਵਰਣ- ਵਾਤਾਵਰਣ ਵਿੱਚ ਪਰਿਵਰਤਨਾਂ ਦਾ ਸਿੱਧਾ ਅਸਰ ਕੰਪੋਸਟਿੰਗ ਦੀ ਪ੍ਰਕ੍ਰਿਆ ਉੱਤੇ ਪੈਂਦਾ ਹੈ। ਜਿਵੇਂ ਬਾਰਿਸ਼ ਦੇ ਦਿਨਾਂ ਵਿੱਚ ਟੋਇਆਂ ਵਿੱਚ ਪਾਣੀ ਭਰ ਜਾਣ ਦਾ ਵਿਘਟਨ ਦੀ ਪ੍ਰਕ੍ਰਿਆ ਉੱਪਰ ਉਲਟ ਅਸਰ ਪੈਂਦਾ ਹੈ। ਇਸੇ ਤਰ੍ਹਾ ਜ਼ਿਆਦਾ ਠੰਡ ਦੇ ਮੌਸਮ ਵਿੱਚ ਵਿਘਟਨ ਦੀ ਪ੍ਰਕ੍ਰਿਆ ਵਿੱਚ ਉਤਪੰਨ ਊਰਜਾ ਵਾਤਾਵਰਣ ਵਿੱਚ ਲੁਪਤ ਹੋ ਜਾਂਦੀ ਹੈ ਅਤੇ ਕੰਪੋਸਟਿੰਗ ਦੀ ਪ੍ਰਕ੍ਰਿਆ ਲਈ ਉਪਯੁਕਤ ਤਾਪਮਾਨ ਢੇਰ ਵਿੱਚ ਨਹੀ ਵਧ ਪਾਉਂਦਾ। ਇਸਲਈ ਜ਼ਰੂਰੀ ਹੈ ਕਿ ਕੰਪੋਸਟਿੰਗ ਦੀ ਵਿਧੀ ਦੀ ਚੋਣ ਮੌਸਮ ਦੇ ਅਨੁਸਾਰ ਹੋਣੀ ਚਾਹੀਦੀ ਹੈ। ਜਿਵੇਂ ਗਰਮੀ ਅਤੇ ਸਰਦੀ ਦੀ ਰੁੱਤ ਵਿੱਚ ਕੰਪੋਸਟ ਟੋਏ ਵਿੱਚ ਬਣਾਈ ਜਾਣੀ ਚਾਹੀਦੀ ਹੈ। ਕੰਪੋਸਟ ਚਾਹੇ ਟੋਏ, ਢੇਰ ਜਾਂ ਟੈਂਕ ਵਿੱਚ ਬਣਾਈ ਜਾ ਰਹੀ ਹੋਵੇ, ਢੇਰ ਪੂਰਾ ਹੋ ਜਾਣ ਤੋਂ ਬਾਅਦ ਉਸਨੂੰ ਮਿੱਟੀ ਦੀ ਮੋਟੀ ਤਹਿ ਜਾਂ ਕਚਰੇ ਦੀ ਮੋਟੀ ਤਹਿ, ਪਲਾਸਟਿਕ ਸ਼ੀਟ ਜਾਂ ਬੋਰੀ ਆਦਿ ਨਾਲ ਢਕਣਾ ਜ਼ਰੂਰੀ ਹੈ ਤਾਂਕਿ ਉਸਦਾ ਵਾਤਾਵਰਣ ਨਾਲ ਸੰਪਰਕ ਘੱਟ ਹੋਵੇ ਅਤੇ ਵਾਤਾਵਰਣ ਵਿੱਚ ਹੋ ਰਹੇ ਪਰਿਵਰਤਨਾਂ ਦਾ ਸਿੱਧਾ ਪ੍ਰਭਾਵ ਉਸ ਉੱਪਰ ਨਾ ਪਏ। ਇਸੇ ਤਰ੍ਹਾ ਕੰਪੋਸਟਿੰਗ ਖੇਤਰ ਦਾ ਛਾਂਦਾਰ ਹੋਣਾ ਵੀ ਵਾਤਾਵਰਣ ਵਿੱਚ ਹੋਣ ਵਾਲੇ ਪਰਿਵਰਤਨਾਂ ਦਾ ਅਸਰ ਘੱਟ ਕਰਦਾ ਹੈ।
ਜੇਕਰ ਕੰਪੋਸਟ ਬਣਾਉਣ ਤੋਂ ਪਹਿਲਾਂ ਉਪਰਲਿਖਿਤ ਸਾਰੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਕਿਸੇ ਵੀ ਪ੍ਰਕਾਰ ਦੇ ਜੈਵਿਕ ਕਚਰੇ ਤੋਂ ਵਧੀਆ ਗੁਣਵੱਤਾ ਵਾਲੀ ਖਾਦ ਬਣਾਈ ਜਾ ਸਕਦੀ ਹੈ ਜੋ ਨਾ ਸਿਰਫ਼ ਫਸਲ ਨੂੰ ਸੰਪੂਰਨ ਪੋਸ਼ਕ ਤੱਤ ਪ੍ਰਦਾਨ ਕਰੇਗੀ ਬਲਕਿ ਮਿੱਟੀ ਵਿੱਚ ਪੋਸ਼ਕ ਤੱਤਾਂ ਦੇ ਚੱਕਰਾਂ ਨੂੰ ਚਲਾਉਣ ਵਾਲੇ ਅਣਗਿਣਤ ਸੂਖ਼ਮ ਜੀਵਾਣੂ ਵੀ ਵਿਕਸਿਤ ਕਰੇਗੀ ਜੋ ਮਿੱਟੀ ਨੂੰ ਸਥਾਈ ਰੂਪ ਨਾਲ ਉਪਜਾਊ ਬਣਾਉਣਗੇ।
*ਜੈਵਿਕ ਖਾਦ- ਤੰਤਰ ਗਿਆਨ ਪੁਸਤਕ ਵਿਚੋਂ
No comments:
Post a Comment
Thanks for your feedback