Friday, January 18, 2013

ਆਓ !ਕੀਟਾਂ ਨੂੰ ਸਮਝੀਏ ......


ਕੀਟਾਂ ਬਾਰੇ ਗੱਲ ਕਰਨ ਤੇ ਕਿਸਾਨ ਦੇ ਮਨ ਵਿੱਚ ਜੋ ਪਹਿਲੀ ਗੱਲ ਆਉਂਦੀ ਹੈ, ਉਹ ਹੈ ਕੀਟਨਾਸ਼ਕ ਜ਼ਹਿਰਾਂ ਨੂੰ ਛਿੜਕ ਕੇ ਇਹਨਾਂ ਕੀਟਾਂ ਨੂੰ ਖ਼ਤਮ ਕਰਨ ਦੀ। ਹਰੀ ਕ੍ਰਾਂਤੀ ਆਉਣ ਤੋਂ ਪਹਿਲਾਂ ਕਿਸਾਨਾਂ ਦੇ ਮਨ ਵਿੱਚ ਕੀਟਾਂ ਲਈ ਕੋਈ ਵੈਰ-ਵਿਰੋਧ ਨਹੀ ਸੀ, ਫਿਰ ਅਚਾਨਕ ਅਜਿਹਾ ਕੀ ਹੋ ਗਿਆ ਕਿ ਕਿਸਾਨ ਅਤੇ ਕੀਟਾਂ ਵਿਚਕਾਰ ਜੰਗ ਛਿੜ ਗਈ। ਕਿਸਾਨ ਹੱਥ ਧੋ ਕੇ ਇਹਨਾਂ ਕੀਟਾਂ ਮਗਰ ਪੈ ਗਿਆ ਪਰ ਇਹ ਕੀਟ ਫਿਰ ਵੀ ਕਿਸਾਨ ਤੋਂ ਕਾਬੂ ਨਾ ਆਏ। ਇਹਨਾਂ ਕੀਟਾਂ ਤੋਂ ਜੇ ਕਿਸਾਨ ਨੇ ਜੰਗ ਜਿੱਤਣੀ ਹੈ ਤਾਂ ਪਹਿਲਾਂ ਇਹਨਾਂ ਨੂੰ ਸਮਝਣਾ ਪਏਗਾ ਅਤੇ ਆਪਣਾ ਨਜ਼ਰੀਆ ਵੀ ਬਦਲਣਾ ਪਏਗਾ। ਪ੍ਰਕ੍ਰਿਤੀ ਨੇ ਇਹਨਾਂ ਨੂੰ ਕਿਸਾਨ ਦਾ ਦੁਸ਼ਮਣ ਨਹੀਂ ਬਣਾਇਆ ਬਲਕਿ ਇਹ ਤਾਂ ਬਾਕੀਆਂ ਵਾਂਗ ਹੀ ਪ੍ਰਕ੍ਰਿਤੀ ਦੁਆਰਾ ਦਿੱਤਾ ਕੰਮ ਹੀ ਕਰ ਰਹੇ ਨੇ। ਕੁੱਝ ਕੀਟਾਂ ਦਾ ਸ਼ਾਕਾਹਾਰੀ ਸੁਭਾਅ ਇਹਨਾਂ ਨੂੰ ਸਾਡਾ ਦੁਸ਼ਮਣ ਬਣਾਉਦਾ ਹੈ ਅਤੇ ਦੂਜੇ ਪਾਸੇ ਕੁੱਝ ਕੀਟਾਂ ਦਾ ਮਾਂਸਾਹਾਰੀ ਸੁਭਾਅ ਉਹਨਾਂ ਨੂੰ ਸਾਡਾ ਮਿੱਤਰ ਬਣਾਉਂਦਾ ਹੈ। ਇਸ ਲਈ ਇਹਨਾਂ ਕੀਟਾਂ ਤੋ ਜਿੱਤਨ ਦੇ ਲਈ ਪਹਿਲਾਂ ਇਹਨਾਂ ਨੂੰ ਸਮਝਣਾ ਪਏਗਾ।

ਪ੍ਰਕ੍ਰਿਤੀ ਨੇ ਇਹਨਾਂ ਨੂੰ ਕਿਸਾਨ ਦਾ ਦੁਸ਼ਮਣ ਨਹੀਂ ਬਣਾਇਆ ਬਲਕਿ ਇਹ ਤਾਂ ਬਾਕੀਆਂ ਵਾਂਗ ਹੀ ਪ੍ਰਕ੍ਰਿਤੀ ਦੁਆਰਾ ਦਿੱਤਾ ਕੰਮ ਹੀ ਕਰ ਰਹੇ ਨੇ। ਕੁੱਝ ਕੀਟਾਂ ਦਾ ਸ਼ਾਕਾਹਾਰੀ ਸੁਭਾਅ ਇਹਨਾਂ ਨੂੰ ਸਾਡਾ ਦੁਸ਼ਮਣ ਬਣਾਉਦਾ ਹੈ ਅਤੇ ਦੂਜੇ ਪਾਸੇ ਕੁੱਝ ਕੀਟਾਂ ਦਾ ਮਾਂਸਾਹਾਰੀ ਸੁਭਾਅ ਉਹਨਾਂ ਨੂੰ ਸਾਡਾ ਮਿੱਤਰ ਬਣਾਉਂਦਾ ਹੈ। ਇਸ ਲਈ ਇਹਨਾਂ ਕੀਟਾਂ ਤੋ ਜਿੱਤਨ ਦੇ ਲਈ ਪਹਿਲਾਂ ਇਹਨਾਂ ਨੂੰ ਸਮਝਣਾ ਪਏਗਾ। ਇਹ ਕੀਟ ਧਰਤੀ ਉੱਪਰ ਲਗਭਗ 33 ਕਰੋੜ ਸਾਲ ਪਹਿਲਾਂ ਆਏ ਜਦਕਿ ਕਿਸਾਨ ਸਿਰਫ਼ 10 ਲੱਖ ਸਾਲ ਪਹਿਲਾਂ ਇਸ ਧਰਤੀ ਉੱਤੇ ਆਇਆ। ਇਹਨਾਂ ਕੀਟਾਂ ਨੇ ਅੱਗ ਦੇ, ਬਰਫ਼ ਦੇ ਯੁੱਗ ਵੇਖੇ ਅਤੇ ਇਹਨਾਂ ਯੁੱਗਾ ਨੂੰ ਪਾਰ ਕਰਦੇ ਹੋਏ ਅੱਜ ਤੱਕ ਜੀਵਿਤ ਹਨ। ਤਾਂ ਫਿਰ ਕਿਸਾਨ ਕਿਵੇਂ ਇਹਨਾਂ ਦਾ ਵੰਸ਼-ਨਾਸ਼ ਕਰ ਸਕਦਾ ਹੈ। ਅੱਜ ਹਰ ਕੰਪਨੀ ਨਵੇਂ ਤੋ ਨਵੇਂ ਕੀਟਨਾਸ਼ਕ ਨਾਲ ਇਹਨਾਂ ਕੀਟਾ ਨੂੰ ਖ਼ਤਮ ਕਰਨ ਦਾ ਦਾਅਵਾ ਕਰਦੀ ਹੈ, ਪਰ ਜ਼ਰਾ ਸੋਚੋ ਕਿ ਜੇ ਇੰਝ ਹੋ ਸਕਦਾ ਤਾਂ ਅੱਜ ਚਾਲੀ ਸਾਲਾਂ ਵਿੱਚ ਇਹਨਾਂ ਕੀਟਾ ਦਾ ਨਾਮੋ-ਨਿਸ਼ਾਨ ਵੀ ਨਹੀ ਰਹਿਣਾ ਚਾਹੀਦਾ ਸੀ, ਪਰ ਇੰਝ ਨਹੀ ਹੋਇਆ ਅਤੇ ਕਿਸਾਨ ਹਰ ਵਾਰ ਇਹਨਾਂ ਕੀਟਾਂ ਨੂੰ ਕੰਟਰੋਲ ਕਰਨ ਦੇ ਨਾਮ ਉੱਤੇ ਇਹਨਾਂ ਕੰਪਨੀਆਂ ਵੱਲੋਂ ਲੁੱਟਿਆ ਗਿਆ। ਸੋ ਇਹਨਾਂ ਕੀਟਾ ਨਾਲ ਆਪਣੀ ਜੰਗ ਵਿੱਚ ਕਿਸਾਨ ਅੱਜ ਤੱਕ ਇਹਨਾਂ ਕੀਟਨਾਸ਼ਕ ਜ਼ਹਿਰਾਂ ਦੇ ਸਿਰ ਉੱਤੇ ਨਹੀ ਜਿੱਤ ਪਾਇਆ ਹੈ ਅਤੇ ਨਾ ਹੀ ਆਉਣ ਵਾਲੇ ਸਮੇਂ ਵਿੱਚ ਜਿੱਤ ਸਕੇਗਾ।

ਇਹ ਸਭ ਪੜ੍ਹਨ ਤੋਂ ਬਾਅਦ ਕਿਸਾਨਾਂ ਦੇ ਮਨ ਵਿੱਚ ਇੱਕ ਸਵਾਲ ਜ਼ਰੂਰ ਉੱਠ ਰਿਹਾ ਹੋਵੇਗਾ ਕਿ ਜੇ ਕੀਟਨਾਸ਼ਕ ਜ਼ਹਿਰਾਂ ਨਹੀ ਵਰਤਣੀਆਂ ਤਾਂ ਇਹਨਾਂ ਨੂੰ ਕਾਬੂ ਕਿਵੇਂ ਕੀਤਾ ਜਾਵੇ। ਇਸ ਸਵਾਲ ਦਾ ਜਵਾਬ ਹੈ - ਕੀਟਾਂ ਨੂੰ ਜਾਣ-ਸਮਝ ਕੇ। ਜਿਵੇਂ ਕਿਸੇ ਦੁਸ਼ਮਣ ਨਾਲ ਜੰਗ ਜਿੱਤਣ ਲਈ ਉਸ ਦੀ ਤਾਕਤ, ਉਸਦੀ ਕਮਜ਼ੋਰੀ ਅਤੇ ਉਸਦੇ ਭੇਦਾ ਬਾਰੇ ਪਤਾ ਹੋਣਾ ਜ਼ਰੂਰੀ ਹੈ, ਠੀਕ ਇਸੇਂ ਤਰ੍ਹਾ ਸਾਨੂੰ ਕੀਟਾ ਨਾਲ ਆਪਣੀ ਜੰਗ ਜਿੱਤਣ ਲਈ ਇਹਨਾਂ ਦੀ ਪਛਾਣ, ਇਹਨਾਂ ਦੀ ਤਾਕਤ ਅਤੇ ਕਮਜ਼ੋਰੀ ਬਾਰੇ ਪਤਾ ਹੋਣਾ ਚਾਹੀਦਾ ਹੈ ਫਿਰ ਹੀ ਇਹ ਜੰਗ ਜਿੱਤੀ ਜਾ ਸਕੇਗੀ। ਮਹਾਭਾਰਤ ਜਿਹੀ ਵੱਡੀ ਲੜ੍ਹਾਈ ਸਿਰਫ 18 ਦਿਨ ਵਿੱਚ ਖ਼ਤਮ ਹੋ ਗਈ ਕਿਉਂਕਿ ਕੌਰਵਾਂ ਅਤੇ ਪਾਂਡਵਾਂ ਨੂੰ ਇੱਕ ਦੂਜੇ ਦੇ ਭੇਦਾ, ਤਾਕਤ ਅਤੇ ਕਮਜ਼ੋਰੀਆਂ ਦੀ ਪੂਰੀ ਜ਼ਾਣਕਾਰੀ ਸੀ। ਜਦਕਿ ਕਿਸਾਨਾਂ ਕੋਲ ਕੀਟਾ ਬਾਰੇ ਇਸ ਤਰ੍ਹਾ ਦੀ ਕੋਈ ਜਾਣਕਾਰੀ ਨਹੀ, ਇਸਲਈ ਕਿਸਾਨ ਅੱਜ ਤੱਕ ਇਹ ਜੰਗ ਨਹੀ ਜਿੱਤ ਸਕਿਆ। ਦੂਸਰੀ ਮਹੱਤਵਪੂਰਨ ਗੱਲ, ਮਹਾਂਭਾਰਤ ਦੀ ਲੜ੍ਹਾਈ ਵਿੱਚ ਹਰ ਯੋਧੇ ਕੋਲ ਦੋ ਤਰ੍ਹਾ ਦੇ ਹਥਿਆਰ ਸਨ, ਇੱਕ ਖ਼ੁਦ ਦੀ ਰੱਖਿਆ ਕਰਨ ਲਈ ਅਤੇ ਇੱਕ ਦੂਸਰਿਆਂ ਨੂੰ ਮਾਰਨ ਵਾਸਤੇ, ਪਰ ਸਾਡੇ ਕਿਸਾਨਾ ਕੋਲ ਸਿਰਫ ਮਾਰਨ ਵਾਲੇ ਹਥਿਆਰ ਹਨ ਅਤੇ ਉਹ ਵੀ ਬੇਗਾਨੇ। ਅਤੇ ਬੇਗਾਨੇ ਹਥਿਆਰਾਂ ਨਾਲ ਜੰਗ ਨਹੀ ਜਿੱਤੀ ਜਾਂਦੀ। ਇਸਲਈ ਅੱਜ ਤੱਕ ਇਹ ਜੰਗ ਜਾਰੀ ਹੈ।

ਸੋ ਕਿਸਾਨਾਂ ਨੇ ਜੇ ਇਹ ਜੰਗ ਜਿੱਤਣੀ ਹੈ ਤਾਂ ਉਸ ਨੂੰ ਤਿੰਨ ਕੰਮ ਕਰਨੇ ਪੈਣਗੇ-

1. ਕੀਟਾਂ ਦੀਆਂ ਵਿਭਿੰਨ ਅਵਸਥਾਵਾਂ ਦੀ ਸਹੀ ਪਹਿਚਾਨ

2. ਕੀਟਾਂ ਦੇ ਭੇਦ ਜਾਣਨੇ

3. ਆਪਣੇ ਖ਼ੁਦ ਦੇ ਹਥਿਆਰ ਵਿਕਸਿਤ ਕਰਨੇ।

ਕੀਟ ਕੀ ਹਨ?

ਕੀਟ ਉਹਨਾਂ ਰੀੜ੍ਹ ਵਿਹੀਨ ਜੀਵਾ ਨੂੰ ਕਿਹਾ ਜਾਂਦਾ ਹੈ, ਜਿੰਨ੍ਹਾਂ ਦਾ ਸ਼ਰੀਰ ਤਿੰਨ ਭਾਗਾਂ ਸਿਰ, ਧੜ ਅਤੇ ਪੇਟ ਵਿੱਚ ਵੰਡਿਆ ਹੁੰਦਾ ਹੈ ਅਤੇ ਦੋ ਜੋੜੀ ਖੰਭ ਅਤੇ ਤਿੰਨ ਜੋੜੀ ਲੱਤਾ ਹੁੰਦੀਆਂ ਹਨ। ਕੀਟ ਦੀਆਂ ਅੱਖਾ, ਮੂੰਹ ਅਤੇ ਐਟੀਨਾ ਇਸਦੇ ਸਿਰ ਵਾਲੇ ਹਿੱਸੇ ਵਿੱਚ ਹੁੰਦੀਆ ਹਨ। ਲੱਤਾ ਅਤੇ ਖੰਭ ਧੜ ਉੱਪਰ ਹੁੰਦੇ ਹਨ। ਇਹਨਾਂ ਦੀਆਂ ਚਾਰ ਅਵਸਥਾਵਾਂ ਹੁੰਦੀਆਂ ਹਨ- ਅੰਡਾ, ਲਾਰਵਾ, ਪਿਊਪਾ ਅਤੇ ਬਾਲਗ। ਲਾਰਵਾ(ਸੁੰਡੀ) ਵਿੱਚ ਹੀ ਕੀਟ ਨੁਕਸਾਨ ਪਹੁੰਚਾਉਦੇ ਹਨ। ਕੀਟਾਂ ਦਾ ਖ਼ੂਨ ਹਵਾ ਦੇ ਸੰਪਰਕ ਵਿੱਚ ਆਉਣ ਤੇ ਨਹੀ ਜੰਮਦਾ। ਇਸ ਲਈ ਖ਼ੂਨ ਵਹਿ ਜਾਣ ਨਾਲ ਵੀ ਇਹਨਾਂ ਦੀ ਮੌਤ ਯਕੀਨੀ ਹੈ।

ਭੋਜਨ ਦੀ ਤਾਸੀਰ ਦੇ ਆਧਾਰ ਉੱਤੇ ਕੀਟ ਦੋ ਪ੍ਰਕਾਰ ਦੇ ਹਨ- ਮਾਂਸਾਹਾਰੀ ਅਤੇ ਸ਼ਾਕਾਹਾਰੀ।

ਸ਼ਾਕਾਹਾਰੀ ਕੀਟਾਂ ਨੂੰ ਮੂੰਹ ਦੀ ਬਨਾਵਟ ਦੇ ਆਧਾਰ ਤੇ ਮੁੱਖ ਤੌਰ ਤੇ 2 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ-

1. ਛੇਦਕ ਅਤੇ ਪੱਤੇ ਖਾਣ ਵਾਲੇ- ਇਹ ਕੀਟ ਪੱਤੇ, ਤਣਾ, ਜੜ੍ਹ, ਫੁੱਲ ਅਤੇ ਪੌਦੇ ਦਾ ਫਲ ਖਾਂਦੇ ਹਨ। ਇਹਨਾਂ ਦੀ ਜਿੰਦਗੀ ਦੀਆਂ ਚਾਰ ਅਵਸਥਾਵਾਂ ਹੁੰਦੀਆਂ ਹਨ- ਅੰਡਾ, ਲਾਰਵਾ, ਪਿਊਪਾ ਅਤੇ ਬਾਲਗ। ਪਿਊਪਾ, ਬਾਲਗ ਅਤੇ ਅੰਡਾ ਅਵਸਥਾ ਫ਼ਸਲ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਦੇ ਜਦਕਿ ਲਾਰਵਾ ਫ਼ਸਲ ਨੂੰ ਖਾ ਕੇ ਆਰਥਿਕ ਨੁਕਸਾਨ ਪਹੁੰਚਾਉਂਦੇ ਹਨ।

2. ਰਸ ਚੂਸਕ- ਇਹ ਕੀਟ ਪੱਤੇ, ਤਣੇ ਅਤੇ ਫਲ ਦਾ ਰਸ ਚੂਸਦੇ ਹਨ। ਇਹਨਾਂ ਦੀ ਜਿੰਦਗੀ ਦੀਆਂ ਤਿੰਨ ਅਵਸਥਾਵਾਂ ਹੁੰਦੀਆਂ ਹਨ - ਅੰਡਾ, ਨਿਮਫ(ਬੱਚੇ) ਅਤੇ ਬਾਲਗ। ਇਹਨਾਂ ਵਿੱਚੋਂ ਅੰਡਾ ਕੋਈ ਨੁਕਸਾਨ ਨਹੀਂ ਕਰਦਾ ਚਦਕਿ ਨਿਮਫ ਅਤੇ ਬਾਲਗ ਰਸ ਚੂਸ ਕੇ ਫਸਲ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਹ ਕੁੱਝ ਫ਼ਸਲਾਂ ਵਿੱਚ ਵਿਸ਼ਾਣੂ ਰੋਗਾਂ ਨੂੰ ਫੈਲਾਉਣ ਲਈ ਵਾਹਕ ਦਾ ਕੰਮ ਵੀ ਕਰਦੇ ਹਨ।

ਪਰ ਸਾਨੂੰ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈ ਕਿਓਂਕਿ ਜੇ ਸਾਡੀ ਫ਼ਸਲ ਨੂੰ ਖਾਣ ਵਾਲੇ ਕੀੜੇ ਹਨ ਤਾਂ ਕੁਦਰਤ ਨੇ ਇਹਨਾਂ ਕੀੜਿਆਂ ਨੂੰ ਖਾਣ ਵਾਲੇ ਜੀਵ ਵੀ ਪੈਦਾ ਕੀਤੇ ਹੋਣਗੇ। ਸੋ ਆਪਾਂ ਅਜਿਹੇ ਹੀ ਸ਼ਾਕਾਹਾਰੀ ਕੀਟਾਂ ਨੂੰ ਖਾਣ ਵਾਲੇ ਮਾਸਾਹਾਰੀ ਕੀੜਿਆਂ ਬਾਰੇ ਜਾਣ ਕੇ ਆਪਣਾ ਕੀਟਨਾਸ਼ਕਾਂ ਉੱਪਰ ਹੋਣ ਵਾਲਾ ਖ਼ਰਚ ਬਚਾ ਸਕਦੇ ਹਾਂ।

ਸ਼ਾਕਾਹਾਰੀ ਕੀੜਿਆ ਨੂੰ ਖ਼ਤਮ ਕਰਨ ਵਾਲੇ ਕੁਦਰਤ ਵਿੱਚ ਬਹੁਤ ਸਾਰੇ ਮਾਸਾਹਾਰੀ ਕੀੜੇ ਜਿਵੇਂ ਪਰਜੀਵੀ,ਸ਼ਿਕਾਰੀ, ਮੱਕੜੀਆਂ ਅਤੇ ਪੰਛੀ ਆਦਿ ਹਨ ਜਿਹੜੇ ਇਹਨਾਂ ਸ਼ਾਕਾਹਾਰੀ ਕੀੜਿਆਂ ਨੂੰ ਖਾਂਦੇ ਹਨ। ਧਰਤੀ ਉੱਪਰ ਰਹਿਣ ਵਾਲੇ ਸਜੀਵ ਜੀਵਾਂ ਦੀ ਕੁੱਲ ਆਬਾਦੀ ਦਾ 75 ਪ੍ਰਤੀਸ਼ਤ ਕੀੜੇ ਹਨ। ਇਹਨਾਂ ਵਿੱਚੋਂ ਸਿਰਫ਼ 10-15 ਪ੍ਰਤੀਸ਼ਤ ਹੀ ਫ਼ਸਲਾਂ ਦਾ ਆਰਥਿਕ ਨੁਕਸਾਨ ਕਰਦੇ ਹਨ। ਕੀਟਨਾਸ਼ਕਾਂ ਦਾ ਪ੍ਰਯੋਗ ਬੰਦ ਕਰਕੇ ਅਤੇ ਕੁੱਝ ਆਸਾਨ ਪ੍ਰੰਪਰਾਗਤ ਤਰੀਕੇ ਅਪਣਾ ਕੇ ਇਹਨਾਂ ਮਿੱਤਰ ਕੀੜਿਆਂ ਨੂੰ ਉਤਸਾਹਿਤ ਕੀਤਾ ਜਾ ਸਕਦਾ ਹੈ। ਸਾਨੂੰ ਟਿਕਾਊ ਅਤੇ ਜ਼ਿਆਦਾ ਝਾੜ ਲੈਣ ਲਈ ਸਾਡੇ ਮਿੱਤਰ ਮਾਸਾਹਾਰੀ ਕੀੜਿਆਂ ਲਈ ਢੁੱਕਵਾਂ ਵਾਤਾਵਰਣ ਪ੍ਰਦਾਨ ਕਰਨਾ ਹੋਵੇਗਾ।

ਫ਼ਸਲ ਕੀਟ ਪ੍ਰਬੰਧਨ ਵਿੱਚ ਕਿਸਾਨਾਂ ਦੇ ਮਿੱਤਰ ਕੀੜਿਆਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ -

ਪਰਜੀਵੀ ਅਤੇ ਸ਼ਿਕਾਰੀ

ਪਰਜੀਵੀ- ਇਹ ਭੂੰਡਾਂ ਅਤੇ ਮੱਖੀਆਂ ਦੇ ਪਰਿਵਾਰ ਨਾਲ ਸੰਬੰਧਿਤ ਹਨ। ਇਹ ਪਰਜੀਵੀ, ਕੀੜੇ ਦੇ ਸਰੀਰ ਦੇ ਅੰਦਰ ਰਹਿ ਕੇ ਆਪਣੇ ਜੀਵਨ ਦੀਆਂ ਅਵਸਥਾਵਾਂ ਪੂਰੀਆਂ ਕਰਦੇ ਹਨ ਅਤੇ ਬਾਲਗ ਪਰਜੀਵੀ ਖੁਲ੍ਹੇ ਵਿੱਚ ਰਹਿੰਦੇ ਹਨ। ਭੂੰਡਾਂ ਕੋਲ ਸੂਈ ਵਾਂਗ ਇੰਕ ਅੰਗ ਹੁੰਦਾ ਹੈ ਜਿਸਨੂੰ ਉਹ ਜ਼ਹਿਰੀਲੇ ਤੱਤ ਅਤੇ ਅੰਡੇ ਦੂਜੇ ਦੇ ਸ਼ਰੀਰ ਵਿੱਚ ਦੇਣ ਲਈ ਵਰਤਦੇ ਹਨ। ਮੱਖੀਆਂ ਕੋਲ ਅਜਿਹਾ ਅੰਗ ਨਹੀਂ ਹੁੰਦਾ ਇਸਲਈ ਉਹ ਆਪਣੇ ਅੰਡੇ ਪੱਤੇ ਉੱਪਰ ਕੀੜੇ ਦੇ ਇਰਦ-ਗਿਰਦ ਜਾਂ ਉਸਦੇ ਸ਼ਰੀਰ ਉੱਪਰ ਦਿੰਦੀਆਂ ਹਨ। ਜਦ ਅੰਡੇ ਵਿੱਚੋਂ ਬੱਚੇ ਨਿਕਲਦੇ ਹਨ ਤਾਂ ਉਾਨਾਂ ਦੇ ਆਸ-ਪਸਾ ਹੀ ਭੋਜਨ ਹੁੰਦਾ ਹੈ ਅਤੇ ਉਹ ਉਸ ਕੀੜੇ ਦੇ ਸ਼ਰੀਰ ਵਿੱਚ ਮੋਰੀ ਕਰ ਦਿੰਦੇ ਹਨ ਅਤੇ ਅੰਦਰੋਂ ਉਸ ਨੂੰ ਖਾਣਾ ਸ਼ੁਰੂ ਕਰ ਦਿੰਦੇ ਹਨ।

ਸ਼ਿਕਾਰੀ- ਇਸ ਅਧੀਨ ਬਹੁਤ ਤਰ੍ਹਾ ਦੀਆਂ ਕਿਸਮਾਂ ਆਉਦੀਆਂ ਹਨ ਜਿਵੇਂ ਕੁੱਝ ਬੱਗ ਜੋ ਕੀੜਿਆਂ ਦੇ ਸ਼ਰੀਰ ਦਾ ਰਸ ਚੂਸਦੇ ਹਨ, ਜਦੋਂ ਕਿ ਲੇਡੀ ਬੀਟਲ ਅਤੇ ਕਰਾਈਸੋਪਾ ਜਿਹੇ ਸ਼ਿਕਾਰੀ ਇਹਨਾਂ ਕੀੜਿਆਂ ਦੇ ਅੰਡੇ , ਲਾਰਵੇ, ਪਿਊਪੇ ਅਤੇ ਬਾਲਗ ਤੱਕ ਖਾ ਜਾਂਦੇ ਹਨ। ਮੱਕੜੀ ਅਤੇ ਪੰਛੀ ਵੀ ਅਲੱਗ-ਅਲੱਗ ਅਵਸਥਾਵਾਂ ਸਮੇਂ ਇਹਨਾਂ ਕੀੜਿਆਂ ਨੂੰ ਖਾ ਜਾਂਦੇ ਹਨ।

ਸੋ ਕਿਸਾਨ ਵੀਰ ਇਹਨਾਂ ਮੁਫਤ ਦੇ ਕੀਟਨਾਸ਼ਕਾਂ ਦਾ ਇਸਤੇਮਾਲ ਕਰਕੇ ਜ਼ਹਰੀਲੇ ਕੀਟਨਾਸ਼ਕਾਂ ਉੱਪਰ ਹੋਣ ਵਾਲੇ ਖਰਚ ਦੇ ਨਾਲ-ਨਾਲ ਵਾਤਾਵਰਣ ਅਤੇ ਆਪਣੀ ਸੇਹਤ ਨੂੰ ਵੀ ਬਚਾ ਸਕਦੇ ਹਨ।

No comments:

Post a Comment

Thanks for your feedback